ਦੋ ਲਾੜਿਆਂ ਵਾਲੀ ਬਰਾਤ
ਦਾਦੀਆਂ-ਨਾਨੀਆਂ ਵੱਲੋਂ ਬੱਚਿਆਂ ਨੂੰ ਸੁਣਾਈਆਂ ਸੱਚੀਆਂ ਗੱਲਾਂ ਜਾਂ ਕਥਾ-ਕਹਾਣੀਆਂ ਉਨ੍ਹਾਂ ਦੇ ਮਨਾਂ ਉੱਤੇ ਅਜਿਹੀ ਸਦੀਵੀ ਛਾਪ ਛੱਡ ਜਾਂਦੀਆਂ ਹਨ ਜੋ ਤਾਉਮਰ ਮਨ ਦੇ ਕਿਸੇ ਕੋਨੇ ਵਿੱਚ ਸੁੱਤੀਆਂ ਰਹਿੰਦੀਆਂ ਹਨ। ਪਰ ਜ਼ਿੰਦਗੀ ਵਿੱਚ ਜਿਉਂ ਹੀ ਉਨ੍ਹਾਂ ਗੱਲਾਂ ਨਾਲ ਮਿਲਦੀ-ਜੁਲਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਯਾਦਾਂ ਤੁਰੰਤ ਸਿਰ ਚੁੱਕ ਲੈਂਦੀਆਂ ਹਨ। ਮੇਰੇ ਨਾਲ ਵੀ ਅਜਿਹਾ ਕੁਝ ਵਾਪਰਿਆ। ਅਜੇ ਕੁਝ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਕਿਸੇ ਸ਼ਹਿਰ ਦੀ ਖ਼ਬਰ ਨਜ਼ਰੀਂ ਪਈ ਜਿੱਥੇ ਇੱਕੋ ਲੜਕੀ ਨੂੰ ਵਿਆਹੁਣ ਲਈ ਇੱਕੋ ਦਿਨ, ਮਹਿਜ਼ ਘੰਟੇ ਕੁ ਦੇ ਫ਼ਰਕ ਨਾਲ ਦੋ ਵੱਖ-ਵੱਖ ਪਿੰਡਾਂ ਤੋਂ ਬਰਾਤਾਂ ਪਹੁੰਚ ਗਈਆਂ। ਇਹ ਖ਼ਬਰ ਪੜ੍ਹਦਿਆਂ ਹੀ ਮੇਰੀ ਦਾਦੀ ਵੱਲੋਂ ਦੱਸੀ ਇੱਕ ਸੱਚੀ ਘਟਨਾ ਦਾ ਸਾਰਾ ਮੰਜ਼ਰ ਮੇਰੀਆਂ ਅੱਖਾਂ ਮੂਹਰੇ ਸਾਕਾਰ ਹੋ ਗਿਆ, ਜਿਸ ਦੇ ਸਾਰੇ ਪਾਤਰ ਆਪਣੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ।
ਮੇਰੇ ਪਿਤਾ ਜੀ ਆਪਣੇ ਦਸ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਮੇਰੇ ਦਾਦਾ ਜੀ ਸਕੂਲ ਮਾਸਟਰ ਸਨ। ਉਨ੍ਹਾਂ ਨੇ ਆਪਣੇ ਜੇਠੇ ਪੁੱਤਰ ਦੀ ਮੰਗਣੀ ਤਾਂ ਕਰ ਦਿੱਤੀ ਪਰ ਪੁੱਤ ਦੇ ਮੱਥੇ ’ਤੇ ਸੱਜਿਆ ਸਿਹਰਾ ਵੇਖਣ ਤੋਂ ਕੁਝ ਮਹੀਨੇ ਪਹਿਲਾਂ ਹੀ ਸਾਲ 1946 ਵਿੱਚ ਮੌਤ ਦੇ ਬੇਰਹਿਮ ਪੰਜੇ ਨੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ। ਉਦੋਂ ਤੱਕ ਦੇਸ਼ ਦੀ ਵੰਡ ਦੇ ਬਣ ਰਹੇ ਹਾਲਾਤ ਦੀਆਂ ਖ਼ਬਰਾਂ ਪਿੰਡਾਂ ਤੱਕ ਪਹੁੰਚਣ ਲੱਗ ਪਈਆਂ ਸਨ। ਅਜਿਹੇ ਮਾਹੌਲ ਵਿੱਚ ਸਾਡੇ ਸਾਕ-ਸੰਬੰਧੀਆਂ ਵਿੱਚੋਂ ਬਣੇ ਇੱਕ ਵਿਚੋਲੇ ਨੇ ਜ਼ੋਰ ਪਾ ਕੇ ਪਿਤਾ ਜੀ ਦੇ ਵਿਆਹ ਦਾ ਦਿਨ ਨਿਯਤ ਕਰਵਾ ਦਿੱਤਾ। ਸਾਡੇ ਨਾਨਾ ਜੀ ਦੇ ਪਰਿਵਾਰ ਦੀ ਸੈਂਕੜੇ ਮੱਝਾਂ-ਗਾਵਾਂ ਵਾਲੀ ਇੱਕ ਵੱਡੀ ਡੇਅਰੀ ਹੁੰਦੀ ਸੀ। ਚੇਤ ਮਹੀਨੇ ਦੇ ਪੰਜਵੇਂ ਨਰਾਤੇ ਵਾਲੇ ਦਿਨ ਲਾਇਲਪੁਰ (ਹੁਣ ਫ਼ੈਸਲਾਬਾਦ, ਪਾਕਿਸਤਾਨ) ਦੇ ਬਾਹਰਵਾਰ ਡੇਅਰੀ ਵਾਲਿਆਂ ਦੇ ਘਰ ਬਰਾਤ ਦਾ ਢੁਕਾਅ ਹੋਣਾ ਤੈਅ ਹੋਇਆ। ਸ਼ਾਇਦ ਵਿਚੋਲੇ ਨੂੰ ਕੋਈ ਸੁੱਝੀ ਜਾਂ ਕਿਸੇ ਹੋਰ ਸਿਆਣੇ ਨੇ ਸਲਾਹ ਦਿੱਤੀ; ਵਿਆਹ ਤੋਂ ਮਹਿਜ਼ ਚਾਰ ਕੁ ਦਿਨ ਪਹਿਲਾਂ ਨਾਨਾ ਜੀ ਦੀ ਭਤੀਜੀ ਦਾ ਰਿਸ਼ਤਾ ਮੇਰੇ ਚਾਚਾ ਜੀ ਨਾਲ ਤੈਅ ਕਰ ਦਿੱਤਾ ਗਿਆ। ਫ਼ੈਸਲਾ ਹੋਇਆ ਕਿ ਦੋਵਾਂ ਭਰਾਵਾਂ ਦਾ ਵਿਆਹ ਇੱਕੋ ਦਿਨ ਅਤੇ ਇੱਕੋ ਮੰਡਪ ਹੇਠ ਹੋਵੇਗਾ।
ਘੋੜਿਆਂ, ਤਾਂਗਿਆਂ ਅਤੇ ਗੱਡਿਆਂ ’ਤੇ ਸਵਾਰ ਹੋ ਕੇ 70 ਚੱਕ ਤੋਂ ਚੱਲੀ ਬਰਾਤ ਦੁਪਹਿਰ ਤੋਂ ਬਾਅਦ ਲਾਇਲਪੁਰ ਡੇਅਰੀ ਵਾਲਿਆਂ ਦੇ ਮੁੱਖ ਗੇਟ ਮੂਹਰੇ ਜਾ ਪਹੁੰਚੀ। ਇੱਕੋ ਸਮੇਂ ਦੋ ਲਾੜਿਆਂ ਵਾਲੀ ਬਰਾਤ ਵੇਖ ਕੇ ਉੱਥੇ ਮੌਜੂਦ ਮੇਲੀਆਂ ਅਤੇ ਗੁਆਂਢੀਆਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ। ਲੋਕ ਤਾਅਨੇ-ਮਿਹਣੇ ਦੇ ਅੰਦਾਜ਼ ਵਿੱਚ ਆਖਣ ਲੱਗੇ, “ਅਮਰ ਸਿਉਂ ਨੇ ਐਹ ਕੀ ਚੰਦ ਚਾੜ੍ਹ ਲਿਆ! ਧੀ ਤਾਂ ਉਸ ਦੀ ਇੱਕੋ ਹੈ, ਪਰ ਲਾੜੇ ਦੋ ਸੱਦ ਲਏ। ਹੁਣ ਕੀ ਕਰੂ?” ਅਸਲ ਵਿੱਚ ਚਾਚਾ ਜੀ ਦਾ ਰਿਸ਼ਤਾ ਐਨ ਮੌਕੇ ’ਤੇ ਤੱਤ-ਭੜੱਤ ਵਿੱਚ ਹੋਇਆ ਸੀ ਜਿਸ ਕਰਕੇ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ। ਲੋਕਾਂ ਨੂੰ ਬਰਾਤ ਵੇਖ ਕੇ ਹੀ ਸਮਝ ਆਈ ਕਿ ਅੱਜ ਸ਼ਿੰਦੋ ਦੇ ਨਾਲ ਹੀ ਉਸ ਦੀ ਚਚੇਰੀ ਭੈਣ ਜੁਗਿੰਦਰੋ ਦੀਆਂ ਲਾਵਾਂ ਵੀ ਉਸ ਦੇ ਦਿਓਰ (ਮੇਰੇ ਚਾਚਾ ਜੀ) ਨਾਲ ਹੋਣ ਜਾ ਰਹੀਆਂ ਹਨ।
ਮੈਂ ਪੰਜ-ਛੇ ਸਾਲ ਦਾ ਹੋਵਾਂਗਾ ਜਦੋਂ ਦਾਦੀ ਨੇ ਮੈਨੂੰ ਇਹ ਗੱਲ ਪਹਿਲੀ ਵਾਰ ਦੱਸੀ। ਪਤਾ ਨਹੀਂ ਮੇਰੇ ਬਾਲ-ਮਨ ’ਤੇ ਦੋ ਲਾੜਿਆਂ ਵਾਲੀ ਗੱਲ ਦਾ ਕੀ ਅਸਰ ਹੋਇਆ, ਪਰ ਬਾਅਦ ਵਿੱਚ ਮੈਂ ਦਾਦੀ ਮੂੰਹੋਂ ਇਹੀ ਗੱਲ ਮੁੜ ਸੁਣਨ ਲਈ ਜ਼ਿੱਦ ਕਰਦਾ। ਮੈਂ ਕਈ ਸਵਾਲ ਕਰਦਾ ਕਿ ਇੱਕ ਬਰਾਤ ਦੇ ਦੋ ਲਾੜੇ ਕਿਉਂ ਨਹੀਂ ਹੋ ਸਕਦੇ? ਦਾਦੀ ਇਸ ਦਾ ਕੀ ਜਵਾਬ ਦਿੰਦੀ ਸੀ, ਇਹ ਤਾਂ ਯਾਦ ਨਹੀਂ, ਪਰ ਬਾਅਦ ਵਿੱਚ ਚਾਚੀ ਨੇ ਕਦੇ ਗੁੱਸੇ ਹੋਣਾ ਤਾਂ ਮੈਂ ਉਸ ਨੂੰ ਛੇੜ ਕੇ ਭੱਜ ਜਾਣਾ, “ਤੂੰ ਤਾਂ ਚਾਚੇ ਨਾਲ ਭੱਜ ਕੇ ਆਈ ਸੀ!” ਉਹ ਡੰਡਾ ਫੜ ਕੇ ਮੇਰੇ ਪਿੱਛੇ ਭੱਜਦੀ ਤੇ ਦਾਦੀ ਨੇ ਉਸ ਨੂੰ ਝਿੜਕਣਾ ਕਿ ਕਿਤੇ ਉਹ ਵਗਾਹ ਕੇ ਡੰਡਾ ਮਾਰ ਕੇ ਸੱਟ-ਫ਼ੇਟ ਨਾ ਲਾ ਲਵੇ।
ਚਾਚੀ ਨਾਲ ਮੇਰਾ ਇਹ ਇੱਟ-ਖੜਿੱਕਾ ਕਈ ਸਾਲ ਚੱਲਿਆ। ਉਸ ਤੋਂ ਬਾਅਦ ਜਦੋਂ ਕਿਸੇ ਨੇੜਲੇ ਪਿੰਡ ਦੋ ਭੈਣਾਂ ਦੀਆਂ ਬਰਾਤਾਂ ਆਉਣ ਦਾ ਪਤਾ ਲੱਗਦਾ, ਤਾਂ ਮੈਂ ਇਹ ਦੇਖਣ ਜਾਂਦਾ ਕਿ ਲਾੜਿਆਂ ਦੀਆਂ ਬਰਾਤਾਂ ਦੋ ਨੇ ਜਾਂ ਇੱਕ। ਪਰ ਹਰੇਕ ਥਾਂ ਦੋਵੇਂ ਬਰਾਤਾਂ ਵੱਖ-ਵੱਖ ਥਾਵਾਂ ਤੋਂ ਆਈਆਂ ਹੁੰਦੀਆਂ। ਮੈਨੂੰ ਇਹ ਮਾਣ ਜਿਹਾ ਮਹਿਸੂਸ ਹੋਣ ਲੱਗਦਾ ਕਿ ਮੇਰੇ ਮਾਪਿਆਂ ਦਾ ਵਿਆਹ ਤਾਂ ਅਨੋਖਾ ਸੀ, ਜਿਨ੍ਹਾਂ ਦੀ ਬਰਾਤ ਦੋ ਲਾੜਿਆਂ ਵਾਲੀ ਸੀ। ਉਦੋਂ ਤੋਂ ਬਾਅਦ ਜਦੋਂ ਕਿਸੇ ਖ਼ਬਰ ਵਿੱਚ ਲਾੜੇ ਜਾਂ ਬਰਾਤ ਦਾ ਜ਼ਿਕਰ ਹੋਵੇ, ਤਾਂ ਮੈਂ ਖ਼ਬਰ ਨੂੰ ਪੂਰਾ ਜ਼ਰੂਰ ਪੜ੍ਹਦਾ ਹਾਂ ਕਿ ਕਿਤੇ ਇੱਕ ਬਰਾਤ ਵਿੱਚ ਦੋ ਲਾੜੇ ਤਾਂ ਨਹੀਂ। ਮੈਨੂੰ ਲੱਗਣ ਲੱਗਦਾ ਕਿ ਮੇਰੇ ਪਿਤਾ ਦੀ ਬਰਾਤ ਵਾਲਾ ਰਿਕਾਰਡ ਅਜੇ ਵੀ ਕਾਇਮ ਹੈ। ਚਾਰ ਸਾਲ ਪਹਿਲਾਂ ਅੱਜ ਵਾਲੀ ਤਾਰੀਖ਼ ਨੂੰ ਪਿਤਾ ਜੀ ਉਮਰ ਦੇ ਸੌਵੇਂ ਸਾਲ ਵਿੱਚ ਕਦਮ ਰੱਖ ਕੇ, ਚਲਦੇ-ਫਿਰਦੇ ਸਾਨੂੰ ਅਲਵਿਦਾ ਕਹਿ ਗਏ।
Share this content:



Post Comment