ਦੇਸ਼ ਕੋਲ ਕੁੱਲ 60 ਦਿਨਾਂ ਦਾ ਬਾਕੀ ਹੈ ਤੇਲ ਦਾ ਭੰਡਾਰ
ਨਵੀਂ ਦਿੱਲੀ, 27 ਮਾਰਚ – ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਕੋਲ 60 ਦਿਨਾਂ ਦਾ ਤੇਲ ਭੰਡਾਰ ਮੌਜੂਦ ਹੈ ਜਦੋਂਕਿ ਪੂਰੇ ਇਕ ਮਹੀਨੇ ਦੀ ਐੱਲ ਪੀ ਜੀ ਸਪਲਾਈ ਦਾ ਪ੍ਰਬੰਧ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਪੈਟਰੋਲ, ਡੀਜ਼ਲ ਜਾਂ ਐੱਲ ਪੀ ਜੀ ਦੀ ਕੋਈ ਕਿੱਲਤ ਨਹੀਂ ਹੈ। ਕਿੱਲਤ ਸਬੰਧੀ ਰਿਪੋਰਟਾਂ ‘ਮਿੱਥ ਕੇ ਕੀਤਾ ਜਾ ਰਿਹਾ ਗੁਮਰਾਹਕੁਨ ਪ੍ਰਚਾਰ’ ਹਨ, ਜਿਸ ਦਾ ਮੰਤਵ ਅਫ਼ਰਾ ਤਫ਼ਰੀ ’ਚ ਖ਼ਰੀਦਦਾਰੀ ਨੂੰ ਹਵਾ ਦੇਣਾ ਹੈ।
ਪੈਟਰੋਲ ਪੰਪਾਂ ਤੇ ਐੱਲ ਪੀ ਜੀ ਡਿਸਟ੍ਰੀਬਿਊਟਰਾਂ ਅੱਗੇ ਲੱਗੀਆਂ ਲੰਮੀਆਂ ਕਤਾਰਾਂ ਅਤੇ ਲੋਕਾਂ ਵੱਲੋਂ ਘਬਰਾਹਟ ’ਚ ਖ਼ਰੀਦਦਾਰੀ ਦੀਆਂ ਰਿਪੋਰਟਾਂ ਦਰਮਿਆਨ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕੱਚੇ ਤੇਲ, ਈਂਧਨ ਤੇ ਐੱਲ ਪੀ ਜੀ ਦੇ ਸਟਾਕ ਬਾਰੇ ਪਹਿਲੀ ਵਾਰ ਵੇਰਵੇ ਨਸ਼ਰ ਕੀਤੇ ਹਨ। ਇਸ ਦੇ ਨਾਲ ਹੀ ਸਰਕਾਰੀ ਮਾਲਕੀ ਵਾਲੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ ਜਾਂ ਲਿਕੁਈਫਾਈਡ ਪੈਟਰੋਲੀਅਮ ਗੈਸ (ਐੱਲ ਪੀ ਜੀ) ਦੀ ਕੋਈ ਘਾਟ ਨਹੀਂ ਤੇ ਸਪਲਾਈ ਸਥਿਰ ਹੈ।
ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਦੇਸ਼ ਦੇ ਸਾਰੇ ਪੈਟਰੋਲ ਪੰਪਾਂ ’ਤੇ ਢੁੱਕਵੇਂ ਭੰਡਾਰ ਮੌਜੂਦ ਹਨ ਤੇ ਆਮ ਵਾਂਗ ਚੱਲ ਰਹੇ ਹਨ। ਇਰਾਨ ਜੰਗ ਨਾਲ ਕੱਚੇ ਤੇਲ ਦੀ ਅੱਧੀ ਸਪਲਾਈ ਉੱਤੇ ਅਸਰ ਪਿਆ ਹੈ ਤੇ ਦੇਸ਼ ਨੇ ਵੱਖ-ਵੱਖ ਸਰੋਤਾਂ ਤੋਂ ਅਗਲੇ 60 ਦਿਨਾਂ ਲਈ ਚੋਖੀ ਕੱਚੇ ਤੇਲ ਦੀ ਸਪਲਾਈ ਹਾਸਲ ਕਰ ਲਈ ਹੈ। ਮੰਤਰਾਲੇ ਨੇ ਕਿਹਾ ਕਿ 800,000 ਟਨ ਐੱਲ ਪੀ ਜੀ ਕਾਰਗੋ ਸੁਰੱਖਿਅਤ ਕਰ ਲਏ ਗਏ ਹਨ ਅਤੇ ਇੱਕ ਪੂਰੇ ਮਹੀਨੇ ਦੀ ਸਪਲਾਈ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ।
Share this content:



Post Comment