ਦੂਸਰੀ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 3 ਮਈ ਨੂੰ ਫਗਵਾੜਾ ਵਿਖੇ ਹੋਵੇਗੀ

-ਕਾਨਫਰੰਸ ਵਿੱਚ ਬਾਲ ਲੇਖਕਾਂ ਦੀਆਂ 19 ਪੁਸਤਕਾਂ ਲੋਕ ਅਰਪਨ ਕੀਤੀਆਂ ਜਾਣਗੀਆਂ- ਸੁੱਖੀ ਬਾਠ
ਫਗਵਾੜਾ, 29 ਅਪ੍ਰੈਲ ( ਏ.ਡੀ.ਪੀ. ਨਿਊਜ਼) ਪ੍ਰਾਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਤਹਿਤ 3 ਮਈ 2026 ਨੂੰ ਦੂਸਰੀ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਫਗਵਾੜਾ ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਦਿਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਵਿੱਚ ਪੰਜਾਬ ਦੇ ਸਾਰੇ ਜ਼ਿਲਿਆਂ ਤੋਂ ਇਲਾਵਾ ਬਾਹਰਲੇ ਰਾਜਾਂ ਅਤੇ ਹੋਰ ਦੇਸ਼ਾਂ ਤੋਂ 600 ਦੇ ਲਗਭਗ ਬਾਲ ਲੇਖਕ ਭਾਗ ਲੈ ਰਹੇ ਹਨ। ਇਸ ਸਮੇਂ 19 ਜ਼ਿਲਿਆਂ ਦੇ ਲੇਖਕਾਂ ਦੀਆਂ 19 ਕਿਤਾਬਾਂ ਲੋਕ ਅਰਪਨ ਕੀਤੀਆਂ ਜਾਣਗੀਆਂ। ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਬਾਲ ਸਾਹਿਤ ਨਾਲ ਜੁੜੇ ਲੇਖਕ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਵੀ ਪਹੁੰਚ ਰਹੇ ਹਨ ਜਿਹਨਾਂ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਗੁਰਭਜਨ ਗਿੱਲ, ਕਵੀ ਤ੍ਰੈਲੋਚਨ ਲੋਚੀ, ਪ੍ਰਸਿੱਧ ਵਿਦਵਾਨ ਐਸ.ਪੀ. ਸਿੰਘ ਸਾਬਕਾ ਵੀ.ਸੀ ਜੀ.ਐੱਨ.ਡੀ.ਯੂ., ਬੀ.ਐੱਸ. ਘੁੰਮਣ ਸਾਬਕਾ ਵੀ.ਸੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਬੱਚਿਆਂ ਲਈ ਲਿਖਣ ਵਾਲੇ ਸਾਹਿਤਕਾਰ ਕਮਲਜੀਤ ਸਿੰਘ ਨੀਲੋਂ, ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ ਦਾਊਂ , ਪ੍ਰਿੰ: ਗੁਰਮੀਤ ਸਿੰਘ ਪਲਾਹੀ, ਬਲਜਿੰਦਰ ਮਾਨ ਸ਼ਾਮਲ ਹਨ।
ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮਕਸਦ ਬਾਲ ਸਾਹਿਤਕਾਰਾਂ ਨੂੰ ਅੱਗੇ ਲਿਆਕੇ ਉਹਨਾਂ ਦੀ ਕਲਾ ਨਿਖਾਰ ਕੇ ਉਚਾਈਆਂ ’ਤੇ ਪਹੁੰਚਾਉਣਾ ਹੈ।
ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਦੇ 23 ਜ਼ਿਲਿਆਂ ਵਿੱਚ ਸਾਹਿਤ ਨੂੰ ਪਿਆਰ ਕਰਨ ਵਾਲੇ ਅਧਿਆਪਕ, ਲਾਇਬ੍ਰੇਰੀਅਨ ਅਤੇ ਸਾਹਿਤ ਪ੍ਰੇਮੀ ਇਸ ਪ੍ਰਾਜੈਕਟ ਨਾਲ ਜੁੜੇ ਬੱਚਿਆਂ ਤੋਂ ਰਚਨਾਵਾਂ ਇਕੱਤਰ ਕਰਦੇ ਹਨ ਅਤੇ ਪੰਜਾਬ ਦੇ ਹਰ ਜ਼ਿਲੇ ਵਿੱਚ ਕਿਤਾਬਾਂ ਛਾਪਕੇ ਲੋਕ ਅਰਪਨ ਕੀਤੀਆਂ ਜਾਂਦੀਆਂ ਹਨ। ਪੰਜਾਬ ਤੋਂ ਇਲਾਵਾ ਰਾਜਸਥਾਨ, ਮਹਾਂਰਾਸ਼ਟਰ, ਦਿੱਲੀ, ਹਿਮਾਚਲ ’ਚ ਵੀ ਇਹ ਪ੍ਰਾਜੈਕਟ ਬਾਖ਼ੂਬੀ ਚਲ ਰਿਹਾ ਹੈ ਅਤੇ ਪਾਕਿਸਤਾਨ ਦੇ 17 ਜ਼ਿਲ੍ਹਿਆਂ ਤੋਂ ਇਲਾਵਾ ਇੰਗਲੈਂਡ, ਫਰਾਂਸ, ਅਸਟਰੇਲੀਆ, ਅਮਰੀਕਾ, ਇਟਲੀ, ਯੁਗਾਂਡਾ ਵਿੱਚ ਵੀ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰਾਜੈਕਟ ’ਚ ਹੁਣ ਤੱਕ 7000 ਬਾਲ ਲੇਖਕਾਂ ਦੀਆਂ 70 ਕਿਤਾਬਾਂ ਛਾਪਕੇ ਲੋਕ ਅਰਪਨ ਕੀਤੀਆਂ ਗਈਆਂ ਅਤੇ 16000 ਦੇ ਲਗਭਗ ਬਾਲ ਲੇਖਕ ਇਸ ਪ੍ਰਾਜੈਕਟ ਨਾਲ ਜੁੜੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਕਹਾਣੀਕਾਰ ਰਵਿੰਦਰ ਚੋਟ, ਪ੍ਰਾਜੈਕਟ ਇੰਚਾਰਜ, ਉਕਾਂਰ ਸਿੰਘ ਤੇਜੇ, ਸਤੀਸ਼ ਜੌੜਾ ਹਾਜ਼ਰ ਸਨ।
Share this content:



Post Comment