Loading Now

ਦਿੱਲੀ ਵਿੱਚ 150 ਨਵੀਆਂ ਇਲੈਕਟ੍ਰਿਕ ਬੱਸਾਂ ਸ਼ਾਮਲ

ਦਿੱਲੀ ਵਿੱਚ 150 ਨਵੀਆਂ ਇਲੈਕਟ੍ਰਿਕ ਬੱਸਾਂ ਸ਼ਾਮਲ

ਨਵੀਂ ਦਿੱਲੀ-  14 ਅਕਤੂਬਰ ਕੇਂਦਰੀ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਅੱਜ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਕੰਟਰੋਲ ਰੂਮ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਦੇ ਯਤਨਾਂ ਤਹਿਤ 13 ਨਵੇਂ ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਅਤੇ ਪੰਜ ਪ੍ਰਮੁੱਖ ਥਾਵਾਂ ’ਤੇ ਜਨਤਕ ਈ ਵੀ ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕਰਨ ਸਣੇ 150 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ ਟੀ ਸੀ) ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ।

ਯਾਦਵ ਨੇ ਸਮੀਖਿਆ ਦੌਰਾਨ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਦੇ 11 ਨੁਕਤਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਆਖਿਆ ਕਿ ਵੱਖ-ਵੱਖ ਏਜੰਸੀਆਂ ਦੇ ਤਾਲਮੇਲ ਸਦਕਾ ਸ਼ਹਿਰ ਦੇ ਸਭ ਤੋਂ ਪ੍ਰਦੂਸ਼ਿਤ ਆਨੰਦ ਵਿਹਾਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਨੰਦ ਵਿਹਾਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 30 ਅਗਸਤ ਨੂੰ 430 ਦਰਜ ਕੀਤਾ ਗਿਆ ਸੀ, ਜੋ ਘੱਟ ਕੇ 92 ’ਤੇ ਆ ਗਿਆ। ਉਨ੍ਹਾਂ ਨੇ ਇਸ ਸੁਧਾਰ ਦਾ ਸਿਹਰਾ ਸਰਕਾਰ, ਟਰੈਫਿਕ ਪੁਲੀਸ, ਲੋਕ ਨਿਰਮਾਣ ਵਿਭਾਗ ਅਤੇ ਹੋਰ ਏਜੰਸੀਆਂ ਦੇ ਸਹਿਯੋਗੀ ਯਤਨਾਂ ਨੂੰ ਦਿੱਤਾ। ਯਾਦਵ ਨੇ ਕਿਹਾ ਕਿ ਸਰਕਾਰ ਨੇ ਇਲੈਕਟ੍ਰਿਕ ਅਤੇ ਸੀ ਐੱਨ ਜੀ ਬੱਸਾਂ ਦੇ ਬੇੜੇ ਨੂੰ ਵਧਾ ਕੇ ਕਰੀਬ 5,500 ਤੋਂ ਵੱਧ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸੰਚਾਲਨ ਵਿੱਚ ਸਹਾਇਤਾ ਲਈ ਚਾਰਜਿੰਗ ਸਬੰਧੀ ਬੁਨਿਆਦੀ ਢਾਂਚਾ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਿੱਲੀ ਭਰ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਥਾਵਾਂ ਦੀ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਯਤਨਾਂ ਦਾ ਸਮਰਥਨ ਕਰਨ ਦਾ ਵੀ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਇੱਕ ਸਮੂਹਿਕ ਜ਼ਿੰਮੇਵਾਰੀ ਹੈ। ਗੁਪਤਾ ਨੇ ਕਿਹਾ, ‘‘ਸਾਡੀ ਸਰਕਾਰ ਇੱਕ ਪਾਸੇ ਲਗਾਤਾਰ ਨਵੀਆਂ ਇਲੈਕਟ੍ਰਿਕ ਬੱਸਾਂ ਖ਼ਰੀਦ ਰਹੀ ਹੈ, ਤਾਂ ਦੂਜੇ ਪਾਸੇ ਈ ਵੀ ਚਾਰਜਿੰਗ ਬੁਨਿਆਦੀ ਢਾਂਚੇ ਦਾ ਵੀ ਤੇਜ਼ੀ ਨਾਲ ਵਿਸਤਾਰ ਕਰ ਰਹੀ ਹੈ। ਸਾਡਾ ਸੰਕਲਪ ਦਿੱਲੀ ਵਾਸੀਆਂ ਨੂੰ ਸਾਫ਼, ਆਧੁਨਿਕ ਅਤੇ ਸੁਵਿਧਾਜਨਕ ਜਨਤਕ ਆਵਾਜਾਈ ਦੇਣਾ ਹੈ’’। ਜਾਣਕਾਰੀ ਅਨੁਸਾਰ ਸਵਾਮੀ ਵਿਵੇਕਾਨੰਦ ਆਈ ਐੱਸ ਬੀ ਟੀ ਆਨੰਦ ਵਿਹਾਰ ਤੋਂ 150 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਗੁਪਤਾ ਨੇ ਡੀ ਟੀ ਸੀ ਦੇ ਚਾਰ ਡਿਪੂਆਂ ਨੰਦ ਨਗਰੀ, ਰੋਹਿਣੀ ਸੈਕਟਰ-37, ਨੰਗਲੋਈ ਅਤੇ ਕੇਸ਼ੋਪੁਰ ਵਿੱਚ ਉੱਚ ਸਮਰੱਥਾ ਵਾਲੇ ਚਾਰਜਿੰਗ ਸਟੇਸ਼ਨਾਂ ਦਾ ਵੀ ਉਦਘਾਟਨ ਕੀਤਾ। ਇਨ੍ਹਾਂ 150 ਇਲੈਕਟ੍ਰਿਕ ਬੱਸਾਂ ਨੂੰ ਸ਼ਾਮਲ ਕਰਨ ਨਾਲ ਦਿੱਲੀ ਦੇ ਇਲੈਕਟ੍ਰਿਕ ਬੱਸ ਬੇੜੇ ਵਿੱਚ 5,238 ਬੱਸਾਂ ਹੋ ਗਈਆਂ ਹਨ। ਜਦੋਂ ਕਿ 1,750 ਸੀ ਐੱਨ ਜੀ ਬੱਸਾਂ ਹਨ। ਹੁਣ ਬੇੜੇ ਵਿੱਚ ਕੁੱਲ 6,988 ਬੱਸਾਂ ਹੋ ਗਈਆਂ ਹਨ।

Share this content:

Post Comment