ਦਿਨ ਦਿਹਾੜੇ ਪੰਜਾਬ ‘ਚ ਕਾਂਸਟੇਬਲ ਦਾ ਕਿਰਚਾਂ ਮਾਰ ਕੇ ਕਤਲ !
ਪਟਿਆਲਾ, 26 ਜਨਵਰੀ – ਨਾਭਾ ਸ਼ਹਿਰ ਤੋਂ ਵੱਡੀ ਅਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜ ਤੋਂ ਛੇ ਅਣਪਛਾਤੇ ਨੌਜਵਾਨਾਂ ਵੱਲੋਂ ਹੈਡ ਕਾਂਸਟੇਬਲ ਅਮਨਦੀਪ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਵਿੱਚ ਮ੍ਰਿਤਕ ਦਾ ਭਰਾ ਨਵਦੀਪ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਅਮਨਦੀਪ ਸਿੰਘ ਨਾਭਾ ਦੀ ਪੁੱਡਾ ਕਲੋਨੀ ਦਾ ਰਹਿਣ ਵਾਲਾ ਸੀ ਅਤੇ ਪਟਿਆਲਾ ਦੇ ਸਿਵਲ ਲਾਈਨ ਥਾਣੇ ਵਿੱਚ ਹੈਡ ਕਾਂਸਟੇਬਲ ਵਜੋਂ ਤਾਇਨਾਤ ਸੀ।
‘ਤੇਜ਼ਧਾਰ ਹਥਿਆਰਾਂ ਨਾਲ ਕਤਲ’
ਜਾਣਕਾਰੀ ਮੁਤਾਬਕ, ‘ਬਜ਼ਾਰ ਵਿੱਚ ਅਮਨਦੀਪ ਸਿੰਘ ‘ਤੇ ਕਿਰਚਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦਕਿ ਉਸ ਦੇ ਭਰਾ ਨਵਦੀਪ ਸਿੰਘ ਦੇ ਸਿਰ ‘ਤੇ ਵੀ ਕਿਰਚ ਨਾਲ ਵਾਰ ਕੀਤਾ ਗਿਆ। ਜ਼ਖ਼ਮੀ ਨਵਦੀਪ ਸਿੰਘ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।’
‘ਪੁਲਿਸ ਹੀ ਸੁਰੱਖਿਅਤ ਨਹੀਂ’
ਖ਼ਾਸ ਗੱਲ ਇਹ ਹੈ ਕਿ ਛੇ ਫੁੱਟ ਕੱਦ ਦਾ ਜਵਾਨ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਕੱਲ੍ਹ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਲਈ ਡਿਊਟੀ ‘ਤੇ ਜਾਣ ਵਾਲਾ ਸੀ। ਇਸ ਮੌਕੇ ਮ੍ਰਿਤਕ ਦੀ ਭੈਣ ਨੇ ਰੋਦਿਆਂ ਹੋਇਆਂ ਦੱਸਿਆ ਕਿ ਅਮਨਦੀਪ ਸਿੰਘ ਕੱਲ੍ਹ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਣਾ ਸੀ। ਕੁਝ ਸਮਾਂ ਪਹਿਲਾਂ ਹੀ ਸਾਨੂੰ ਫ਼ੋਨ ਆਇਆ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਜਦੋਂ ਪੰਜਾਬ ਪੁਲਿਸ ਦਾ ਮੁਲਾਜ਼ਮ ਮੇਰਾ ਭਰਾ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ।
‘ਕਿਰਚ ਨਾਲ ਹਮਲਾ’
ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ‘ਅਮਨਦੀਪ ਸਿੰਘ ਨੂੰ ਬਰੋਡ ਡੈਡ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਦਕਿ ਉਸ ਦੇ ਭਰਾ ਨਵਦੀਪ ਸਿੰਘ ਦੇ ਸਿਰ ‘ਤੇ ਛੇ ਟਾਂਕੇ ਲਗਾਏ ਗਏ ਹਨ। ਦੋਹਾਂ ‘ਤੇ ਕਿਰਚਾਂ ਨਾਲ ਹਮਲਾ ਕੀਤਾ ਗਿਆ ਸੀ।’
‘ਬਰੀਕੀ ਨਾਲ ਜਾਂਚ’
ਨਾਭਾ ਦੇ ਐਸਐਚਓ ਸੌਰਵ ਸਬਰਵਾਲ ਨੇ ਕਿਹਾ ਕਿ ਹੈਡ ਕਾਂਸਟੇਬਲ ਅਮਨਦੀਪ ਸਿੰਘ ਦੀ ਹੱਤਿਆ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
Share this content:



Post Comment