Loading Now

ਦਾਊਦ ਇਬਰਾਹੀਮ ਦੀ ਡੀ-ਕੰਪਨੀ ਨੂੰ ‘ਭਾਰਤ-ਆਧਾਰਿਤ’ ਦੱਸਣ ’ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ

ਦਾਊਦ ਇਬਰਾਹੀਮ ਦੀ ਡੀ-ਕੰਪਨੀ ਨੂੰ ‘ਭਾਰਤ-ਆਧਾਰਿਤ’ ਦੱਸਣ ’ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ

22, ਅਕਤੂਬਰ – ਸੰਯੁਕਤ ਰਾਸ਼ਟਰ (UN) ਦੇ ਇੱਕ ਵਿਸ਼ੇਸ਼ ਰਿਪੋਰਟਰ (ਸਪੈਸ਼ਲ ਰੈਪੋਰਟੀਅਰ) ਨੇ ਗੈਂਗਸਟਰ ਦਾਊਦ ਇਬ੍ਰਾਹੀਮ ਦੀ ‘ਡੀ-ਕੰਪਨੀ’ ਨੂੰ ਭਾਰਤ-ਆਧਾਰਿਤ ਅਪਰਾਧਿਕ ਸਮੂਹ ਦੱਸਿਆ। ਇਸ ‘ਤੇ ਭਾਰਤ ਨੇ ਯੂ.ਐੱਨ. ਨੂੰ ਖਰੀਆਂ-ਖਰੀਆਂ ਸੁਣਾਈਆਂ ਅਤੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਭਾਰਤ ਨੇ ਰਿਪੋਰਟ ’ਚ ਮੌਜੂਦ ਵੱਡੀਆਂ ਗਲਤੀਆਂ ਵੱਲ ਇਸ਼ਾਰਾ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਨਲਾਇਕੀ/ਅਸਮਰੱਥਾ ਨਾਲ ਸੰਯੁਕਤ ਰਾਸ਼ਟਰ ਵਰਗੀ ਗਲੋਬਲ ਸੰਸਥਾ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਰਘੂ ਪੁਰੀ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਤੀਜੀ ਕਮੇਟੀ ਵਿੱਚ ਅੱਤਵਾਦ ਦਾ ਮੁਕਾਬਲਾ ਕਰਦੇ ਹੋਏ ਮਨੁੱਖੀ ਅਧਿਕਾਰਾਂ ਅਤੇ ਮੌਲਿਕ ਆਜ਼ਾਦੀਆਂ ਦੇ ਪ੍ਰਚਾਰ ਅਤੇ ਸੁਰੱਖਿਆ ਬਾਰੇ ਵਿਸ਼ੇਸ਼ ਰਿਪੋਰਟਰ ਬੇਨ ਸਾਲ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇੱਕ ਸਖ਼ਤ ਪ੍ਰਤੀਕਿਰਿਆ ਦਿੱਤੀ।

ਭਾਰਤ ਨੇ ਕੀ ਦਿੱਤਾ ਜਵਾਬ?

ਪੁਰੀ ਨੇ ਕਿਹਾ, “ਮੇਰਾ ਪ੍ਰਤੀਨਿਧ ਮੰਡਲ ਹੋਰ ਮੰਚਾਂ ‘ਤੇ ਵੀ ਇਸ ਗੱਲ ਨੂੰ ਚੁੱਕਦਾ ਰਿਹਾ ਹੈ ਕਿ ਵਿਸ਼ੇਸ਼ ਰਿਪੋਰਟਰ (SR) ਦੁਆਰਾ ਤੱਥਾਂ ਦੀਆਂ ਗਲਤੀਆਂ ਵਾਲੀ ਰਿਪੋਰਟ ਜਾਰੀ ਕਰਨਾ ਅਤੇ ਇਸ ਲਈ ਉਨ੍ਹਾਂ ਨੂੰ ਜਵਾਬਦੇਹ ਨਾ ਠਹਿਰਾਇਆ ਜਾਣਾ, ਇੱਕ ਅਸਵੀਕਾਰਨਯੋਗ ਸਥਿਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੈਂਬਰ ਦੇਸ਼ਾਂ ਦੇ ਸਾਹਮਣੇ ਇੱਕ ਅਜਿਹੀ ਸਥਿਤੀ ਆ ਗਈ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਇਹ ਇੱਕ ਅਜਿਹੇ ਸੰਗਠਨ ਲਈ ਬਦਕਿਸਮਤੀ ਵਾਲੀ ਸਥਿਤੀ ਹੈ ਜੋ ਪਹਿਲਾਂ ਹੀ ਆਪਣੀ ਵੈਧਤਾ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਪੁਰੀ ਨੇ ਕਿਹਾ, “ਇਸ ਸੰਦਰਭ ਵਿੱਚ ਮੈਂ ਆਪਣੇ ਦੇਸ਼ ਨਾਲ ਜੁੜੀਆਂ ਕੁਝ ਬਹੁਤ ਹੀ ਸਪੱਸ਼ਟ ਗਲਤੀਆਂ ਵੱਲ ਧਿਆਨ ਦਿਵਾਉਣਾ ਚਾਹਾਂਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ 2003 ’ਚ ਸੁਰੱਖਿਆ ਪ੍ਰੀਸ਼ਦ ਨੇ ਭਾਰਤ ਸਥਿਤ ਡੀ-ਕੰਪਨੀ, ਇੱਕ ਅਪਰਾਧਿਕ ਸਮੂਹ, ਦੇ ਨੇਤਾ ਨੂੰ ਅਲ-ਕਾਇਦਾ ਨਾਲ ਸਬੰਧਾਂ ਲਈ ਸੂਚੀਬੱਧ ਕੀਤਾ ਸੀ। “ਇਹ ਇੱਕ ਲਾਈਨ, ਜੋ ਕਿ ਅਲੱਗ-ਥਲੱਗ ਪੜ੍ਹੀ ਜਾਂਦੀ ਹੈ, ਅਸਲੀਅਤ ਤੋਂ ਬਿਲਕੁਲ ਵੱਖਰੀ ਤਸਵੀਰ ਪੇਂਟ ਕਰਦੀ ਹੈ,” ਪੁਰੀ ਨੇ ਕਿਹਾ।

‘ਦਾਊਦ ਤਾਂ ਭਾਰਤ ‘ਚ ਵਾਂਟੇਡ ਹੈ’

ਪੁਰੀ ਨੇ ਡੀ-ਕੰਪਨੀ ਨੂੰ ਭਾਰਤ-ਆਧਾਰਿਤ ਦੱਸੇ ਜਾਣ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਅਪਰਾਧਿਕ ਸੰਗਠਨ ਅਤੇ ਇਸ ਦਾ ਲਿਸਟਿਡ ਸਰਗਨਾ ਦਾਊਦ ਇਬ੍ਰਾਹੀਮ, 1993 ਤੋਂ ਹੀ ਭਾਰਤ ਵਿੱਚ ਅੱਤਵਾਦੀ ਹਮਲਿਆਂ ਦੇ ਸਿਲਸਿਲੇ ਵਿੱਚ ਵਾਂਟੇਡ (ਭਗੌੜਾ) ਹਨ। ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਲ-ਕਾਇਦਾ ਪਾਬੰਦੀ ਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ, “1267 ਪਾਬੰਦੀ ਵਿਵਸਥਾ ਤਹਿਤ ਲਿਸਟਿਡ ਕੀਤੇ ਜਾਣ ਦੇ ਕਾਰਨਾਂ ਦੇ ਵੇਰਵੇ ਵਿੱਚ ਇਹ ਗੱਲ ਸਪੱਸ਼ਟ ਰੂਪ ’ਚ ਲਿਖੀ ਗਈ ਹੈ।” ਪੁਰੀ ਨੇ ਕਿਹਾ, “ਇਸ ਤੱਥ ਦਾ ਜ਼ਿਕਰ ਨਾ ਕਰਨਾ ਅਫ਼ਸੋਸਜਨਕ ਹੈ। ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਵੱਲੋਂ ਦਿਖਾਈ ਗਈ ਅਜਿਹੀ ਅਸਮਰੱਥਾ ਇਸ ਸੰਗਠਨ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ।

‘ਦਾਊਦ ਉਸੇ ਦੇਸ਼ ‘ਚ ਛੁਪਿਆ ਜਿੱਥੇ ਓਸਾਮਾ ਮਾਰਿਆ ਗਿਆ’

ਉਨ੍ਹਾਂ ਕਿਹਾ, “ਮੈਂ ਰਿਕਾਰਡ ਲਈ ਇਸ ਨੂੰ ਸਹੀ ਕਰ ਦਵਾਂ। ਇਹ ਵਿਅਕਤੀ 2003 ਦੀ ਲਿਸਟਿੰਗ ਤੋਂ ਕਾਫ਼ੀ ਪਹਿਲਾਂ ਹੀ ਭਾਰਤ ਤੋਂ ਭੱਜ ਗਿਆ ਸੀ। ਇਸੇ ਦੌਰਾਨ, ਦੇਸ਼ ਤੋਂ ਬਾਹਰ ਰਹਿੰਦਿਆਂ ਉਸ ਨੂੰ ਅਲ-ਕਾਇਦਾ ਅਤੇ ਓਸਾਮਾ ਬਿਨ ਲਾਦੇਨ ਨਾਲ ਜੁੜੇ ਹੋਣ ਕਾਰਨ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ। ਪੁਰੀ ਨੇ ਕਿਹਾ ਕਿ ਦਾਊਦ ਇਬ੍ਰਾਹੀਮ ਭਾਰਤ ਵਿੱਚ ਇੱਕ ਵਾਂਟੇਡ ਅਪਰਾਧੀ ਹੈ ਅਤੇ ਸੰਯੁਕਤ ਰਾਸ਼ਟਰ ਦੀ ਸੂਚੀ ਅਨੁਸਾਰ, ਉਹ ਉਸੇ ਦੇਸ਼ ਵਿੱਚ ਛੁਪਿਆ ਹੋਇਆ ਹੈ ਜਿੱਥੇ ਅਲ-ਕਾਇਦਾ ਦਾ ਲੀਡਰ ਓਸਾਮਾ ਬਿਨ ਲਾਦੇਨ ਮਿਲਿਆ ਸੀ ਅਤੇ ਮਾਰਿਆ ਗਿਆ ਸੀ। ਇੱਥੇ ਉਨ੍ਹਾਂ ਦਾ ਸਪੱਸ਼ਟ ਇਸ਼ਾਰਾ ਪਾਕਿਸਤਾਨ ਵੱਲ ਸੀ।

Share this content:

Post Comment