ਢਾਕਾ ਨਾਲ ਤੋੜ-ਵਿਛੋੜਾ ਸੰਭਵ ਨਹੀਂ
ਕਿਸੇ ਸਮੇਂ ਖੱਬੇ ਪੱਖੀ ਝੁਕਾਅ ਵਾਲੇ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਮਿਰਜ਼ਾ ਫਖ਼ਰੁਲ ਇਸਲਾਮ ਆਲਮਗੀਰ, ਮਾਰਚ 1971 ਵਿੱਚ ਸਿਰਫ਼ 23 ਸਾਲਾਂ ਦੇ ਸਨ। ਉਹ ਉੱਤਰੀ ਪੂਰਬੀ ਪਾਕਿਸਤਾਨ ਦੇ ਠਾਕੁਰਗਾਓਂ ਸਥਿਤ ਆਪਣੇ ਘਰ ਵਿੱਚ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪਾਕਿਸਤਾਨੀ ਫ਼ੌਜੀ ਅਧਿਕਾਰੀਆਂ ਨੇ ਪੂਰੇ ਦੇਸ਼ ਵਿੱਚ ‘ਅਪਰੇਸ਼ਨ ਸਰਚਲਾਈਟ’ ਸ਼ੁਰੂ ਕਰ ਦਿੱਤਾ ਹੈ ਅਤੇ ਨਿਹੱਥੇ ਬੰਗਲਾਦੇਸ਼ੀ ਰਾਸ਼ਟਰਵਾਦੀਆਂ, ਬੁੱਧੀਜੀਵੀਆਂ ਅਤੇ ਸਿਆਸਤਦਾਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਇਸ ਤੋਂ ਦੋ ਦਿਨ ਬਾਅਦ 27 ਮਾਰਚ ਨੂੰ ਆਲਮਗੀਰ ਅਤੇ ਉਨ੍ਹਾਂ ਦੇ ਦੋਸਤਾਂ ਨੇ ਰੇਡੀਓ ’ਤੇ ਪਾਕਿਸਤਾਨੀ ਫ਼ੌਜ ਦੇ ਤਤਕਾਲੀ ਮੇਜਰ ਜ਼ਿਆਉਰ ਰਹਿਮਾਨ ਦੀ ਆਵਾਜ਼ ਸੁਣੀ। ਮੇਜਰ ਜ਼ਿਆਉਰ ਰਹਿਮਾਨ ਨੇ ਚਿੱਟੋਗ੍ਰਾਮ (ਤਤਕਾਲੀ ਚਿਟਗਾਓਂ) ਵਿੱਚ ਆਪਣੇ ਗੁਪਤ ਟਿਕਾਣੇ ਤੋਂ ਸ਼ੇਖ਼ ਮੁਜੀਬੁਰ ਰਹਿਮਾਨ ਵੱਲੋਂ ਇੱਕ ਆਜ਼ਾਦ ਬੰਗਲਾਦੇਸ਼ ਲਈ ਜੋਸ਼ੀਲਾ ਸੁਨੇਹਾ ਦਿੱਤਾ ਸੀ। ਉਨ੍ਹਾਂ ਦੇ ਇਸ ਸੰਦੇਸ਼ ਨੂੰ ਬੀ ਬੀ ਸੀ ਅਤੇ ਰੇਡੀਓ ਆਸਟ੍ਰੇਲੀਆ ਨੇ ਪੂਰੀ ਦੁਨੀਆ ਵਿੱਚ ਪ੍ਰਸਾਰਿਤ ਕੀਤਾ।
ਮੇਜਰ ਜ਼ਿਆ ਨੇ ਆਪਣੇ ਸੁਨੇਹੇ ਦੇ ਅੰਤ ਵਿੱਚ ‘ਜੋਏ ਬਾਂਗਲਾ!’ (ਜੈ ਬਾਂਗਲਾ!) ਦਾ ਨਾਅਰਾ ਲਾਇਆ। ਇਹ ਉਹ ਪਹਿਲਾ ਮੌਕਾ ਸੀ ਜਦੋਂ ਇਹ ਨਾਅਰਾ ਗੂੰਜਿਆ। ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਇਹੀ ਨਾਅਰਾ ਆਜ਼ਾਦੀ ਦਾ ਮਹਾ-ਮੰਤਰ ਬਣ ਗਿਆ। ਇਸ ਨਾਅਰੇ ਨੇ ਇੰਦਰਾ ਗਾਂਧੀ ਅਤੇ ਜੌਰਜ ਹੈਰੀਸਨ ਵਰਗੀਆਂ ਵੱਖੋ-ਵੱਖਰੀਆਂ ਸ਼ਖ਼ਸੀਅਤਾਂ ਨੂੰ ਪ੍ਰਭਾਵਿਤ ਕੀਤਾ, ਜਦੋਂ ਕਿ ਯਾਹੀਆ ਖ਼ਾਨ ਅਤੇ ਹੈਨਰੀ ਕਿਸਿੰਜਰ ਨੂੰ ਇਹ ਬੇਹੱਦ ਨਾਪਸੰਦ ਆਇਆ। ਇਸੇ ਨਾਅਰੇ ਨੇ ਪੂਰੀ ਕੌਮ ਨੂੰ ਭਾਰਤ ਨਾਲ ਹੱਥ ਮਿਲਾਉਣ ਅਤੇ ‘ਮੁਕਤੀ ਬਾਹਿਨੀ’ ਬਣਾਉਣ ਲਈ ਲਾਮਬੰਦ ਕੀਤਾ, ਜਿਸ ਦੇ ਸਿੱਟੇ ਵਜੋਂ ਸਾਲ ਦੇ ਅੰਤ ਤੱਕ ਭਾਰਤ-ਪਾਕਿਸਤਾਨ ਯੁੱਧ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਹੋਇਆ। ਅਪਰੈਲ 1971 ਵਿੱਚ ਜਦੋਂ ਠਾਕੁਰਗਾਓਂ ਵਿੱਚ ਹਾਲਾਤ ਵਿਗੜ ਗਏ (ਇਹ ਕਸਬਾ ਚੱਕਰਵਰਤੀ ਪਰਿਵਾਰ ਦੇ ਨਾਂ ’ਤੇ ਸੀ ਜਿਨ੍ਹਾਂ ਕੋਲ ਵੱਡੀਆਂ ਜ਼ਮੀਨਾਂ ਸਨ। ਇਸ ਤੋਂ ਸਿਰਫ਼ 55 ਕਿਲੋਮੀਟਰ ਦੂਰ ਸਰਹੱਦ ਪਾਰ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਵਿੱਚ ਠਾਕੁਰਗੰਜ ਨਾਂ ਦਾ ਇਸ ਦਾ ਜੁੜਵਾਂ ਕਸਬਾ ਹੈ) ਤਾਂ ਆਲਮਗੀਰ ਅਤੇ ਉਨ੍ਹਾਂ ਦਾ ਪਰਿਵਾਰ ਨਾਗਰ ਨਦੀ ਪਾਰ ਕਰਕੇ ਭਾਰਤ ਦੇ ਪੱਛਮੀ ਦੀਨਾਜਪੁਰ ਜ਼ਿਲ੍ਹੇ ਵਿੱਚ ਦਾਖ਼ਲ ਹੋ ਗਿਆ। ਉਹ ਸ਼ਰਨਾਰਥੀਆਂ ਦੇ ਹੜ੍ਹ ਵਾਂਗ ਵਧ ਰਹੇ ਕਾਫ਼ਲੇ ਦਾ ਹਿੱਸਾ ਸਨ। ਉੱਥੇ ਇਸਲਾਮਪੁਰ ਵਿੱਚ ਇੱਕ ਸਾਈਕਲ ਰਿਪੇਅਰ ਕਰਨ ਵਾਲੇ ਦਲੀਪ ਨਾਂ ਦੇ ਵਿਅਕਤੀ ਨੇ ਸੱਤ ਜੀਆਂ ਦੇ ਇਸ ਪਰਿਵਾਰ ਨੂੰ ਅਲਮਾਰੀ ਦੇ ਪਿੱਛੇ ਬਣੇ ਇੱਕ ਕਮਰੇ ਵਿੱਚ ਸੌਣ ਦੀ ਇਜਾਜ਼ਤ ਦਿੱਤੀ। ਜੋਤੀ ਬਾਸੂ ਦੀ ਪੱਛਮੀ ਬੰਗਾਲ ਸਰਕਾਰ ਅਤੇ ਕਰਪੂਰੀ ਠਾਕੁਰ ਦੀ ਬਿਹਾਰ ਸਰਕਾਰ ਨੇ ਸ਼ਰਨਾਰਥੀਆਂ ਨੂੰ ਕੱਪੜੇ ਦਿੱਤੇ ਅਤੇ ਯੁਵਾ ਕੈਂਪਾਂ ਵਿੱਚ ਤੰਦਰੁਸਤ ਨੌਜਵਾਨਾਂ ਨੂੰ ‘ਸਿਖਲਾਈ’ ਮੁਹੱਈਆ ਕਰਵਾਈ। ਕੁਝ ਹਫ਼ਤਿਆਂ ਬਾਅਦ, ਇੰਦਰਾ ਗਾਂਧੀ ਦੀ ਸਰਕਾਰ ਨੇ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਦਖ਼ਲ ਦਿੱਤਾ ਅਤੇ ਆਲਮਗੀਰ ਸਮੇਤ ਕਈ ਹੋਰਨਾਂ ਨੂੰ ਦੇਹਰਾਦੂਨ ਵਿੱਚ ਗੰਭੀਰਤਾ ਨਾਲ ਫ਼ੌਜੀ ‘ਸਿਖਲਾਈ’ ਦਿੱਤੀ ਗਈ।
55 ਸਾਲਾਂ ਦਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਢਾਕਾ ਦੇ ਕੁਲੀਨ ਵਰਗ ਦਾ ਮੰਨਣਾ ਹੈ ਕਿ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਸੀਨੀਅਰ ਆਗੂ ਅਤੇ ਹੁਣ ਰਾਸ਼ਟਰਪਤੀ ਬਣ ਚੁੱਕੇ ਆਲਮਗੀਰ ਨੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਸ਼ੇਖ਼ ਹਸੀਨਾ ਨਾਲ ਜੁੜੇ ਵਿਵਾਦਾਂ ਨੂੰ ਪਾਸੇ ਰੱਖ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਲਈ ਦਿੱਲੀ ਜਾਣਾ ਚਾਹੀਦਾ ਹੈ। ਤਾਰਿਕ ਰਹਿਮਾਨ ਉਸੇ ਮੇਜਰ ਜ਼ਿਆ ਦੇ ਸਪੁੱਤਰ ਹਨ ਜਿਨ੍ਹਾਂ ਦੇ ‘ਜੋਏ ਬਾਂਗਲਾ’ ਨਾਅਰੇ ਨੇ ਪੂਰੀ ਦੁਨੀਆ ਵਿੱਚ ਜੋਸ਼ ਭਰ ਦਿੱਤਾ ਸੀ। ਇਸ ਨਾਅਰੇ ਤੋਂ ਕਈ ਚੀਜ਼ਾਂ ਦੇ ਨਾਂ ਪਏ ਸਨ, ਜਿਨ੍ਹਾਂ ਵਿੱਚ ਬੰਗਾਲ, ਬਿਹਾਰ, ਤ੍ਰਿਪੁਰਾ ਅਤੇ ਅਸਾਮ ਦੀਆਂ ਸਰਹੱਦਾਂ ਨੇੜੇ ਬਣਾਏ ਗਏ ਸੈਂਕੜੇ ਸ਼ਰਨਾਰਥੀ ਕੈਂਪਾਂ ਕਾਰਨ ਉਸ ਸਮੇਂ ਪੂਰੇ ਭਾਰਤ ਵਿੱਚ ਬੁਖ਼ਾਰ ਦਾ ਨਾਂ (ਜੋਏ ਬਾਂਗਲਾ ਰੋਗ) ਵੀ ਸ਼ਾਮਲ ਸੀ।
ਆਲਮਗੀਰ ਦਾ ਮੰਨਣਾ ਹੈ ਕਿ ਇੱਕ ਔਰਤ, ਭਾਵ ਸ਼ੇਖ਼ ਹਸੀਨਾ (ਭਾਵੇਂ ਉਹ ਬੰਗਬੰਧੂ ਦੀ ਧੀ ਹੋਵੇ ਜਿਨ੍ਹਾਂ ਨਾਲ ਭਾਰਤ ਦੇ ਸਭ ਤੋਂ ਨੇੜਲੇ ਰਿਸ਼ਤੇ ਰਹੇ ਹਨ) ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤਿਆਂ ਨੂੰ ਬੰਧਕ ਬਣਾ ਕੇ ਨਹੀਂ ਰੱਖ ਸਕਦੀ। 1971 ਦੀ ਆਜ਼ਾਦੀ ਦੀ ਜੰਗ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਇੱਕ ਅਜਿਹਾ ਅਟੁੱਟ ਰਿਸ਼ਤਾ ਹੈ, ਜੋ ਸਿਰਫ਼ ਲੀਡਰਾਂ ਤੱਕ ਹੀ ਸੀਮਤ ਨਹੀਂ ਹੈ। ਫ਼ਿਲਹਾਲ, ਤਾਰਿਕ ਰਹਿਮਾਨ ਦਾ 23 ਤੋਂ 25 ਅਗਸਤ ਤੱਕ ਹੋਣ ਵਾਲਾ ਪ੍ਰਸਤਾਵਿਤ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਦੋਵੇਂ ਧਿਰਾਂ ਆਪਸੀ ਮਤਭੇਦਾਂ ਅਤੇ ਤਕਨੀਕੀ ਨੁਕਤਿਆਂ ਨੂੰ ਸੁਲਝਾਉਣ ਵਿੱਚ ਲੱਗੀਆਂ ਹੋਈਆਂ ਹਨ। ਪਰ ਪਿਛਲੇ ਹਫ਼ਤੇ ਬੰਗਲਾਦੇਸ਼ ਵੱਲੋਂ ਆਪਣਾ ਰੁਖ਼ ਸਖ਼ਤ ਕਰਨ ਅਤੇ ਸ਼ੇਖ਼ ਹਸੀਨਾ ਦੀ ਹਵਾਲਗੀ ਨੂੰ ਤਾਰਿਕ ਦੇ ਦੌਰੇ ਲਈ ਸ਼ਰਤ ਬਣਾਉਣ ਦੇ ਬਾਵਜੂਦ, ਪ੍ਰਧਾਨ ਮੰਤਰੀ ਮੋਦੀ ਦੇ ਸੁਲਾਹ-ਸਫ਼ਾਈ ਵਾਲੇ ਸੰਦੇਸ਼ ਦੇ ਮਹੱਤਵ ਨੂੰ ਢਾਕਾ ਵੱਲੋਂ ਅਣਡਿੱਠ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਇਹ ਪਹਿਲਕਦਮੀ ਕਰਨੀ ਜ਼ਰੂਰੀ ਸੀ। ਉਨ੍ਹਾਂ ਨੇ ਤਾਰਿਕ ਨੂੰ ਭੇਜੇ ਸੁਨੇਹੇ ਵਿੱਚ ਕਿਹਾ,‘‘ ਆਓ, ਅਸੀਂ ਤੁਹਾਨੂੰ ਪੂਰਾ ਮਾਣ-ਸਤਿਕਾਰ ਦੇਵਾਂਗੇ।’’ ਉਹ ਇਸ ਗੱਲੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਸ਼ੇਖ਼ ਹਸੀਨਾ ਦੀ 5 ਅਗਸਤ ਦੀ ਪ੍ਰੈੱਸ ਕਾਨਫਰੰਸ ਨੇ ਤਾਰਿਕ ਨੂੰ ਖ਼ਾਸਾ ਨਾਰਾਜ਼ ਕਰ ਦਿੱਤਾ ਹੈ। ਮੋਦੀ ਬਹੁਤ ਜਲਦੀ ਸਮਝ ਗਏ ਕਿ ਹਾਲਾਤ ਨੂੰ ਸਿਰਫ਼ ਉਹੀ ਸੰਭਾਲ ਸਕਦੇ ਹਨ। ਉਹ ਸਮਝ ਗਏ ਕਿ ਬੰਗਬੰਧੂ ਦੀ ਧੀ, ਜਿਸ ਦੇ ਪਿਤਾ ਨੇ ਪਾਕਿਸਤਾਨ ਨੂੰ ਤੋੜਨ ਵਿੱਚ ਭਾਰਤ ਦੀ ਮਦਦ ਕੀਤੀ ਸੀ, ਨੂੰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹ ਇਹ ਵੀ ਸਮਝ ਗਏ ਕਿ ਦੁਨੀਆ ਬਦਲ ਚੁੱਕੀ ਹੈ ਅਤੇ ਬੰਗਲਾਦੇਸ਼ ਇੱਕ ਵਾਰ ਫਿਰ ਅਜਿਹੇ ਸਮੁੰਦਰ ਵਿੱਚ ਤੈਰ ਰਿਹਾ ਹੈ, ਜਿੱਥੇ ਚੀਨ ਅਤੇ ਪਾਕਿਸਤਾਨ ਜਿਹੀਆਂ ਸ਼ਾਰਕ ਮੱਛੀਆਂ ਚਾਰੇ ਪਾਸੇ ਘੇਰਾ ਪਾਈ ਬੈਠੀਆਂ ਹਨ। ਉਹ ਇਸ ਗੱਲ ਤੋਂ ਵੀ ਜਾਣੂ ਸਨ ਕਿ ਪ੍ਰਧਾਨ ਮੰਤਰੀ ਵਜੋਂ ਤਾਰਿਕ ਦਾ ਪਹਿਲਾ ਦੌਰਾ ਦਿੱਲੀ ਦੀ ਬਜਾਏ ਪੇਈਚਿੰਗ ਅਤੇ ਕੁਆਲਾ ਲੰਪੁਰ ਦਾ ਸੀ। ਬੰਗਲਾਦੇਸ਼ੀ ਇੰਨੇ ਦਹਾਕਿਆਂ ਬਾਅਦ ਵੀ ਰਾਵਲਪਿੰਡੀ ਦੀ ਫ਼ੌਜੀ ਲੌਬੀ ਵੱਲ ਖਿੱਚੇ ਜਾ ਰਹੇ ਹਨ ਅਤੇ ਢਾਕਾ ਵਿੱਚ ਇੱਕ ਵਾਰ ਫਿਰ ਆਈ ਐੱਸ ਆਈ ਦੇ ਜਾਸੂਸ ਸਰਗਰਮ ਹਨ।
ਬਿਨਾਂ ਸ਼ੱਕ ਪ੍ਰਧਾਨ ਮੰਤਰੀ ਜਾਣਦੇ ਹਨ ਕਿ ਭਾਰਤ ਦੇ ਪੂਰਬੀ ਹਿੱਸੇ ਦੀ ਸੁਰੱਖਿਆ ਕਰਨੀ ਕਿੰਨੀ ਜ਼ਰੂਰੀ ਹੈ। ਇਹ ਇਲਾਕਾ ਨਾ ਸਿਰਫ਼ ਦੱਖਣੀ-ਪੂਰਬੀ ਏਸ਼ੀਆ ਲਈ ਪ੍ਰਵੇਸ਼ ਦੁਆਰ ਹੈ, ਸਗੋਂ ਭਾਰਤ ਦੇ ਅੱਠ ਉੱਤਰ-ਪੂਰਬੀ ਰਾਜਾਂ ਦੀ ਸੁਰੱਖਿਆ ਲਈ ਵੀ ਮੁੱਖ ਕੇਂਦਰ ਹੈ। ਬੰਗਲਾਦੇਸ਼ ਦੀਆਂ ਸਰਹੱਦਾਂ ਭਾਰਤ ਦੇ ਪੰਜ ਸੂਬਿਆਂ ਨਾਲ ਲੱਗਦੀਆਂ ਹਨ। ਜਦੋਂ 2001 ਤੋਂ 2006 ਦੌਰਾਨ ਤਾਰਿਕ ਦੀ ਮਾਂ ਖ਼ਾਲਿਦਾ ਜ਼ਿਆ ਪ੍ਰਧਾਨ ਮੰਤਰੀ ਸਨ ਅਤੇ ਉੱਥੇ ਬੀ ਐੱਨ ਪੀ ਦੀ ਸਰਕਾਰ ਸੀ ਤਾਂ ਚਿਟਗਾਓਂ ਵਿੱਚ ਹਥਿਆਰਾਂ ਦਾ ਇੱਕ ਬਹੁਤ ਵੱਡਾ ਜ਼ਖ਼ੀਰਾ ਐਨ ਮੌਕੇ ’ਤੇ ਫੜਿਆ ਗਿਆ ਸੀ।, ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਭਾਰਤ ਦੇ ਗੁਆਂਢੀ ਦੇਸ਼ ਕਾਫ਼ੀ ਹਲਚਲ ਵਿੱਚੋਂ ਲੰਘ ਰਹੇ ਹਨ। ਮੋਹਨ ਭਾਗਵਤ ਅਤੇ ਦੱਤਾਤ੍ਰੇਯ ਹੋਸਬਲੇ ਵਰਗੇ ਸੀਨੀਅਰ ਆਰ.ਐੱਸ ਐੱਸ ਆਗੂਆਂ ਵੱਲੋਂ ਰਿਸ਼ਤੇ ਬਹਾਲ ਕਰਨ ਦੀਆਂ ਅਪੀਲਾਂ ਦੇ ਬਾਵਜੂਦ ਪਾਕਿਸਤਾਨ ਨਾਲ ਸਬੰਧ ਅਜੇ ਵੀ ਠੰਢੇ ਬਸਤੇ ਵਿੱਚ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਆਖ਼ਿਰਕਾਰ ਭਾਰਤੀ ਰਾਜਦੂਤ ਨਾਲ ਮਿਲਣੀ ਕਰ ਲਈ ਹੈ, ਪਰ ਉਸ ਦਾ ਚੀਨ ਪ੍ਰਤੀ ਰਵੱਈਆ ਭਾਰਤ ਲਈ ਫ਼ਿਕਰਮੰਦੀ ਦਾ ਸਬੱਬ ਹੈ। ਭੁਟਾਨ, ਸ੍ਰੀ ਲੰਕਾ ਅਤੇ ਮਾਲਦੀਵ ਭਾਵੇਂ ਸ਼ਾਂਤ ਹਨ, ਪਰ ਉੱਥੇ ਵੀ ਚੀਨ ਦਾ ਪਰਛਾਵਾਂ ਡੂੰਘਾ ਹੁੰਦਾ ਜਾ ਰਿਹਾ ਹੈ। ਸਪੱਸ਼ਟ ਹੈ ਕਿ ਭਾਰਤ, ਬੰਗਲਾਦੇਸ਼ ਨੂੰ ਹੱਥੋਂ ਗੁਆਉਣ ਦਾ ਜੋਖ਼ਮ ਨਹੀਂ ਲੈ ਸਕਦਾ। ਇਸ ਲਈ ਪੁਰਾਣੇ ਰਾਬਤੇ ਨੂੰ ਮੁੜ ਸੁਰਜੀਤ ਕਰਨ ਦੇ ਰਾਹ ਲੱਭਣੇ ਹੀ ਪੈਣਗੇ।
ਬੇਸ਼ੱਕ, 1971 ਅਤੇ 2026 ਵਿੱਚ ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਅਮਰੀਕਾ ਨਾਲ ਭਾਰਤ ਦੇ ਸਬੰਧ ਬਹੁਤ ਜ਼ਿਆਦਾ ਮਜ਼ਬੂਤ ਹੋ ਗਏ ਹਨ। ਇਸ ਦਾ ਮਤਲਬ ਹੈ ਕਿ ਅੱਜ ਭਾਰਤ ਸਿਰਫ਼ ਬੰਗਲਾਦੇਸ਼ ਵਿੱਚ ਹੀ ਨਹੀਂ, ਸਗੋਂ ਆਪਣੇ ਸਮੁੱਚੇ ਗੁਆਂਢ ਵਿੱਚ ਅਮਰੀਕਾ ਨਾਲ ਮਿਲ ਕੇ ਬਹੁਤ ਨੇੜਿਓਂ ਕੰਮ ਕਰ ਰਿਹਾ ਹੈ। ਇਸ ਦੇ ਉਲਟ, 1971 ਵਿੱਚ ਅਮਰੀਕਾ ਅਤੇ ਪਾਕਿਸਤਾਨ ਦਾ ਗੱਠਜੋੜ ਬਹੁਤ ਪੱਕਾ ਸੀ ਪਰ ਬਾਕੀ ਇਤਿਹਾਸ ਕਿਸੇ ਤੋਂ ਲੁਕਿਆ ਨਹੀਂ ਹੈ। ਸ਼ਾਇਦ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਅਤੇ ਚੀਨ ਵਰਗੀਆਂ ਵੱਡੀਆਂ ਤਾਕਤਾਂ ਦੇ ਖੇਡਣ ਦੇ ਤਰੀਕੇ ਤੋਂ ਸਬਕ ਲੈਣਾ ਚਾਹੀਦਾ ਹੈ, ਜੋ ਇੱਕੋ ਸਮੇਂ ਛੋਟੀਆਂ ਤਾਕਤਾਂ ਨਾਲ ਸੁਲਾਹ ਵੀ ਕਰਦੀਆਂ ਹਨ ਅਤੇ ਆਪਣਾ ਬਚਾਅ ਵੀ ਕਰਦੀਆਂ ਹਨ। ਇਸ ਦੌਰਾਨ ਭਾਰਤ ਦੀ ਵਿਲੱਖਣ ਸੱਭਿਆਚਾਰਕ ਤਾਕਤ ਇਹ ਮੰਗ ਕਰਦੀ ਹੈ ਕਿ ਇਸ ਨੂੰ ਆਪਣੇ ਆਰਥਿਕ ਕੱਦ ਨਾਲੋਂ ਕਿਤੇ ਵਧ ਕੇ ਭੂਮਿਕਾ ਨਿਭਾਉਣੀ ਚਾਹੀਦੀ ਹੈ, ਖ਼ਾਸਕਰ ਆਪਣੇ ਗੁਆਂਢ ਵਿੱਚ, ਜਿੱਥੇ ਸਾਂਝੀ ਭਾਸ਼ਾ, ਧਰਮ, ਸੱਭਿਆਚਾਰ ਅਤੇ ਨਸਲ ਦੇ ਰਿਸ਼ਤੇ ਭਾਰਤ ਨੂੰ ਉਸ ਦੀਆਂ ਹੱਦਾਂ ਤੋਂ ਪਾਰ ਤੱਕ ਜੋੜਦੇ ਹਨ।
ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਾਰਿਕ ਰਹਿਮਾਨ ਵੱਲੋਂ ਸ਼ੇਖ਼ ਹਸੀਨਾ ਨੂੰ ਲੈ ਕੇ ਦਿਖਾਈ ਗਈ ਨਾਰਾਜ਼ਗੀ ਨੂੰ ਹਜ਼ਮ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਫ਼ਿਲਹਾਲ ਇਸ ਮੁੱਦੇ ਨੂੰ ਹਾਲ ਦੀ ਘੜੀ ਠੰਢੇ ਬਸਤੇ ਪਾ ਦਿੱਤਾ ਹੈ। ਇਸ ਮੁੱਦੇ ਨੂੰ ਜਲਦੀ ਹੀ ਪੱਕੇ ਤੌਰ ’ਤੇ ਹੱਲ ਕਰ ਲਿਆ ਜਾਵੇਗਾ। ਸੰਭਾਵਨਾ ਇਹ ਹੈ ਕਿ ਜਦੋਂ ਸ਼ੇਖ ਹਸੀਨਾ ਦਸੰਬਰ ਵਿੱਚ ਬੰਗਲਾਦੇਸ਼ ਪਰਤੇਗੀ, ਜਿਸ ਦਾ ਉਸ ਨੇ ਜਨਤਕ ਤੌਰ ’ਤੇ ਵਾਅਦਾ ਕੀਤਾ ਹੈ, ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ ਅਤੇ ਦਿੱਲੀ ਤੇ ਢਾਕਾ ਵਿਚਕਾਰ ਸਭ ਤੋਂ ਮਹੱਤਵਪੂਰਨ ਰਿਸ਼ਤੇ ਨੂੰ ਮੁੱਖ ਰੱਖਿਆ ਜਾਵੇਗਾ। ਇਸੇ ਕਰਕੇ ਭਾਰਤ ਅਤੇ ਉਸ ਦੇ ਸਾਰੇ ਗੁਆਂਢੀਆਂ ਵਿਚਾਲੇ ਰਿਸ਼ਤੇ ਆਸਮਾਨ ਜਿੰਨੇ ਉੱਚੇ ਹੋਣੇ ਚਾਹੀਦੇ ਹਨ, ਜਿਸ ਵਿੱਚ ਕਰਾਕੋਰਮ ਤੋਂ ਲੈ ਕੇ ਕਾਕਸ ਬਾਜ਼ਾਰ ਤੱਕ ਦਾ ਦਾਇਰਾ ਸ਼ਾਮਲ ਹੈ। ਗੁਆਂਢੀਆਂ ਨੂੰ ‘ਪਹਿਲਾਂ ਭਾਰਤ’ ਦੀ ਨੀਤੀ ਅਪਣਾਉਣੀ ਚਾਹੀਦੀ ਹੈ, ਪਰ ਇਸ ਦੇ ਨਾਲ ਹੀ ਭਾਰਤ ਨੂੰ ਵੀ ‘ਪਹਿਲਾਂ ਗੁਆਂਢੀ’ ਦੀ ਸੋਚ ’ਤੇ ਪਹਿਰਾ ਦੇਣਾ ਪਵੇਗਾ, ਜਿਸ ਦਾ ਅਸਲ ਅਰਥ ਖੁੱਲ੍ਹਾ ਬਟੂਆ ਅਤੇ ਖੁੱਲ੍ਹਾ ਦਿਲ ਰੱਖਣਾ ਹੈ। ਯਕੀਨਨ, ਇੰਨੇ ਵੰਨ-ਸੁਵੰਨੇ ਗੁਆਂਢ ਨਾਲ ਨਜਿੱਠਣਾ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਅਤੇ ਆਪਸੀ ਭਰੋਸਾ ਬਹਾਲ ਕਰਨ ਵਿੱਚ ਸਮਾਂ ਲੱਗੇਗਾ।
Share this content:



Post Comment