ਟੇਮਜ਼ ਨਦੀ ਦੇ ਕੰਢੇ ਪਹਿਲੀ ਵਾਰ ਹੋਈ ‘ਗੰਗਾ ਆਰਤੀ
ਲੰਡਨ, 14 ਸਤੰਬਰ – ਯੂਕੇ ਦੀ ਰਾਜਧਾਨੀ ਲੰਡਨ ਵਿੱਚ ਐਤਵਾਰ ਨੂੰ ਉਸ ਵੇਲੇ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਜਦੋਂ ਟੇਮਜ਼ ਨਦੀ ਦੇ ਕੰਢੇ ਪਹਿਲੀ ਵਾਰ ‘ਗੰਗਾ ਆਰਤੀ’ ਕਰਵਾਈ ਗਈ। ਪ੍ਰਕਾਸ਼ ਅਤੇ ਧੰਨਵਾਦ ਦੇ ਇਸ ਰਵਾਇਤੀ ਸਮਾਰੋਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਹ ਸਮਾਗਮ ਚਿਨਮਯ ਮਿਸ਼ਨ ਯੂਕੇ ਵੱਲੋਂ ਸਾਲਾਨਾ ‘ਟੋਟਲੀ ਟੇਮਜ਼’ ਫੈਸਟੀਵਲ ਦੇ ਸਹਿਯੋਗ ਨਾਲ ਆਪਣੀ ਸੰਸਥਾ ਦੇ 75 ਸਾਲ ਪੂਰੇ ਹੋਣ ਦੇ ਵਿਸ਼ਵ ਵਿਆਪੀ ਜਸ਼ਨਾਂ ਦੇ ਹਿੱਸੇ ਵਜੋਂ ਉਲੀਕਿਆ ਗਿਆ ਸੀ। ਭਾਰਤ ਵਿੱਚ ਗੰਗਾ ਨਦੀ ਦੇ ਕੰਢੇ ਹੋਣ ਵਾਲੀ ਵਿਸ਼ਵ ਪ੍ਰਸਿੱਧ ਆਰਤੀ ਦੀ ਤਰਜ਼ ’ਤੇ ਲੰਡਨ ਵਿੱਚ ਕਰਵਾਇਆ ਗਿਆ ਇਹ ਸਮਾਗਮ ਕੁਦਰਤ, ਗਿਆਨ ਅਤੇ ਚੇਤਨਾ ਦੇ ਜੀਵਨ-ਦਾਤਾ ਪ੍ਰਵਾਹ ਦਾ ਪ੍ਰਤੀਕ ਸੀ।
ਚਿਨਮਯ ਮਿਸ਼ਨ ਯੂਕੇ ਦੀ ਰੈਜ਼ੀਡੈਂਟ ਟੀਚਰ ਬ੍ਰਹਮਚਾਰਿਣੀ ਸ਼੍ਰੀਪ੍ਰਿਆ ਚੈਤੰਨਿਆ ਨੇ ਦੱਸਿਆ, “ਪੀੜ੍ਹੀਆਂ ਤੋਂ ਲੋਕ ਨਦੀ, ਕੁਦਰਤ ਅਤੇ ਜੀਵਨ ਨੂੰ ਬਣਾਏ ਰੱਖਣ ਵਾਲੇ ਸਾਰੇ ਤੱਤਾਂ ਦਾ ਧੰਨਵਾਦ ਕਰਨ ਲਈ ਗੰਗਾ ਦੇ ਕੰਢੇ ਦੀਵੇ ਅਰਪਿਤ ਕਰਦੇ ਆਏ ਹਨ। ਟੇਮਜ਼ ਨਦੀ ’ਤੇ ਕੀਤੀ ਗਈ ਇਹ ਗੰਗਾ ਆਰਤੀ ਵੀ ਉਸੇ ਭਾਵਨਾ ਨੂੰ ਦਰਸਾਉਂਦੀ ਹੈ, ਜੋ ਸਭ ਨੂੰ ਏਕਤਾ, ਉਮੀਦ ਅਤੇ ਧੰਨਵਾਦ ਦੇ ਸਾਂਝੇ ਪਲ ਵਿੱਚ ਇੱਕਜੁੱਟ ਕਰਦੀ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਲਈ ਗੰਗਾ ਨਦੀ ਗਿਆਨ ਦੇ ਪ੍ਰਵਾਹ ਦਾ ਵੀ ਪ੍ਰਤੀਕ ਹੈ, ਕਿਉਂਕਿ ਉਨ੍ਹਾਂ ਦੇ ਸੰਸਥਾਪਕ ਸਵਾਮੀ ਚਿਨਮਆਨੰਦ ਨੇ ਵੇਦਾਂਤ ਦੇ ਸ਼ਾਸ਼ਵਤ ਗਿਆਨ ਨੂੰ ਹਿਮਾਲਿਆ ਤੋਂ ਕੱਢ ਕੇ ਲੋਕਾਂ ਦੇ ਆਮ ਜੀਵਨ ਤੱਕ ਪਹੁੰਚਾਇਆ ਸੀ।
ਵਾਤਾਵਰਨ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਸਮੁੱਚੀ ਆਰਤੀ ਪੂਰੀ ਤਰ੍ਹਾਂ ਜ਼ਮੀਨ (ਨਦੀ ਦੇ ਕੰਢੇ) ’ਤੇ ਹੀ ਕੀਤੀ ਗਈ ਅਤੇ ਕੋਈ ਵੀ ਸਮੱਗਰੀ ਜਾਂ ਦੀਵਾ ਟੇਮਜ਼ ਨਦੀ ਦੇ ਪਾਣੀ ਵਿੱਚ ਨਹੀਂ ਵਹਾਇਆ ਗਿਆ। ਚਿਨਮਯ ਮਿਸ਼ਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪਰੰਪਰਾ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਨਦੀ ਦੇ ਸੁਚੱਜ ਨੂੰ ਬਣਾਏ ਰੱਖਣ ਲਈ ਦੀਵੇ ਕੰਢੇ ’ਤੇ ਹੀ ਰੱਖੇ ਗਏ ਸਨ। ਇਸ ਦੇ ਨਾਲ ਹੀ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕੀਤਾ ਗਿਆ ਅਤੇ ਕੂੜਾ-ਕਰਕਟ ਘਟਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਆਲੇ-ਦੁਆਲੇ ਦਾ ਵਾਤਾਵਰਨ ਨੁਕਸਾਨਿਆ ਨਾ ਜਾਵੇ।
Share this content:


Post Comment