ਜੱਗ ਰੌਸ਼ਨ, ਮਨ ਹਨੇਰਾ
ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਵੀ ਕੁਝ ਲੋਕ ਜਹਾਲਤ ਅਤੇ ਫ਼ਿਰਕਾਪ੍ਰਸਤੀ ਦਾ ਹਨੇਰਾ ਫੈਲਾਉਣ ਤੋਂ ਬਾਜ਼ ਨਹੀਂ ਆਉਂਦੇ ਅਤੇ ਇਹ ਵਰਤਾਰਾ ਇਸ ਖ਼ੁਸ਼ੀ ਦੇ ਮੌਕੇ ਤੁਹਾਡੇ ਮਨ ਨੂੰ ਬੇਸਕੂਨ ਕਰ ਦਿੰਦਾ ਹੈ। ਲੋਕਾਂ ਵੱਲੋਂ ਹਰ ਸਾਲ ਦੀਵਾਲੀ ਮੌਕੇ ਅੰਨ੍ਹੇਵਾਹ ਪਟਾਕੇ ਚਲਾਏ ਜਾਂਦੇ ਹਨ, ਜੋ ਵਾਤਾਵਰਨ ਪ੍ਰਦੂਸ਼ਣ ’ਚ ਹੋਰ ਵੀ ਵਾਧਾ ਕਰਦੇ ਹਨ। ਇਸੇ ਲਈ ਬੌਂਬੇ ਹਾਈਕੋਰਟ ਨੇ ਵੀ ਲੋਕਾਂ ਨੂੰ ਵਾਤਾਵਰਨ ਬਾਰੇ ਸੁਚੇਤ ਕਰਦਿਆਂ ਸੁਪਰੀਮ ਕੋਰਟ ਦੀਆਂ 29 ਅਕਤੂਬਰ 2026 ਨੂੰ ਆਈਆਂ ਮਿੱਥੇ ਸਮੇਂ ਦੌਰਾਨ ਹੀ ਗਰੀਨ ਪਟਾਕੇ ਚਲਾਉਣ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਹੈ। ਇਨ੍ਹਾਂ ਹੁਕਮਾਂ ਮਗਰੋਂ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਨੇ ਵੱਖ-ਵੱਖ ਕਲਾਕਾਰਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਇਸ ਸਬੰਧੀ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਆ। ਹੋਰ ਕਲਾਕਾਰਾਂ ਦੇ ਨਾਲ ਅਦਾਕਾਰਾ ਦੀਆ ਮਿਰਜ਼ਾ ਵੀ ਪ੍ਰਦੂੁਸ਼ਣ ਖ਼ਿਲਾਫ਼ ਬੀ ਐੱਮ ਸੀ ਦੀ ਇਸ ਮੁਹਿੰਮ ਦਾ ਹਿੱਸਾ ਸੀ ਅਤੇ ਬੀ ਐੱਮ ਸੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ’ਤੇ ਦੀਆ ਦੀ ਵੀਡੀਓ ਪੋਸਟ ਕਰਨ ਮਗਰੋਂ ਪੈਦਾ ਹੋਏ ਵਿਵਾਦ ਕਾਰਨ ਖ਼ੁਦ ਹੀ ਇਹ ਵੀਡੀਓ ਹਟਾ ਲਈ ਸੀ।
ਇਸ ਮਾਮਲੇ ’ਚ ਉੱਠੇ ਵਿਵਾਦ ਕਾਰਨ ਜਦੋਂ ਵੀਡੀਓ ਹਟਾਉਣ ਬਾਰੇ ਕਿਤੇ ਕੋਈ ਤਰਕ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਦਾ ਕੋਈ ਸਿਰਾ ਤੁਹਾਡੇ ਹੱਥ ਨਹੀਂ ਆਉਂਦਾ। ਬੀ ਐੱਮ ਸੀ (ਜਿਸ ਵਿੱਚ ਭਾਜਪਾ ਦਾ ਬਹੁਮਤ ਹੈ) ਨੇ ਖ਼ੁਦ ਅਦਾਕਾਰਾ ਤੱਕ ਪਹੁੰਚ ਕੀਤੀ ਸੀ ਅਤੇ ਬੀ ਐੱਮ ਸੀ ਦੀ ਹੀ ਮੇਅਰ ਰਿਤੂ ਤਾਵੜੇ (ਭਾਜਪਾ) ਵੱਲੋਂ ਬਾਕਾਇਦਾ ਰੋਸ ਜ਼ਾਹਿਰ ਕਰਦਿਆਂ ਇਹ ਵੀਡੀਓ ਹਟਾਉਣ ਦੀ ਮੰਗ ਕੀਤੀ ਗਈ ਸੀ। ਕੀ ਰਿਤੂ ਤਾਵੜੇ ਨੂੰ ਇਸ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ? ਦੀਆ ਮਿਰਜ਼ਾ ਦੀ ਅਪੀਲ ਨੂੰ ਮਜ਼ਹਬ ਨਾਲ ਜੋੜ ਕੇ ਇਉਂ ਪੇਸ਼ ਕੀਤਾ ਗਿਆ ਜਿਵੇਂ ਉਹ ਇਸ ਤਿਉਹਾਰ ਨੂੰ ਮਨਾਉਣ ਵਿੱਚ ਕੋਈ ਵਿਘਨ ਪਾਉਣਾ ਚਾਹੁੰਦੀ ਹੋਵੇ ਜਦੋਂਕਿ ਉਸ ਨੇ ਤਾਂ ਇਸ ਵੀਡੀਓ ਵਿੱਚ ਲੋਕਾਂ ਨੂੰ ਵਾਤਾਵਰਨ ਬਾਰੇ ਜਾਗਰੂਕ ਕਰਦਿਆਂ ਪਟਾਕਿਆਂ ਸਬੰਧੀ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ। ਮੁੰਬਈ ਦੀ ਇੱਕ ਹੋਰ ਭਾਜਪਾ ਆਗੂ ਸ਼ਾਇਨਾ ਐੱਨ ਸੀ ਨੇ ਤਾਂ ਖ਼ੁਦ ਵੀਡੀਓ ਬਣਾ ਕੇ ਇਸ ਮਾਮਲੇ ਨੂੰ ਤੂਲ ਦਿੰਦਿਆਂ ਕਿਹਾ ਕਿ ਦੀਵਾਲੀ ਕਿਵੇਂ ਮਨਾਉਣੀ ਚਾਹੀਦੀ ਹੈ, ਇਸ ਲਈ ਉਸ (ਦੀਆ ਮਿਰਜ਼ਾ) ਦੀ ਸਲਾਹ ਦੀ ਲੋੜ ਨਹੀਂ ਹੈ। ਸ਼ਾਇਨਾ ਨੇ ਅੱਗੇ ਜੋ ਕੁਝ ਕਿਹਾ, ਉਸ ਦਾ ਭਾਵ ਇਹ ਨਿਕਲਦਾ ਹੈ ਕਿ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਵਾਤਾਵਰਨ ਨੂੰ ਸਵੱਛ ਰੱਖਣ ਤੇ ਪ੍ਰਦੂਸ਼ਣ ਵਧਣ ਤੋਂ ਰੋਕਣ ਲਈ ਕੀ ਕਰਨਾ ਹੈ। ਉਸ ਦੇ ਸਹੀ ਸ਼ਬਦ ਸਨ: ‘‘ਹਰ ਨਾਗਰਿਕ ਕੋ ਪਤਾ ਹੈ ਕਿ ਪ੍ਰਦੂਸ਼ਨ ਕੇ ਊਪਰ ਧਿਆਨ ਦੇਨਾ ਹੈ, ਪਟਾਖ਼ੇ ਨਹੀਂ ਫੋੜਨੇ ਤਾਂ ਕਿ ਹਮ ਸੁਰੱਕਸ਼ਿਤ ਰਹੇਂ। … … ਕਿਸੀ ਵਿਅਕਤੀ ਕੇ ਪ੍ਰਵਚਨ ਕੀ ਜ਼ਰੂਰਤ ਨਹੀਂ ਹੈ। ਯੇ ਇੰਟਰੋਸਪੈਕਸ਼ਨ ਹਮੇਂ ਖ਼ੁਦ ਕਰਨਾ ਹੈ।’’ ਜੇਕਰ ਸਭ ਨੂੰ ਏਨਾ ਹੀ ਪਤਾ ਹੈ ਤਾਂ ਸੁਪਰੀਮ ਕੋਰਟ ਤੇ ਬੌਂਬੇ ਹਾਈਕੋਰਟ ਨੂੰ ਇਸ ਬਾਰੇ ਨਿਰਦੇਸ਼ ਦੇਣ ਅਤੇ ਬੀ ਐੱਮ ਸੀ ਨੂੰ ਇਨ੍ਹਾਂ ਹੁਕਮਾਂ ਬਾਰੇ ਕਲਾਕਾਰਾਂ ਤੋਂ ਵੀਡੀਓਜ਼ ਬਣਵਾਉਣ ਦੀ ਲੋੜ ਹੀ ਕੀ ਸੀ?
ਬੀ ਐੱਮ ਸੀ ਵੱਲੋਂ ਦੀਆ ਦੀ ਵੀਡੀਓ ਹਟਾਏ ਜਾਣ ਤੋਂ ਬਾਅਦ ਹਾਈਕੋਰਟ ਨੇ ਮਾਮਲੇ ’ਚ ਦਖ਼ਲ ਦਿੰਦਿਆਂ ਨਿਰਦੇਸ਼ ਦਿੱਤਾ ਕਿ ਇਹ ਵੀਡੀਓ ਦੁਬਾਰਾ ਪੋਸਟ ਕੀਤੀ ਜਾਵੇ ਕਿਉਂਕਿ ਹਵਾ ਕੋਈ ਵੰਡੀ ਹੋਈ ਨਹੀਂ ਸਗੋਂ ਸਭ ਦੀ ਸਾਂਝੀ ਹੈ, ਸਾਰੇ ਫ਼ਿਰਕਿਆਂ ਦੇ ਲੋਕ ਇੱਕੋ ਹਵਾ ਵਿੱਚ ਸਾਹ ਲੈਂਦੇ ਹਨ। ਇਸ ਮਾਮਲੇ ਬਾਰੇ ਦਿਲਚਸਪ ਗੱਲ ਇਹ ਹੈ ਕਿ ਅਦਾਕਾਰਾ ਮਾਧੁਰੀ ਦੀਕਸ਼ਿਤ ਅਤੇ ਹੋਰ ਕਲਾਕਾਰਾਂ ਨੇ ਵੀ ਇਸ ਮੁਹਿੰਮ ਤਹਿਤ ਬਣਾਈਆਂ ਵੀਡੀਓਜ਼ ਵਿੱਚ ਉਹੀ ਅਪੀਲ ਕੀਤੀ ਹੈ, ਜੋ ਦੀਆ ਮਿਰਜ਼ਾ ਨੇ ਕੀਤੀ ਹੈ ਪਰ ਨਿਸ਼ਾਨਾ ਸਿਰਫ਼ ਦੀਆ ਹੀ ਬਣੀ, ਸ਼ਾਇਦਾ ‘ਮਿਰਜ਼ਾ’ ਹੋਣ ਕਰਕੇ। ਇਸ ਵੇਲੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ। ਦਿੱਲੀ ਵਿੱਚ ਸ਼ਨਿੱਚਰਵਾਰ ਰਾਤ ਗਿਆਰਾਂ ਵਜੇ ਤੋਂ ਬਾਅਦ ਏ ਕਿਊ ਆਈ 698 ਸੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ। ਕਮਾਲ ਹੈ! ਜੇਕਰ ਮਾਧੁਰੀ ਨੇ ਲੋਕਾਂ ਨੂੰ ਪਟਾਕੇ ਸੀਮਿਤ ਸਮੇਂ ਲਈ ਚਲਾਉਣ ਦੀ ਸਲਾਹ ਦਿੱਤੀ ਤਾਂ ਠੀਕ, ਪਰ ਜੇਕਰ ਦੀਆ ਮਿਰਜ਼ਾ ਨੇ ਉਹੀ ਗੱਲ ਕਰ ਦਿੱਤੀ ਤਾਂ… … …? ਅਜਿਹੀ ਸੋਚ ਸਾਨੂੰ ਰੌਸ਼ਨੀ ਵੱਲ ਤਾਂ ਹਰਗਿਜ਼ ਨਹੀਂ ਲਿਜਾਂਦੀ। ਦੀਆ ਮਿਰਜ਼ਾ ਵੱਲੋਂ ਤਾਂ ਵਾਤਾਵਰਨ ਬਚਾਉਣ ਦਾ ਸੁਨੇਹਾ ਦੇਣ ਦਾ ਵੀ ਤਿੱਖਾ ਵਿਰੋਧ ਕੀਤਾ ਗਿਆ ਪਰ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਕਹਾਉਂਦੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਭਗਵਾਨ ਸ੍ਰੀ ਰਾਮ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਰੂਪ ਦੀ ਤੁਲਨਾ ਕਰਦਿਆਂ ਮੱਧ ਪ੍ਰਦੇਸ਼ ਵਿੱਚ ਸ਼ਿਵਪੁਰੀ ਜ਼ਿਲ੍ਹੇ ਦੇ ਕਰੇਰਾ ਵਿੱਚ ਰਾਮ ਕਥਾ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਯਕੀਨਨ ਮਰਯਾਦਾ ਦੇ ਦਾਇਰੇ ’ਚ ਤਾਂ ਨਹੀਂ ਆਉਂਦੀਆਂ। ਉਸ ਦੀਆਂ ਟਿੱਪਣੀਆਂ ਨੂੰ ਲੈ ਕੇ ਮਥਰਾ ਤੇ ਵਰਿੰਦਾਵਨ ਦੇ ਕਈ ਸੰਤਾਂ ਨੇ ਤਾਂ ਬੁਰਾ ਮਨਾਇਆ ਹੈ ਪਰ ਓਦਾਂ ਹਰ ਪਾਸੇ ਉਸ ਦੀਆਂ ਟਿੱਪਣੀਆਂ ਬਾਰੇ ਸੁੰਨ ਹੀ ਵਰਤੀ ਹੋਈ ਹੈ।
ਉਸ ਨੇ ਕਥਾ ਕਰਦੇ ਸਮੇਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਤ੍ਰਿਭੰਗ ਮੁਦਰਾ ਦਾ ਜ਼ਿਕਰ ਕਰਦਿਆਂ ਕਿਹਾ, ‘‘ਆਪ ਕੇ ਤੋ ਠਾਕੁਰ ਜੀ ਤਸਵੀਰੋਂ ਮੇਂ ਭੀ ਇਧਰ ਉਧਰ ਦੇਖਤੇ ਨਜ਼ਰ ਆਤੇ ਹੈਂ। ਤੀਨ ਜਗਹਾ ਤੋ ਟੇਢੇ ਹੈਂ: ਪੈਰ ਟੇਢੇ, ਕਮਰ ਟੇਢੀ ਔਰ ਗਰਦਨ ਟੇਢੀ।’’ ਅਜਿਹਾ ਆਖਦਿਆਂ ਉਹ ਖ਼ੁਦ ਵੀ ਟੇਢਾ ਮੇਢਾ ਹੋ ਰਿਹਾ ਸੀ। ਸ੍ਰੀ ਕ੍ਰਿਸ਼ਨ ਦੇ ਮੁਕਾਬਲੇ ਭਗਵਾਨ ਰਾਮ ਨੂੰ ਸਿੱਧਾ ਦੱਸਦਿਆਂ ਕਿਹਾ, ‘‘ਰਾਮ ਸੀਧੇ ਖੜੇ ਹੋਤੇ ਹੈਂ। ਰਾਮ ਸੀਧਾ ਨਾਮ ਹੈ, ਸੀਧੇ ਚਲਤੇ ਹੈਂ।’’ ਇੰਨਾ ਹੀ ਨਹੀਂ, ਧੀਰੇਂਦਰ ਸ਼ਾਸਤਰੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਬੰਸਰੀ ਵਜਾਉਣ ਦੀ ਤੁਲਨਾ ਮੰਚ ’ਤੇ ਬੰਸਰੀ ਵਜਾ ਰਹੇ ਇੱਕ ਵਿਅਕਤੀ ਨਾਲ ਕਰਦਿਆਂ ਕਿਹਾ, ‘‘ਇਸ (ਬੰਸਰੀ ਵਜਾਉਣ) ਮੇਂ ਕੌਨ ਸੀ ਕੋਈ ਬੜੀ ਬਾਤ ਹੈ?’’ ਧੀਰੇਂਦਰ ਸ਼ਾਸਤਰੀ ਜਿਸ ਢੰਗ ਨਾਲ ਭਗਵਾਨ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਦਰਮਿਆਨ ਤੁਲਨਾ ਕਰ ਰਿਹਾ ਸੀ, ਉਸ ਵੇਲੇ ਉਸ ਦੇ ਚਿਹਰੇ ਦੇ ਹਾਵ-ਭਾਵਾਂ ’ਤੇ ਅਧਿਆਤਮ ਦਾ ਪਰਛਾਵਾਂ ਦੂਰ-ਦੂਰ ਤੱਕ ਵੀ ਨਜ਼ਰ ਨਹੀਂ ਸੀ ਆ ਰਿਹਾ ਤੇ ਨਾ ਹੀ ਉਸ ਦੇ ਸ਼ਬਦਾਂ ਵਿੱਚੋਂ ਭਗਤੀ ਭਾਵ ਦੀ ਕੋਈ ਝਲਕ ਮਿਲਦੀ ਸੀ।
ਅਧਿਆਤਮ ਬਾਰੇ ਉਸ ਦੀ ਸਮਝ ਕੀ ਹੈ, ਇਸ ਦਾ ਅੰਦਾਜ਼ਾ ਤੁਸੀਂ ਉਸ ਵੱਲੋਂ ਸਮੇਂ-ਸਮੇਂ ਕੀਤੀਆਂ ਜਾਂਦੀਆਂ ਟਿੱਪਣੀਆਂ ਤੋਂ ਸਹਿਜੇ ਹੀ ਲਗਾ ਸਕਦੇ ਹੋ। ਧੀਰੇਂਦਰ ਸ਼ਾਸਤਰੀ ਨੇ ਇੱਕ ਵਾਰ ਭਗਵਾਨ ਸ੍ਰੀ ਰਾਮ ਦੇ ਪੰਜ ਪਿਤਾ ਹੋਣ ਦਾ ਬਿਆਨ ਦਿੱਤਾ ਸੀ। ਹੋਰ ਤਾਂ ਹੋਰ ਕੁਝ ਸਮਾਂ ਪਹਿਲਾਂ ਉਸ ਨੇ ਔਰਤਾਂ ਬਾਰੇ ਟਿੱਪਣੀ ਕਰਦਿਆਂ ਆਖਿਆ ਸੀ ਕਿ ਜਿਸ ਔਰਤ ਦੇ ਗਲ ’ਚ ਮੰਗਲਸੂਤਰ ਨਾ ਹੋਵੇ ਅਤੇ ਮਾਂਗ ’ਚ ਸਿੰਧੂਰ ਨਾ ਹੋਵੇ, ਸਮਝ ਲਉ ਉਹ ਖਾਲੀ ਪਲਾਟ ਹੈ। ਇਸੇ ਤਰ੍ਹਾਂ ਉਸ ਨੇ ਕਿਹਾ ਸੀ ਕਿ ਸਭ ਤੋਂ ਜ਼ਿਆਦਾ ਸਰਾਪ ਬਿਊਟੀ ਪਾਰਲਰ ਵਾਲਿਆਂ ਨੂੰ ਲੱਗੇਗਾ, ਜੋ ਕਾਲੀ ਜਾਮਣ ’ਤੇ ਵੀ ਬਹੁਤ ਜ਼ਿਆਦਾ ਫਾਊਂਡੇਸ਼ਨ ਲਗਾ ਦਿੰਦੇ ਹਨ। ਸੱਚ ਦੱਸਿਓ, ਕੀ ਅਧਿਆਤਮ ਦੇ ਰਾਹ ’ਤੇ ਚੱਲਣ ਵਾਲਾ ਕੋਈ ਵਿਅਕਤੀ ਅਜਿਹੀਆਂ ਟਿੱਪਣੀਆਂ ਕਰ ਸਕਦਾ ਹੈ? ਜਦੋਂ ਉਸ ਨੇ ਸਨਾਤਨ ਧਰਮ ਦੀ ਮਰਯਾਦਾ ਦਾ ਪਾਸ ਨਾ ਰੱਖਦਿਆਂ ਭਗਵਾਨ ਸ੍ਰੀ ਰਾਮ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਇੱਕ-ਦੂਜੇ ਦੇ ਆਹਮੋ-ਸਾਹਮਣੇ ਲਿਆ ਖੜ੍ਹਾ ਕੀਤਾ ਤਾਂ ਔਰਤਾਂ ਦੇ ਸਤਿਕਾਰ ਦੀ ਤਾਂ ਉਸ ਤੋਂ ਤਵੱਕੋ ਹੀ ਕੀ ਕੀਤੀ ਜਾ ਸਕਦੀ ਹੈ?
Share this content:



Post Comment