ਜੇ ਮੈਨੂੰ ਨੋਬੇਲ ਨਾ ਮਿਲਿਆ ਤਾਂ ਅਮਰੀਕਾ ਦੀ ਵੱਡੀ ਬੇਇੱਜ਼ਤੀ ਹੋਵੇਗੀ: ਟਰੰਪ
ਵਾਸ਼ਿੰਗਟਨ, 2 ਅਕਤੂਬਰ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਭਾਰਤ-ਪਾਕਿ ਸਮੇਤ ਸੱਤ ਆਲਮੀ ਸੰਘਰਸ਼ਾਂ ਨੂੰ ਖ਼ਤਮ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸਦੇ ਬਾਵਜੂਦ ਜੇ ਉਨ੍ਹਾਂ ਨੂੰ ਨੋਬਲ ਸ਼ਾਂਤੀ ਐਵਾਰਡ ਨਹੀਂ ਦਿੱਤਾ ਜਾਂਦਾ ਤਾਂ ਇਹ ਅਮਰੀਕਾ ਲਈ ਵੱਡੇ ਅਪਮਾਨ ਦੀ ਗੱਲ ਹੋਵੇਗੀ। ਗਾਜ਼ਾ ਸੰਘਰਸ਼ ਨੂੰ ਖ਼ਤਮ ਕਰਨ ਦੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਮੰਗਲਵਾਰ ਨੂੰ ਕਵਾਂਟਿਕੋ ’ਚ ਫ਼ੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਸੁਲਝਾ ਲਿਆ ਹੈ। ਹੁਣ ਹਮਾਸ ਨੂੰ ਸਹਿਮਤ ਹੋਣਾ ਹੋਵੇਗਾ ਤੇ ਜੇ ਉਹ ਨਹੀਂ ਮੰਨਦੇ ਤਾਂ ਉਨ੍ਹਾਂ ਲਈ ਵੱਡੀ ਮੁਸ਼ਕਲ ਹੋਵੇਗੀ। ਸਾਰੇ ਅਰਬ, ਮੁਸਲਿਮ ਰਾਸ਼ਟਰ ਇਸ ਨਾਲ ਸਹਿਮਤ ਹਨ। ਇਜ਼ਰਾਈਲ ਵੀ ਸਹਿਮਤ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਸਾਰੇ ਇਕੱਠੇ ਆਏ ਹਨ।
ਟਰੰਪ ਨੇ ਕਿਹਾ ਕਿ ਜੇ ਸੋਮਵਾਰ ਨੂੰ ਐਲਾਨੇ ਗਾਜ਼ਾ ਸੰਘਰਸ਼ ਨੂੰ ਖ਼ਤਮ ਕਰਵਾਉਣ ਦੀ ਉਨ੍ਹਾਂ ਦੀ ਯੋਜਨਾ ਵੀ ਸਫਲ ਹੋ ਜਾਂਦੀ ਹੈ ਤਾਂ ਉਹ ਪਿਛਲੇ ਕੁਝ ਮਹੀਨਿਆਂ ’ਚ ਹੀ ਅੱਠ ਜੰਗਾਂ ਨੂੰ ਸੁਲਝਾਉਣ ’ਚ ਸਫਲ ਹੋ ਜਾਣਗੇ•। ਟਰੰਪ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਕੋਈ ਅਜਿਹਾ ਨਹੀਂ ਕਰ ਸਕਿਆ। ਫਿਰ ਵੀ ਕੀ ਤੁਹਾਨੂੰ ਨੋਬਲ ਐਵਾਰਡ ਮਿਲੇਗਾ? ਬਿਲਕੁਲ ਨਹੀਂ। ਉਹ ਇਸ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਦੇਣਗੇ, ਜਿਸਨੇ ਕੁਝ ਵੀ ਨਹੀਂ ਕੀਤਾ। ਉਹ ਇਸ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਦੇਣਗੇ, ਜਿਸਨੇ ਡੋਨਾਲਡ ਟਰੰਪ ਦੇ ਵਿਚਾਰਾਂ ਤੇ ਜੰਗ ਨੂੰ ਸੁਲਝਾਉਣ ਲਈ ਕੀ ਕੀ ਕੀਤਾ, ਉਸ ’ਤੇ ਕੋਈ ਕਿਤਾਬ ਲਿਖੀ ਹੋਵੇ… ਜੀ ਹਾਂ, ਨੋਬਲ ਪੁਰਸਕਾਰ ਕਿਸੇ ਲੇਖਕ ਨੂੰ ਮਿਲੇਗਾ ਪਰ ਦੇਖਦੇ ਹਾਂ ਕਿ ਆਖਰ ਕੀ ਹੁੰਦਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇ ਮੈਨੂੰ ਨੋਬਲ ਨਹੀਂ ਮਿਲਦਾ ਤਾਂ ਇਹ ਸਾਡੇ ਦੇਸ਼ ਲਈ ਵੱਡੇ ਅਪਮਾਨ ਦੀ ਗੱਲ ਹੋਵੇਗੀ। ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਅਜਿਹਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਇਹ ਦੇਸ਼ ਨੂੰ ਮਿਲੇ। ਇਹ ਸਨਮਾਨ ਦੇਸ਼ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਅਜਿਹਾ ਕੁਝ ਪਹਿਲਾਂ ਕਦੀ ਨਹੀਂ ਹੋਇਆ। ਇਸ ਸਬੰਧ ’ਚ ਸੋਚਣਾ ਜ਼ਰੂਰ। ਮੈਨੂੰ ਲੱਗਦਾ ਹੈ ਕਿ ਇਹ ਯੋਜਨਾ (ਗਾਜ਼ਾ ਸੰਘਰਸ਼ ਨੂੰ ਖ਼ਤਮ ਕਰਵਾਉਣ ਨੂੰ) ਸਫਲ ਹੋਵੇਗੀ। ਮੈਂ ਇਹ ਗੱਲ ਹਲਕੇ ’ਚ ਨਹੀਂ ਕਹਿ ਰਿਹਾ ਕਿਉਂਕਿ ਮੈਂ ਸਮਝੌਤਿਆਂ ਦੇ ਸਬੰਧ ’ਚ ਕਿਸੇ ਤੋਂ ਵੀ ਵੱਧ ਜਾਣਦਾ ਹਾਂ। ਉਨ੍ਹਾਂ ਕਿਹਾ ਕਿ ਪਰ ਅੱਠ ਸਮਝੌਤੇ ਕਰਵਾਉਣ ਵਾਕਈ ਸਨਮਾਨ ਵਾਲੀ ਗੱਲ ਹੈ।
Share this content:



Post Comment