Loading Now

ਜੇ ਉਹ ਕਿਧਰੇ ਮਿਲ਼ ਜਾਵੇ ਤੇ/ਨਜ਼ਮ/ਸਗ਼ੀਰ ਤਬੱਸੁਮ

ਜੇ ਉਹ ਕਿਧਰੇ ਮਿਲ਼ ਜਾਵੇ ਤੇ/ਨਜ਼ਮ/ਸਗ਼ੀਰ ਤਬੱਸੁਮ

 

FB_IMG_1760624260442-300x300 ਜੇ ਉਹ ਕਿਧਰੇ ਮਿਲ਼ ਜਾਵੇ ਤੇ/ਨਜ਼ਮ/ਸਗ਼ੀਰ ਤਬੱਸੁਮ
ਸਗ਼ੀਰ ਤਬੱਸੁਮ

ਜੇ ਉਹ ਕਿਧਰੇ ਮਿਲ਼ ਜਾਵੇ ਤੇ

 

ਜੇ ਉਹ ਕਿਧਰੇ ਮਿਲ਼ ਜਾਵੇ ਤੇ

ਉਸ ਨੂੰ ਕਹਿਣਾ,

ਸਾਰਾ ਦਿਨ ਇਕਲਾਪਾ ਕੱਟਿਆ।

ਸਿਗਟਾਂ ਪੀ-ਪੀ ਰਾਤ ਲੰਘਾਈ।

ਸੁਰਤ ਗਵਾਈ।

ਇਕ ਵੀ ਪਲ ਲਈ ਚੈਨ ਨਹੀਂ ਆਇਆ,

ਐਡੇ ਦੁੱਖ ਮੈਂ ਸਹਿਣ ਨਹੀਂ ਆਇਆ।

 

ਜੇ ਉਹ ਕਿਧਰੇ ਮਿਲ਼ ਜਾਵੇ ਤੇ

ਉਸ ਨੂੰ ਕਹਿਣਾ,

ਪੋਹ ਦੀ ਠਰਦੀ ਰਾਤ ਦੇ ਅੰਦਰ,

ਸੋਚਾਂ ਦੀ ਬਰਸਾਤ ਦੇ ਅੰਦਰ,

ਯਾਦਾਂ ਦੀ ਅੰਗੀਠੀ ਬਾਲ਼ ਕੇ,

ਠਰਦਾ ਕੋਰਾ ਸੇਕ ਰਿਹਾ ਵਾਂ,

ਬੂਹੇ ਦੇ ਵੱਲ ਵੇਖ ਰਿਹਾ ਵਾਂ।

 

ਜੇ ਉਹ ਕਿਧਰੇ ਮਿਲ਼ ਜਾਵੇ ਤੇ

ਉਸ ਨੂੰ ਕਹਿਣਾ,

ਸਾਵਣ ਰੁੱਤੇ,

ਅੱਜ ਵੀ ਪਹਿਲੀ ਬਾਰਿਸ਼ ਅੰਦਰ,

‘ਟੇਸ਼ਣ ਦੀ ਕੰਟੀਨ ‘ਤੇ ਬਹਿ ਕੇ,

ਪੂਰੀ ਸਿਗਰੇਟ ਪੀਣ ਦੇ ਮਗਰੋਂ,

ਕਮਲਿਆਂ ਵਾਂਗਰ ਘੁੰਮ ਰਿਹਾ ਵਾਂ,

ਸਾਵਣ ਰੁੱਤ ਨੂੰ ਚੁੰਮ ਰਿਹਾ ਵਾਂ।

 

ਜੇ ਉਹ ਕਿਧਰੇ ਮਿਲ਼ ਜਾਵੇ ਤੇ

ਉਸ ਨੂੰ ਕਹਿਣਾ,

ਜਿੱਥੇ ਬਹਿ ਕੇ ਕਸਮਾਂ ਖਾਈਆਂ,

ਵਾਅਦੇ ਕੀਤੇ,

ਖ਼ਾਬ ਉਲੀਕੇ,

ਦਰਦ ਉਡੀਕੇ,

ਉਸ ਟਾਹਲੀ ਦੇ ਥੱਲੇ ਬਹਿ ਕੇ,

ਇੱਕ ਪਰਛਾਵਾਂ,

ਹੌਲ਼ੀ-ਹੌਲ਼ੀ,

ਰਾਗ ਹਿਜਰ ਦੇ ਛੇੜ ਰਿਹਾ ਏ,

ਲੱਗੇ ਫੱਟ ਉਧੇੜ ਰਿਹਾ ਏ।

 

ਜੇ ਉਹ ਕਿਧਰੇ ਮਿਲ਼ ਜਾਵੇ ਤੇ

ਉਸ ਨੂੰ ਕਹਿਣਾ,

ਉਸ ਦੇ ਦਿੱਤੇ ਝੂਠੇ ਲਾਰੇ,

ਪੀਂਘਾਂ ਝੂਟਦੇ ਮਸਤ ਹੁਲਾਰੇ,

ਸੁਰਖ਼ ਅੰਗਾਰੇ,

ਆਸ ਦੇ ਤਾਰੇ,

ਸੀਨੇ ਵਿੱਚ ਸੰਭਾਲ਼ ਰਿਹਾ ਵਾਂ,

ਰੋਜ਼ ਇਕ ਦੀਵਾ ਬਾਲ਼ ਰਿਹਾ ਵਾਂ।

 

ਜੇ ਉਹ ਕਿਧਰੇ ਮਿਲ਼ ਜਾਵੇ ਤੇ

ਉਸ ਨੂੰ ਕਹਿਣਾ,

ਦੁੱਧ ਦੇ ਰੰਗਲੇ ਛੰਨੇ ਉੱਤੇ,

ਸੋਚਾਂ ਦੇ ਇਕ ਪੰਨੇ ਉੱਤੇ,

ਫਿਰ ਇੱਕ ਤਾਜ਼ਾ ਸ਼ੇਅਰ ਕਿਹਾ ਏ,

ਬਿਸਤਰ ਉੱਤੇ ਨਾਲ਼ ਪਿਆ ਏ।

 

ਜੇ ਉਹ ਕਿਧਰੇ ਮਿਲ਼ ਜਾਵੇ ਤੇ

ਉਸ ਨੂੰ ਕਹਿਣਾ,

ਅੱਜ ਵੀ ਸੁਰਖ਼ ਗੁਲਾਬਾਂ ਅੰਦਰ,

ਕੁਰਸੀ, ਮੇਜ਼, ਕਿਤਾਬਾਂ ਅੰਦਰ,

ਐਡੇ ਸਖ਼ਤ ਅਜ਼ਾਬਾਂ ਅੰਦਰ,

ਇਸ਼ਕ ਦਾ ਪਹਿਲਾ ਗੀਤ ਨਹੀਂ ਭੁੱਲਿਆ,

ਮੌਸਮ ਠੰਢਾ ਸੀਤ ਨਹੀਂ ਭੁੱਲਿਆ।

 

ਜੇ ਉਹ ਕਿਧਰੇ ਮਿਲ਼ ਜਾਵੇ ਤੇ …..

ਸਗ਼ੀਰ ਤਬੱਸੁਮ

ਲਹਿੰਦਾ ਪੰਜਾਬ

ਪਾਕਿਸਤਾਨ

Share this content:

Post Comment