Loading Now

“If”(ਜੇਕਰ)/ਰੂਡਾਰਡ ਕਿਪਲਿੰਗ/ਅਨੁਵਾਦਕ ਡਾ.ਚੰਦਰ ਤ੍ਰਿਖਾ

“If”(ਜੇਕਰ)/ਰੂਡਾਰਡ ਕਿਪਲਿੰਗ/ਅਨੁਵਾਦਕ ਡਾ.ਚੰਦਰ ਤ੍ਰਿਖਾ

*ਸਾਹਿਤਕ ਰੰਗ:*

 

*”ਜੇਕਰ”*

  *ਜੇਕਰ*

*ਇਲਜ਼ਾਮਾਂ ਦੀ*

*ਫ਼ਿਕਰ ਕਰੇ ਬਿਨਾਂ*

*ਕਾਇਮ ਰੱਖ ਸਕੋ ਤੁਸੀਂ*

*ਆਪਣਾ*

*ਮਾਨਸਿਕ ਤਵਾਜ਼ਨ*

 

*ਜੇਕਰ*

*ਹੋਰਨਾਂ ਦੀਆਂ*

*ਸ਼ੱਕੀ ਨਿਗਾਹਾਂ ਤੋਂ*

*ਰਹਿ ਕੇ ਨਿਰਲੇਪ*

*ਅਣਭਿੱਜ*

*ਰੱਖ ਸਕੋ*

*ਆਪਣੇ ਆਪ ਉੱਤੇ*

*ਆਪਣਾ ਵਿਸ਼ਵਾਸ*

 

*ਜੇਕਰ*

*ਤੁਸੀਂ ਤਿਆਰ ਹੋ*

*ਹਾਸ਼ੀਏ ‘ਤੇ ਰੱਖ ਕੇ*

*ਆਪਣਾ*

*ਸ਼ਿਕਵਾ-ਸ਼ਿਕਾਇਤ*

*ਰੰਜ਼ੋ-ਗ਼ਮ ਤੇ ਹਤਾਸ਼ਾ*

*’ਚਿਰ-ਕਾਲ’ ਤੱਕ*

*ਸੁਹਾਵਣੇ ਪਲਾਂ ਦੀ*

*ਉਡੀਕ ਲਈ*

 

*ਜੇਕਰ*

*ਝੂਠ ਤੋਂ ਕਰਦਿਆਂ ਗ਼ੁਰੇਜ਼*

*ਤੁਸੀਂ ਇਹ ਵੀ*

*ਬਣਾ ਸਕਦੇ ਹੋ ਯਕੀਨੀ*

*ਕਿ ਕੋਈ ਗੈਰ ਵੀ*

*ਨਾ ਕਰ ਸਕੇ ਜ਼ੁਰਅਤ*

*ਤੁਹਾਡੇ ਬਾਰੇ*

*ਝੂਠ ਬੋਲਣ ਫੈਲਾਉਣ ਦੀ*

 

*ਜੇਕਰ*

*ਤੁਸੀਂ ਨਾ ਬੁਣੋ*

*ਨਫ਼ਰਤਾਂ ਦੀ ਤਾਣੀ*

*ਨਾ ਹੀ ਦਿਉ*

*ਕੋਈ ਦਲੀਲ*

*ਜਾਂ ਤਰਕ*

*ਅਜਿਹਾ ਕਰਨ ਲਈ*

*ਹੋਰਨਾਂ ਨੂੰ*

 

*ਜੇਕਰ*

*ਤੁਸੀਂ ਖੁਦ ਕਰ ਸਕੋ*

*ਇੱਕ ਸਿੱਧੀ-ਸਾਦੀ*

*ਜਿੰਦਗੀ ਨੂੰ ਪਿਆਰ*

 

*ਜੇਕਰ*

*ਤੁਸੀਂ ਬਚ ਸਕੋ*

*ਆਪਣੀ ਵਿਦਵਤਾ ਦੀ*

*ਧਾਂਕ ਜਮਾਉਣ ਦੀ ਲਾਲਸਾ ਤੋਂ*

 

*ਜੇਕਰ*

*ਸੁਪਨਸਾਜ਼ ਹੁੰਦਿਆਂ ਵੀ*

*ਤੁਸੀਂ ਨਾ ਬੋਲਣ ਦਿਉ*

*ਸੁਪਨਿਆਂ ਨੂੰ ਸਿਰ ਚੜ੍ਹਕੇ*

 

*ਜੇਕਰ*

*ਚਿੰਤਕ ਹੁੰਦੇ ਹੋਏ ਵੀ*

*ਤੁਸੀਂ ਦੇ ਸਕੋ*

*ਦੋ-ਟੁੱਕ ਜਵਾਬ*

*ਚਿੰਤਾਵਾਂ ਨੂੰ*

*ਜੀਵਨ-ਜਾਚ ‘ਚ ਢਾਲਣ ਤੋਂ*

 

*ਜੇਕਰ*

*ਤੁਸੀਂ ਦੇਖ ਸਕੋ*

*ਜਿੱਤ-ਹਾਰ ਨੂੰ*

*ਇੱਕੋ ਨਜ਼ਰ ਨਾਲ*

 

*ਜੇਕਰ*

*ਤੁਸੀਂ ਹੋ ਸਕੋ ਕਾਬਿਲ*

*ਸੱਚ ਸੁਣਨ*

*ਤੇ ਸੱਚ ਜੀ ਸਕਣ ਦੇ ਵੀ*

 

*ਜੇਕਰ*

*ਤੁਸੀਂ ਦੇ ਸਕਦੇ ਹੋ*

*ਫਿਰ ਉਹੀ ਸਰੂਪ*

*ਉਹੀ ਅੰਦਾਜ਼*

*ਉਹੀ ਟੁਣਕਾਰ*

*ਆਪਣੇ ਪੁਰਾਣੇ ਸੰਦਾਂ ਨੂੰ*

*ਮੁੜ ਇੱਕ ਵਾਰ*

 

*ਉਨ੍ਹਾਂ ਸੁਪਨਿਆਂ ਨੂੰ*

*ਦੇਖਦੇ ਹੋਏ ਵੀ*

*ਤਿੜਕਦੇ-ਚਕਨਾਚੂਰ*

*ਜਿਨ੍ਹਾਂ ਨੂੰ*

*ਬੁਣਨ-ਉਸਾਰਨ ‘ਚ*

*ਘੜਨ-ਸੰਵਾਰਨ ‘ਚ*

*ਤੁਸੀਂ ਲਾਈ ਸੀ*

*ਸਾਰੀ ਜਿੰਦਗੀ*

*ਗੁਹਾਰ*

 

*ਜੇਕਰ*

*ਤੁਸੀਂ ਵਾਰ ਵਾਰ*

*ਜਿੱਤ ਨੂੰ ਹਾਰ*

*ਬੁਲੰਦੀ ਨੂੰ ਪਸਤੀ*

*ਪਸਤੀ ਨੂੰ ਫਿਰ ਬੁਲੰਦੀ*

*ਹਾਰ ਨੂੰ ਫਿਰ ਜਿੱਤ*

*ਤੇ ਇਹ ਸਭ*

*ਵਾਰ ਵਾਰ*

*ਜਿਉਣ ਤੇ ਭੋਗਣ ਲਈ*

*ਹੋ ਸਕੋ ਤਿਆਰ*

 

*ਜੇਕਰ*

*ਤੁਸੀਂ ਹਰ ਮੋੜ ‘ਤੇ*

*ਮੁੜ*

*ਇੱਕ ਨਵੀਂ ਸ਼ੁਰੂਆਤ ਦਾ*

*ਹੀਲਾ ਬਣਾ ਕੇ*

*ਰੱਖ ਸਕੋ ਤਿਆਰ*

 

*ਜੇਕਰ*

*ਆਪਣੇ ਦਿਲੋ-ਦਿਮਾਗ਼ ਨੂੰ*

*ਸਾਹਾਂ ਦੀ ਧੜਕਣ ਤੋਂ*

*ਰੱਖ ਕੇ ਥੋੜ੍ਹਾ ਹਟਵਾਂ*

*ਇੱਕ ਬੁਲੰਦ ਆਵਾਜ਼ ‘ਚ*

*ਦੇ ਸਕੋ*

*ਵਕ਼ਤ ਨੂੰ*

*ਇੱਕ ਤਕੜੀ ਵੰਗਾਰ*

 

*ਜੇਕਰ*

*ਆਪਣੇ ਆਲੇ ਦੁਆਲੇ*

*’ਕੱਠੀ ਹੋਈ ਭੀੜ ਨਾਲ ਵੀ*

*ਰਚਾਈ ਰੱਖ ਸਕੋ*

*ਇੱਕ ਸੰਵਾਦ*

 

*ਸੱਤਾ ਦੀ ਟੀਸੀ ‘ਤੇ ਬੈਠੇ*

*ਸੂਤਰਧਾਰਾਂ ਨਾਲ ਵੀ*

*ਤੁਸੀਂ ਕਾਇਮ ਰੱਖ ਸਕੋ*

*ਸਹਿਜ ਵਾਰਤਾਲਾਪ ਦੀ*

*ਇੱਕ ਨਪੀ-ਤੁਲੀ*

*ਸੁਰ-ਆਵਾਜ਼*

 

*ਜੇਕਰ*

*ਤੁਸੀਂ ਛੱਡ ਸਕੋ*

*ਦੋਸਤਾਂ-ਦੁਸ਼ਮਣਾਂ ਦੀ*

*ਕਿਸੇ ਗੱਲ ਤੋਂ*

*ਹੋਣਾ*

*ਦੁਖੀ ਜਾਂ ਉਦਾਸ*

 

*ਜੇਕਰ*

*ਸਭਨਾਂ ਨੂੰ*

*ਦੇ ਸਕੋ*

*ਜਿਉਣ ਦਾ ਤਰਕ*

*ਸ਼ਾਨ ਦੇ ਦਾਇਰੇ ਅੰਦਰ*

*ਬਣਦਾ ਮਾਨ-ਸਨਮਾਨ*

 

*ਜੇਕਰ*

*ਨਾ ਮੁਆਫ਼ੀਯੋਗ*

*ਨਾ ਕਾਬਲੇ-ਬਰਦਾਸ਼ਤ*

*ਪਲਾਂ ‘ਚੋਂ ਉਗਮੇ*

*ਖਲਾਅ ਨੂੰ ਭਰਨ ਦੇ*

*ਹੋ ਸਕੋ ਸਮਰੱਥ*

*ਤੇ ਮਹਿਜ਼*

*ਸੱਠ ਸਕਿੰਟਾਂ ਦੇ ਵਕ਼ਫ਼ੇ ‘ਚ*

*ਕਰ ਸਕੋ ਪਾਰ*

*ਦੂਰੀਆਂ ਦੁਸ਼ਵਾਰ*

 

*ਤਾਂ ਫਿਰ*

*ਇਹ ਸਾਰੀ ਧਰਤ*

*ਤੁਹਾਡੀ ਹੈ*

*ਤੁਹਾਡਾ ਹੈ ਸਾਰਾ ਆਕਾਸ਼*

*ਚੰਦ ਤਾਰੇ*

*ਹਵਾ ਪਾਣੀ ਅੱਗ*

*ਸਭ ਨੇ*

*ਤੁਹਾਡੇ ਮੁਹਤਾਜ਼*

 

*ਦਿਸ਼ਾਵਾਂ*

*ਤੁਹਾਡੀ ਕਰਨ ਇੰਤਜ਼ਾਰ*

*ਵਕ਼ਤ*

*ਤੁਹਾਥੋਂ ਲਏ ਨਿਰਦੇਸ਼*

*ਤੇ ਤੁਸੀਂ ਕਹਾਉਗੇ*

*ਇੱਕ “ਮਹਾਂ-ਪੁਰਖ”*

*ਇੱਕ ਵਿਦਵਾਨ”*

*ਇੱਕ ਸਿਰਜਨਹਾਰ*

 

 

#ਮੂਲ ਅੰਗ੍ਰੇਜ਼ੀ ਕਵੀ:

*’ਰੁਡਾਰਡ ਕਿਪਲਿੰਗ’*

ਦੀ ਕਵਿਤਾ

*”if” ਦਾ ਰੂਪਾਂਤਰਨ*

 

ਅੰਗ੍ਰੇਜ਼ੀ ਤੋਂ ਹਿੰਦੀ:

*ਡਾ.ਚੰਦਰ ਤ੍ਰਿਖਾ*

 

ਹਿੰਦੀ ਤੋਂ ਪੰਜਾਬੀ:

*ਯਸ਼ ਪਾਲ ਵਰਗ ਚੇਤਨਾ*

(98145 35005)

 

ਨੋਟ:’ਵਰਗ ਚੇਤਨਾ’ ਅੰਕ(10),2008 ਵਿੱਚੋਂ, ਸੋਧ ਕੇ ਲਿਖੀ ਗਈ।

Share this content:

Post Comment