Loading Now

ਛੱਪਰ ਵਾਲੇ ਸਕੂਲ ਤੋਂ ਪ੍ਰਾਈਵੇਟ ਮਾਡਲ ਸਕੂਲ ਤੱਕ

ਛੱਪਰ ਵਾਲੇ ਸਕੂਲ ਤੋਂ ਪ੍ਰਾਈਵੇਟ ਮਾਡਲ ਸਕੂਲ ਤੱਕ

ਅਮਰੀਕਾ ਰਹਿੰਦੇ ਮੇਰੇ ਇੱਕ ਜਮਾਤੀ ਨੇ ਅਮਰੀਕਾ ਤੋਂ ਛਪਦੇ ਇੱਕ ਅਖ਼ਬਾਰ ਵਿੱਚ ਕੁਝ ਦਿਨ ਪਹਿਲਾਂ ਛਪਿਆ ਮੇਰਾ ਇੱਕ ਲੇਖ ਪੜ੍ਹ ਕੇ ਮੈਨੂੰ ਫੋਨ ਕੀਤਾ। ਉਸ ਨੇ ਭਾਵੁਕ ਹੁੰਦਿਆਂ ਕਿਹਾ, ‘‘ਜਦੋਂ ਮੈਂ ਆਪਣੇ ਪੋਤੇ ਨੂੰ ਸਕੂਲ ਛੱਡਣ ਜਾਂਦਾ ਹਾਂ ਤਾਂ ਮੈਨੂੰ ਆਪਣੇ ਪਿੰਡ ਦਾ ਉਹ ਕੱਚੀਆਂ ਕੰਧਾਂ ਅਤੇ ਛੱਪਰ ਵਾਲਾ ਪ੍ਰਾਇਮਰੀ ਸਕੂਲ ਯਾਦ ਆ ਜਾਂਦਾ ਹੈ, ਜਿਸ ਵਿੱਚ ਪੜ੍ਹ ਕੇ ਮੈਂ ਚੀਫ ਇੰਜੀਨੀਅਰ ਦੇ ਅਹੁਦੇ ਤੱਕ ਪਹੁੰਚਿਆ। ਉਸ ਸਕੂਲ ਦੀਆਂ ਕੱਚੀਆਂ ਕੰਧਾਂ ਤੇ ਤੱਪੜਾਂ ਉੱਤੇ ਬੈਠ ਕੇ ਪੜ੍ਹਨ ਵਾਲੇ ਕਮਰੇ ਮੇਰੇ ਰੋਮ-ਰੋਮ ਵਿੱਚ ਵਸੇ ਹੋਏ ਹਨ।’’ ਉਹ ਕਾਫ਼ੀ ਦੇਰ ਕੱਚੀਆਂ ਕੰਧਾਂ ਅਤੇ ਛੱਪਰ ਵਾਲੇ ਸਾਡੇ ਸਕੂਲ, ਜਮਾਤੀਆਂ ਤੇ ਅਧਿਆਪਕਾਂ ਬਾਰੇ ਗੱਲਾਂ ਕਰਦਾ ਰਿਹਾ।

ਉਸ ਦੇ ਫੋਨ ਨੇ ਮੈਨੂੰ ਛੱਪਰ ਵਾਲੇ ਪ੍ਰਾਇਮਰੀ ਸਕੂਲ ਦੇ ਆਪਣੇ ਵਿਦਿਆਰਥੀ ਜੀਵਨ ਦੇ ਦਿਨ ਯਾਦ ਕਰਵਾ ਦਿੱਤੇ। ਉਸ ਸਕੂਲ ਦੇ ਮਾਲਕ, ਚੌਕੀਦਾਰ, ਚਪੜਾਸੀ, ਸਫ਼ਾਈ ਸੇਵਕ ਤੇ ਹੋਰ ਸਭ ਕੁਝ ਵਿਦਿਆਰਥੀ ਹੀ ਹੁੰਦੇ ਸਨ। ਸਕੂਲ ਦੇ ਕਮਰਿਆਂ ਦੀਆਂ ਚਾਬੀਆਂ ਬੱਚਿਆਂ ਕੋਲ ਹੀ ਹੁੰਦੀਆਂ ਸਨ। ਉਹ ਹੀ ਸਵੇਰੇ ਸੁਵਖ਼ਤੇ ਆ ਕੇ ਕਮਰਿਆਂ ਦੇ ਜੰਦਰੇ ਖੋਲ੍ਹਦੇ ਸਨ। ਬਸੂਟੀ, ਅੱਕ ਅਤੇ ਭੰਗ ਦੇ ਪੱਤਿਆਂ ਨਾਲ ਖ਼ੁਦ ਬਣਾਏ ਝਾੜੂ ਨਾਲ ਕਮਰਿਆਂ ਅਤੇ ਉਨ੍ਹਾਂ ਦੇ ਸਾਹਮਣੇ ਖ਼ਾਲੀ ਥਾਂ ਦੀ ਸਾਫ਼-ਸਫ਼ਾਈ ਕਰਨ ਦਾ ਜ਼ਿੰਮਾ ਬੱਚਿਆਂ ਦਾ ਹੀ ਹੁੰਦਾ ਸੀ। ਪੀਣ ਵਾਲੇ ਪਾਣੀ ਦੇ ਘੜੇ ਵੀ ਬੱਚੇ ਆਪ ਹੀ ਭਰਦੇ ਸਨ। ਇਨ੍ਹਾਂ ਕੰਮਾਂ ਲਈ ਨਾ ਤਾਂ ਅਧਿਆਪਕ ਬੱਚਿਆਂ ਦੀਆਂ ਡਿਊਟੀਆਂ ਲਗਾਉਂਦੇ ਸਨ ਅਤੇ ਨਾ ਹੀ ਜਮਾਤਾਂ ਦੇ ਮੌਨੀਟਰ। ਚੌਥੀ ਤੇ ਪੰਜਵੀਂ ਜਮਾਤਾਂ ਦੇ ਬੱਚੇ ਪੂਰੀ ਜ਼ਿੰਮੇਵਾਰੀ ਨਾਲ ਚਾਈਂ-ਚਾਈਂ ਇਹ ਸਾਰੇ ਕੰਮ ਕਰਦੇ। ਬੱਚਿਆਂ ਦੇ ਮਨਾਂ ਵਿੱਚ ਕੰਮ ਕਰਕੇ ਅਧਿਆਪਕਾਂ ਤੋਂ ਸ਼ਾਬਾਸ਼ ਲੈਣ ਅਤੇ ‘ਬੜੇ ਕਾਮੇ’ ਕਹਾਉਣ ਦੀ ਤਾਂਘ ਹੁੰਦੀ ਸੀ। ਅਧਿਆਪਕਾਂ ਦੇ ਆਉਂਦਿਆਂ ਹੀ ਉਨ੍ਹਾਂ ਦੇ ਸਾਈਕਲ ਫੜ ਕੇ ਖੜ੍ਹੇ ਕਰਨ ਦਾ ਚਾਅ ਹਰ ਬੱਚੇ ਦੇ ਮਨ ਵਿੱਚ ਹੁੰਦਾ ਸੀ। ਕਮਰਿਆਂ ਦੀਆਂ ਕੰਧਾਂ ਦੀ ਲਿਪਾਈ ਅਤੇ ਥੋੜ੍ਹੀ-ਬਹੁਤ ਮੁਰੰਮਤ ਬੱਚੇ ਹੀ ਕਰਦੇ ਹੁੰਦੇ ਸਨ। ਉਨ੍ਹਾਂ ਕਮਰਿਆਂ ਵਿੱਚ ਨਾ ਪੱਖੇ ਹੁੰਦੇ ਸਨ ਅਤੇ ਨਾ ਹੀ ਹੋਰ ਕੋਈ ਸੁੱਖ-ਸਹੂਲਤਾਂ।

ਮਾਸਟਰ ਦਸੌਂਧੀ ਰਾਮ, ਮਨੀ ਰਾਮ, ਛੋਟੂ ਰਾਮ, ਸੁਰਜੀਤ ਸਿੰਘ ਤੇ ਮਿਹਰ ਸਿੰਘ ਦੇ ਮਿਹਨਤੀ ਸੁਭਾਅ ਅਤੇ ਸਮਰਪਣ ਨੇ ਬੱਚਿਆਂ ਨੂੰ ਉੱਚੇ ਅਹੁਦਿਆਂ ਉੱਤੇ ਪਹੁੰਚਾਇਆ ਸੀ। ਅੱਜ ਵੀ ਉਨ੍ਹਾਂ ਦੇ ਪੜ੍ਹਾਏ ਹੋਏ ਬੱਚੇ ਉਨ੍ਹਾਂ ਨੂੰ ਦਿਲੋਂ ਯਾਦ ਕਰਦੇ ਹਨ। ਉਨ੍ਹਾਂ ਦਾ ਬੱਚਿਆਂ ਨੂੰ ਪਹਾੜੇ ਯਾਦ ਕਰਵਾਉਣ, ਸਿਰਾਂ ਉੱਤੇ ਹੱਥ ਰੱਖ ਕੇ ਜ਼ੁਬਾਨੀ ਸਵਾਲ ਕਰਵਾਉਣ ਅਤੇ ਭਾਸ਼ਾਵਾਂ ਸਿਖਾਉਣ ਦੇ ਢੰਗ ਦੀ ਛਾਪ ਅੱਜ ਵੀ ਸਾਡੇ ਮਨਾਂ ਉੱਤੇ ਹੈ। ਪੰਜਵੀਂ ਜਮਾਤ ਵਿੱਚ ਵੱਧ ਤੋਂ ਵੱਧ ਵਜ਼ੀਫ਼ੇ ਲਿਆਉਣ ਦਾ ਅਧਿਆਪਕਾਂ ਦਾ ਆਪਸ ਵਿੱਚ ਮੁਕਾਬਲਾ ਹੁੰਦਾ ਸੀ। ਨਾ ਕੋਈ ਘੰਟੀ ਵੱਜਦੀ ਸੀ ਅਤੇ ਨਾ ਕੋਈ ਟਾਈਮ-ਟੇਬਲ ਹੁੰਦਾ ਸੀ, ਪਰ ਹਰ ਅਧਿਆਪਕ ਇੱਕ-ਦੂਜੇ ਤੋਂ ਵਧ ਕੇ ਜਮਾਤਾਂ ਪੜ੍ਹਾਉਂਦਾ ਸੀ। ਇੱਕ ਵਾਰ ਦੂਜੇ ਅਧਿਆਪਕਾਂ ਦੇ ਮੁਕਾਬਲੇ ਇੱਕ ਵਜ਼ੀਫ਼ਾ ਘੱਟ ਆਉਣ ਕਰਕੇ ਮਾਸਟਰ ਦਸੌਂਧੀ ਰਾਮ ਨੂੰ ਮਿਆਦੀ ਬੁਖ਼ਾਰ ਚੜ੍ਹ ਗਿਆ, ਜੋ ਇੱਕ ਮਹੀਨਾ ਨਾ ਉੱਤਰਿਆ। ਸ਼ੁੱਧ ਤੇ ਸੁੰਦਰ ਲਿਖਾਈ ਬਣਾਉਣ ਉੱਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਂਦਾ ਸੀ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੀਆਂ ਫੱਟੀਆਂ ਉੱਤੇ ਲਿਖ ਕੇ ਦੇਣਾ, ਉਨ੍ਹਾਂ ਦੀਆਂ ਕਲਮਾਂ ਅਤੇ ਪੈਨਸਿਲਾਂ ਘੜ ਕੇ ਦੇਣਾ ਹਰ ਰੋਜ਼ ਦਾ ਕੰਮ ਹੁੰਦਾ ਸੀ। ਅਧਿਆਪਕ ਇਸ ਕੰਮ ਨੂੰ ਬਹੁਤ ਸਮਰਪਣ ਭਾਵ ਨਾਲ ਕਰਦੇ ਸਨ। ਪੰਜ ਪੈਸੇ ਦੇ ਦਾਖ਼ਲਾ ਫਾਰਮ ਉੱਤੇ ਬੱਚਿਆਂ ਦਾ ਸਕੂਲ ਵਿੱਚ ਦਾਖ਼ਲਾ ਹੋ ਜਾਂਦਾ ਸੀ। ਮੁਹੱਲੇ ਦਾ ਇੱਕ ਵਿਅਕਤੀ ਕਈ ਬੱਚਿਆਂ ਨੂੰ ਦਾਖ਼ਲ ਕਰਵਾ ਆਉਂਦਾ ਸੀ। ਦਾਖ਼ਲੇ ਵੇਲੇ ਪਤਾਸਿਆਂ ਦਾ ਲਿਫ਼ਾਫ਼ਾ ਲਿਜਾਣ ਦਾ ਰਿਵਾਜ ਹੁੰਦਾ ਸੀ।

ਪਤਾਸੇ ਇੱਕ ਲੱਕੜ ਦੀ ਅਲਮਾਰੀ ਵਿੱਚ ਜਮ੍ਹਾਂ ਹੋ ਜਾਂਦੇ ਸਨ, ਜੋ ਸਮੇਂ-ਸਮੇਂ ਉੱਤੇ ਬੱਚਿਆਂ ਨੂੰ ਦੇ ਦਿੱਤੇ ਜਾਂਦੇ ਸਨ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਜ਼ਾ ਦਿੱਤੇ ਜਾਣ ’ਤੇ ਮਾਂ-ਬਾਪ ਕਦੇ ਅਧਿਆਪਕਾਂ ਨੂੰ ਪੁੱਛਣ ਨਹੀਂ ਆਉਂਦੇ ਸਨ ਕਿਉਂਕਿ ਉਨ੍ਹਾਂ ਨੂੰ ਅਧਿਆਪਕਾਂ ਉੱਤੇ ਇਹ ਯਕੀਨ ਹੁੰਦਾ ਸੀ ਕਿ ਉਨ੍ਹਾਂ ਨੇ ਬੱਚਿਆਂ ਦੇ ਭਲੇ ਲਈ ਹੀ ਸਜ਼ਾ ਦਿੱਤੀ ਹੋਵੇਗੀ। ਬੱਚਿਆਂ ਤੋਂ ਸਾਫ਼-ਸਫ਼ਾਈ ਦਾ ਕੰਮ ਕਰਵਾਉਣ ’ਤੇ ਮਾਪਿਆਂ ਨੂੰ ਕਦੇ ਇਤਰਾਜ਼ ਨਹੀਂ ਹੁੰਦਾ ਸੀ। ਅਮੀਰਾਂ, ਗ਼ਰੀਬਾਂ, ਸਰਪੰਚਾਂ ਅਤੇ ਅਫ਼ਸਰਾਂ ਦੇ ਬੱਚੇ ਉਸੇ ਸਕੂਲ ਵਿੱਚ ਪੜ੍ਹਦੇ ਸਨ। ਇੱਕ ਵਾਰ ਸਾਡੇ ਜ਼ਿਲ੍ਹੇ ਦੀ ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਸ਼ੀਲਾ ਮੋਂਗਾ ਸਾਡੇ ਸਕੂਲ ਵਿੱਚ ਜਾਂਚ ਕਰਨ ਲਈ ਆ ਗਏ। ਉਨ੍ਹਾਂ ਨੇ ਪੰਜਵੀਂ ਜਮਾਤ ਦੇ ਇੱਕ ਬੱਚੇ ਦੀ ਸੁੰਦਰ ਲਿਖਾਈ ਵੇਖ ਕੇ ਮਾਸਟਰ ਮਨੀ ਰਾਮ ਨੂੰ ਕਿਹਾ, “ਮਾਸਟਰ ਜੀ, ਬੱਚੇ ਦੀ ਲਿਖਾਈ ਬਹੁਤ ਸੋਹਣੀ ਹੈ।” ਮਾਸਟਰ ਜੀ ਨੇ ਅੱਗੋਂ ਕਿਹਾ, “ਮੈਡਮ, ਜਮਾਤ ਦੇ ਹਰ ਬੱਚੇ ਦੀ ਲਿਖਾਈ ਇਸ ਤਰ੍ਹਾਂ ਦੀ ਹੀ ਹੈ, ਤੁਸੀਂ ਕੋਈ ਵੀ ਕਾਪੀ ਵੇਖ ਲਓ।’’ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਰੇ ਬੱਚਿਆਂ ਦੀ ਲਿਖਾਈ ਸੋਹਣੀ ਵੇਖ ਕੇ ਹੈਰਾਨ ਰਹਿ ਗਈ।

ਉਨ੍ਹਾਂ ਨੇ ਬੱਚਿਆਂ ਨੂੰ ਗਣਿਤ ਦੇ ਸਵਾਲ ਲਿਖਾ ਕੇ ਵੇਖੇ, ਪਹਾੜੇ ਸੁਣੇ ਅਤੇ ਆਮ ਗਿਆਨ ਦੇ ਪ੍ਰਸ਼ਨ ਪੁੱਛੇ। ਮਾਸਟਰ ਮਨੀ ਰਾਮ ਦੀ ਮਿਹਨਤ ਅਤੇ ਬੱਚਿਆਂ ਦੀ ਬੌਧਿਕ ਸਮਰੱਥਾ ਵੇਖ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕਹੇ ਗਏ ਸ਼ਬਦ ਮੈਨੂੰ ਅੱਜ ਵੀ ਯਾਦ ਹਨ। ਉਨ੍ਹਾਂ ਨੇ ਕਿਹਾ ਸੀ, “ਮੈਂ ਤੁਹਾਡੀ ਦਿਲੋਂ ਪ੍ਰਸ਼ੰਸਾ ਕਰਦੀ ਹਾਂ। ਇਹ ਬੱਚੇ ਵੱਡੇ ਹੋ ਕੇ ਜ਼ਰੂਰ ਉੱਚੇ ਅਹੁਦਿਆਂ ਤੱਕ ਪਹੁੰਚਣਗੇ।” ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਕਹੇ ਹੋਏ ਸ਼ਬਦ ਸੱਚ ਵੀ ਸਾਬਿਤ ਹੋਏ। ਸਾਡੀ ਜਮਾਤ ਦੇ ਜ਼ਿਆਦਾਤਰ ਬੱਚੇ ਵੱਡੇ ਅਫ਼ਸਰ ਬਣੇ। ਮੈਨੂੰ ਅੱਜ ਵੀ ਉਹ ਕੱਚੀਆਂ ਕੰਧਾਂ, ਛੱਪਰ ਦੀ ਛੱਤ ਵਾਲਾ, ਫੱਟੀਆਂ, ਕਲਮਾਂ, ਤੱਪੜਾਂ ਤੇ ਕਮੀਜ਼-ਪਜਾਮੇ ਪਾ ਕੇ ਪੜ੍ਹਨ ਵਾਲਾ ਸਕੂਲ ਯਾਦ ਹੈ। ਅੱਜ ਉਹ ਸਮਾਰਟ ਪ੍ਰਾਇਮਰੀ ਸਕੂਲ ਬਣ ਗਿਆ ਹੈ, ਉਸ ਵਿੱਚ ਸਾਰੀਆਂ ਸਹੂਲਤਾਂ ਵੀ ਹਨ ਪਰ ਬੱਚਿਆਂ ਦੀ ਗਿਣਤੀ ਨਾਂ-ਮਾਤਰ ਹੈ ਅਤੇ ਉਸ ਵਿੱਚ ਪਰਵਾਸੀ ਮਜ਼ਦੂਰਾਂ ਦੇ ਬੱਚੇ ਹੀ ਪੜ੍ਹਦੇ ਹਨ। ਹੁਣ ਸਾਡੇ ਪਿੰਡ ਦੇ ਬੱਚੇ ਉਸ ਸਕੂਲ ਵਿੱਚ ਨਹੀਂ ਸਗੋਂ ਜ਼ਿਆਦਾ ਫੀਸਾਂ ਵਾਲੇ ਪ੍ਰਾਈਵੇਟ ਮਾਡਲ ਸਕੂਲਾਂ ਵਿੱਚ ਪੜ੍ਹਦੇ ਹਨ। ਮੇਰੇ ਆਪਣੇ ਬੱਚੇ ਵੀ ਉਸ ਸਕੂਲ ਵਿੱਚ ਨਹੀਂ ਪੜ੍ਹੇ।

Share this content:

Post Comment