ਛੇ ਦਿਨਾਂ ’ਚ ਤੀਜੀ ਵਾਰ ਦਿੱਲੀ-ਹਲਵਾਰਾ ਉਡਾਣ ਰੱਦ
ਨਵੀਂ ਦਿੱਲੀ, 12 ਸਤੰਬਰ – ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਸ਼ੁਰੂ ਹੋਈ ਹਵਾਈ ਸਫ਼ਰ ਦੀ ਸਹੂਲਤ ਹੁਣ ਯਾਤਰੀਆਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਦਿੱਲੀ-ਹਲਵਾਰਾ-ਦਿੱਲੀ ਹਵਾਈ ਸੇਵਾ ਮੁੜ ਰੱਦ ਹੋਣ ਕਾਰਨ 102 ਯਾਤਰੀਆਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਕਾਬਲ-ਏ-ਗ਼ੌਰ ਹੈ ਕਿ ਪਹਿਲਾਂ 7 ਅਤੇ 9 ਸਤੰਬਰ ਨੂੰ ਵੀ ਇਸੇ ਰੂਟ ਦੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ ਸੀ। ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਏ.ਆਈ-481 ਉਡਾਣ ਹਲਵਾਰਾ ਨਹੀਂ ਪੁੱਜੀ। ਇਸੇ ਜਹਾਜ਼ ਨੇ ਹਲਵਾਰਾ ਤੋਂ ਯਾਤਰੀਆਂ ਨੂੰ ਲੈ ਕੇ ਏ.ਆਈ-482 ਵਜੋਂ ਦਿੱਲੀ ਵਾਪਸ ਜਾਣਾ ਸੀ। ਸਵੇਰੇ-ਸਵੇਰੇ ਭਾਰੀ ਸਮਾਨ ਸਮੇਤ ਹਵਾਈ ਅੱਡੇ ’ਤੇ ਪੁੱਜੇ ਯਾਤਰੀਆਂ ਨੂੰ ਵਾਪਸ ਮੁੜਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ 65 ਯਾਤਰੀਆਂ ’ਤੇ ਪਿਆ, ਜਿਨ੍ਹਾਂ ਨੇ ਦਿੱਲੀ ਤੋਂ ਅੱਗੇ ਵਿਦੇਸ਼ ਜਾਣ ਲਈ ਉਡਾਣਾਂ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਕਈ ਪਰਿਵਾਰਾਂ ਦੇ ਨਾਲ ਛੋਟੇ ਬੱਚੇ ਵੀ ਸਨ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਡਾਣ ਰੱਦ ਹੋਣ ਦੀ ਜਾਣਕਾਰੀ ਸਮੇਂ ਸਿਰ ਨਹੀਂ ਮਿਲੀ। ਉੱਧਰ ਏਅਰ ਇੰਡੀਆ ਅਨੁਸਾਰ ਯਾਤਰੀਆਂ ਨੂੰ ਤੜਕਸਾਰ ਕਰੀਬ ਸਾਢੇ ਤਿੰਨ ਵਜੇ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਸੀ। ਕੁਝ ਯਾਤਰੀਆਂ ਨੇ ਦੁਪਹਿਰ ਵਾਲੀ ਉਡਾਣ ਵਿੱਚ ਸੀਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਜ਼ਿਆਦਾਤਰ ਯਾਤਰੀਆਂ ਨੂੰ ਸੜਕ ਰਾਹੀਂ ਟੈਕਸੀ ਲੈ ਕੇ ਜਾਣਾ ਪਿਆ। ਕੁਝ ਯਾਤਰੀਆਂ ਨੇ ਦੱਸਿਆ ਕਿ ਹਲਵਾਰਾ ਅਤੇ ਸੁਧਾਰ ਤੋਂ ਦਿੱਲੀ ਲਈ ਟੈਕਸੀ ਚਾਲਕਾਂ ਨੇ 10 ਤੋਂ 12 ਹਜ਼ਾਰ ਰੁਪਏ ਤੱਕ ਮੰਗ ਕੀਤੀ, ਜਦਕਿ ਆਮ ਤੌਰ ‘ਤੇ ਕੇਵਲ ਜਾਣ ਲਈ ਟੈਕਸੀ ਕਰੀਬ 5 ਤੋਂ ਸਾਢੇ 5 ਹਜ਼ਾਰ ਰੁਪਏ ਕਿਰਾਇਆ ਵਸੂਲਿਆ ਜਾਂਦਾ ਹੈ।
Share this content:



Post Comment