Loading Now

ਚੱਲਦੇ ਮੈਚ ਦੌਰਾਨ ਡਿੱਗੀ ਬਿਜਲੀ, ਖਿਡਾਰੀ ਦੀ ਮੌਤ

ਚੱਲਦੇ ਮੈਚ ਦੌਰਾਨ ਡਿੱਗੀ ਬਿਜਲੀ, ਖਿਡਾਰੀ ਦੀ ਮੌਤ

ਨਵੀਂ ਦਿੱਲੀ, 7 ਅਗਸਤ – ਥਾਈਲੈਂਡ ਦੇ ਨਰਾਥੀਵਾਤ ਸੂਬੇ ਦੇ ਸ਼ਾਂਤੀਪਾਪ ਸਟੇਡੀਅਮ ’ਚ ‘ਗੋਲੋਕ ਕੱਪ’ ਖੇਤਰੀ ਟੂਰਨਾਮੈਂਟ ਦੌਰਾਨ ਇਕ ਦੁਖਦਾਈ ਹਾਦਸਾ ਵਾਪਰਿਆ ਹੈ, ਜਿੱਥੇ ਫ਼ੁੱਟਬਾਲ ਮੈਚ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 24 ਸਾਲਾ ਖਿਡਾਰੀ ਸਫਵਾਨ ਆਵਾਏ ਦੀ ਮੌਤ ਹੋ ਗਈ, ਜਦੋਂ ਕਿ 12 ਹੋਰ ਖਿਡਾਰੀ ਗੰਭੀਰ ਰੂਪ ’ਚ ਝੁਲਸ ਗਏ। ਜਾਣਕਾਰੀ ਅਨੁਸਾਰ ਮੈਚ ਦੌਰਾਨ ਅਚਾਨਕ ਮੌਨਸੂਨ ਦੀ ਤੇਜ਼ ਬਾਰਸ਼ ਸ਼ੁਰੂ ਹੋ ਗਈ ਸੀ, ਜਿਸ ’ਚ ਖਿਡਾਰੀ ਫਸ ਗਏ। ਸਾਹਮਣੇ ਆਈ ਵੀਡੀਉ ਫ਼ੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਖਿਡਾਰੀ ਮੈਦਾਨ ’ਚ ਦੌੜ ਰਹੇ ਸਨ ਤਾਂ ਉਨ੍ਹਾਂ ਦੇ ਬਿਲਕੁਲ ਨੇੜੇ ਜ਼ਮੀਨ ’ਤੇ ਅਸਮਾਨੀ ਬਿਜਲੀ ਆ ਡਿੱਗੀ।

ਬਿਜਲੀ ਡਿੱਗਦਿਆਂ ਹੀ ਧੂੰਏਂ ਦੇ ਗ਼ੁਬਾਰ ਦੇ ਨਾਲ ਅੱਗ ਦੀਆਂ ਲਪਟਾਂ ਨਜ਼ਰ ਆਈਆਂ। ਬਿਜਲੀ ਦੀ ਲਪੇਟ ’ਚ ਆਉਣ ਨਾਲ ਸਫਵਾਨ ਆਵਾਏ ਤੁਰਤ ਮੈਦਾਨ ’ਚ ਹੀ ਡਿੱਗ ਪਿਆ। ਹਾਦਸੇ ਤੋਂ ਬਾਅਦ ਦਰਸ਼ਕਾਂ ਨੇ ਉਸ ਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਉਸ ਨੂੰ ਡਾਕਟਰੀ ਸਹਾਇਤਾ ਦਿਤੀ ਅਤੇ ਹਸਪਤਾਲ ਪਹੁੰਚਾਇਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਮੁਖੀ ਥੁਨ ਸਿਰੀਖੁੰਤ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ, ‘ਜਿਵੇਂ ਹੀ ਐਮਰਜੈਂਸੀ ਮੈਡੀਕਲ ਟੀਮ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗੰਭੀਰ ਸੱਟਾਂ ਕਾਰਨ ਪੀੜਤ ਨੇ ਦਮ ਤੋੜ ਦਿਤਾ।’ ਪੁਲਿਸ ਨੇ ਇਹ ਵੀ ਦਸਿਆ ਕਿ ਇਸ ਹਾਦਸੇ ’ਚ 12 ਹੋਰ ਲੋਕ ਬਿਜਲੀ ਨਾਲ ਝੁਲਸ ਗਏ ਹਨ, ਜਿਨ੍ਹਾਂ ’ਚ 22 ਸਾਲਾ ਮਲੇਸ਼ੀਅਨ ਫ਼ੁੱਟਬਾਲਰ ਅਲਿਫ਼ ਇਜ਼ਾਹਾਨ ਜ਼ੁਲਕਿਫਲੀ ਵੀ ਸ਼ਾਮਲ ਹੈ।

Share this content:

Post Comment