Loading Now

ਚੰਨੀ ਦੇ ਪ੍ਰਦਰਸ਼ਨ ਨਾਲ ਪੰਜਾਬ ਕਾਂਗਰਸ ਵਿੱਚ ਬਗਾਵਤ

ਚੰਨੀ ਦੇ ਪ੍ਰਦਰਸ਼ਨ ਨਾਲ ਪੰਜਾਬ ਕਾਂਗਰਸ ਵਿੱਚ ਬਗਾਵਤ

ਚੰਡੀਗੜ੍ਹ, 31 ਜੁਲਾਈ – ਪੰਜਾਬ ਕਾਂਗਰਸ ਦੀ ਅੰਦਰੂਨੀ ਕਲਹ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਫਰੀਦਕੋਟ ਵਿੱਚ ਫਾਰਮਾਸਿਸਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਹੋਏ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਦੇ ਨੇਤਾ ਹੀ ਇੱਕ-ਦੂਜੇ ‘ਤੇ ਅਨੁਸ਼ਾਸਨ ਤੋੜਨ ਦੇ ਦੋਸ਼ ਲਗਾ ਰਹੇ ਹਨ। ਫਰੀਦਕੋਟ ਜ਼ਿਲ੍ਹਾ ਪ੍ਰਧਾਨ ਨੇ ਸਾਬਕਾ ਵਿਧਾਇਕ ‘ਤੇ ਪਾਰਟੀ ਲਾਈਨ ਤੋਂ ਹਟ ਕੇ ਵੱਖਰਾ ਪ੍ਰਦਰਸ਼ਨ ਕਰਨ ਦਾ ਦੋਸ਼ ਲਗਾਇਆ ਹੈ।

ਕੀ ਹੈ ਪੂਰਾ ਮਾਮਲਾ

ਫਰੀਦਕੋਟ ਵਿੱਚ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਵਿਵਾਦ ਨੂੰ ਲੈ ਕੇ ਬੁੱਧਵਾਰ ਨੂੰ ਕਾਂਗਰਸ ਪਾਰਟੀ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਹਮਣੇ ਧਰਨਾ ਦਿੱਤਾ ਸੀ। ਇਹ ਧਰਨਾ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਦਿੱਤਾ ਗਿਆ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੀ ਇਸ ਵਿੱਚ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਹੋਈ ਹੈ ਅਤੇ ਆਪਣੇ ਚਹੇਤਿਆਂ ਨੂੰ ਨੌਕਰੀ ਦਿਵਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ ਹਨ।

ਸਾਬਾਕ ਵਿਧਾਇਕ ਉਤੇ ਲੱਗੇ ਦੋਸ਼

ਪਰ ਹੁਣ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ‘ਤੇ ਪਾਰਟੀ ਅਨੁਸ਼ਾਸਨ ਤੋੜਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਦੋਸ਼ ਕਿਸੇ ਹੋਰ ਨੇ ਨਹੀਂ ਸਗੋਂ ਫਰੀਦਕੋਟ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਉਰਫ਼ ਬੱਬੂ ਬਰਾੜ ਨੇ ਲਗਾਇਆ ਹੈ। ਉਨ੍ਹਾਂ ਨੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੂੰ ਪੱਤਰ ਲਿਖ ਕੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ‘ਤੇ ਪਾਰਟੀ ਅਨੁਸ਼ਾਸਨ ਤੋੜਨ ਦੇ ਦੋਸ਼ ਲਗਾਏ ਹਨ। ਜ਼ਿਲ੍ਹਾ ਕਾਂਗਰਸ ਪ੍ਰਧਾਨ ਬੱਬੂ ਬਰਾੜ ਦਾ ਦੋਸ਼ ਹੈ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਨੇ 31 ਜੁਲਾਈ ਨੂੰ ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਦੀ ਯੋਜਨਾ ਬਣਾਈ ਸੀ। ਪਰ ਕਿੱਕੀ ਢਿੱਲੋਂ ਨੇ ਜ਼ਿਲ੍ਹਾ ਲੀਡਰਸ਼ਿਪ ਨਾਲ ਬਿਨਾਂ ਚਰਚਾ ਕੀਤੇ ਵੱਖਰੇ ਤੌਰ ‘ਤੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ।

ਕਿੱਕੀ ਢਿੱਲੋਂ ਖੁਦ ਨੂੰ ਦੱਸ ਰਹੇ ਹਨ ਹਲਕਾ ਇੰਚਾਰਜ

ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿੱਕੀ ਢਿੱਲੋਂ ਖੁਦ ਨੂੰ ਫਰੀਦਕੋਟ ਦਾ ‘ਹਲਕਾ ਇੰਚਾਰਜ’ ਦੱਸ ਰਹੇ ਹਨ, ਜਦੋਂ ਕਿ ਕਾਂਗਰਸ ਸੰਗਠਨ ਵਿੱਚ ਅਜਿਹਾ ਕੋਈ ਅਧਿਕਾਰਤ ਅਹੁਦਾ ਨਹੀਂ ਹੈ। ਜ਼ਿਲ੍ਹਾ ਪ੍ਰਧਾਨ ਨੇ ਦੋਸ਼ ਲਾਇਆ ਕਿ ਕਿੱਕੀ ਢਿੱਲੋਂ ਲਗਾਤਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਿਰਦੇਸ਼ਾਂ ਦੀ ਅਣਦੇਖੀ ਕਰ ਰਹੇ ਹਨ। ਇਸ ਨਾਲ ਪਾਰਟੀ ਦਾ ਸੰਗਠਨਾਤਮਕ ਅਨੁਸ਼ਾਸਨ ਅਤੇ ਏਕਤਾ ਕਮਜ਼ੋਰ ਹੋ ਰਹੀ ਹੈ।

Share this content:

Post Comment