ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁਨਰ-ਨਿਰਮਾਣ ਕਾਰਨ ਯਾਤਰੀਆਂ ਦੀਆਂ ਵਧਣਗੀਆਂ ਮੁਸ਼ਕਲਾਂ
ਚੰਡੀਗੜ੍ਹ, 3 ਜੁਲਾਈ – ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਕਾਰਨ ਆਉਣ ਵਾਲੇ ਦਿਨਾਂ ’ਚ ਰੇਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲਵੇ ਨੇ ਉਸਾਰੀ ਦੇ ਕੰਮ ਲਈ 36 ਦਿਨਾਂ ਦੇ ਬਲਾਕ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਕੰਮ ਤਿੰਨ ਪੜਾਵਾਂ ’ਚ ਪੂਰਾ ਕੀਤਾ ਜਾਵੇਗਾ। ਇਸ ਸਮੇਂ ਦੌਰਾਨ, ਸਟੇਸ਼ਨ ਦੇ ਥੰਮ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਫੁੱਟ ਓਵਰਬ੍ਰਿਜ ਦੀ ਛੱਤ ਬਣਾਈ ਜਾਵੇਗੀ। ਨਿਰਮਾਣ ਕਾਰਜ ਕਾਰਨ, ਚੰਡੀਗੜ੍ਹ ਅਤੇ ਕਾਲਕਾ ਵਿਚਕਾਰ ਚੱਲਣ ਵਾਲੀਆਂ 12 ਰੇਲਗੱਡੀਆਂ ਨੂੰ ਰੱਦ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਕਈ ਰੇਲਗੱਡੀਆਂ ਨੂੰ ਚੰਡੀਗੜ੍ਹ ਦੀ ਬਜਾਏ ਅੰਬਾਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਮੋੜਿਆ ਜਾਵੇਗਾ।
ਰੇਲਵੇ ਅਧਿਕਾਰੀਆਂ ਅਨੁਸਾਰ, ਇਹ ਇਕ ਮਹੀਨੇ ’ਚ ਦੂਜੀ ਵਾਰ ਹੈ। ਜਦੋਂ ਨਿਰਮਾਣ ਏਜੰਸੀ ਨੂੰ ਅੰਬਾਲਾ ਡਿਵੀਜ਼ਨ ਤੋਂ ਬਲਾਕ ਲਈ ਪ੍ਰਵਾਨਗੀ ਮਿਲੀ ਹੈ। ਇਸ ਵਾਰ 36 ਦਿਨਾਂ ਦੇ ਬਲਾਕ ਨੂੰ ਤਿੰਨ ਹਿੱਸਿਆਂ ’ਚ ਵੰਡਿਆ ਗਿਆ ਹੈ। ਪਹਿਲਾ ਪੜਾਅ: 10 ਸਤੰਬਰ ਤੋਂ 21 ਸਤੰਬਰ ਤਕ, ਦੂਜਾ ਪੜਾਅ: 22 ਸਤੰਬਰ ਤੋਂ 3 ਅਕਤੂਬਰ ਤੱਕ ਤੇ ਤੀਜਾ ਪੜਾਅ: 4 ਅਕਤੂਬਰ ਤੋਂ 15 ਅਕਤੂਬਰ ਤਕ ਚੱਲੇਗਾ। ਬਲਾਕ ਦੌਰਾਨ, ਰੇਲਵੇ ਨੇ ਅੰਬਾਲਾ ਤੋਂ ਛੇ ਰੇਲਗੱਡੀਆਂ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਰੇਲਵੇ ਸਟੇਸ਼ਨ ਤੋਂ ਅੱਠ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ।
Share this content:



Post Comment