Loading Now

ਚਿੱਟਾ ਹੰਸ

ਚਿੱਟਾ ਹੰਸ

ਹਰਜਾਪ ਸਿੰਘ ਪਿੰਡ ਦਾ ਵੱਡਾ ਜ਼ਿਮੀਂਦਾਰ ਸੀ, ਪਰ ਉਸ ਵਿੱਚ ਇੱਕ ਬੜਾ ਵੱਡਾ ਨੁਕਸ ਸੀ ਕਿ ਉਹ ਬਹੁਤ ਆਲਸੀ ਸੀ। ਉਸ ਕੋਲ ਕਾਫ਼ੀ ਨੌਕਰ-ਚਾਕਰ ਸਨ ਜਿਹੜੇ ਉਸ ਦੀ ਸਾਰੀ ਖੇਤੀਬਾੜੀ ਵੇਖਦੇ ਸਨ। ਹਰਜਾਪ ਨਾ ਕਦੀ ਖੇਤਾਂ ਵੱਲ ਚੱਕਰ ਮਾਰਦਾ ਅਤੇ ਨਾ ਹੀ ਨੌਕਰਾਂ ਦੀ ਨਿਗਰਾਨੀ ਕਰਦਾ, ਜਿਸ ਕਰਕੇ ਸਾਰੇ ਮੁਲਾਜ਼ਮ ਆਪਣੀ ਮਨ-ਮਰਜ਼ੀ ਨਾਲ ਕੰਮ ਕਰਦੇ ਸਨ। ਹੌਲੀ-ਹੌਲੀ ਨੌਕਰਾਂ-ਚਾਕਰਾਂ ਨੇ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ ਅਤੇ ਹਰਜਾਪ ਦਾ ਘਰ ਖਾਲੀ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਹਰਜਾਪ ਦਾ ਬਚਪਨ ਦਾ ਦੋਸਤ ਕਰਮ ਸਿੰਘ ਜਿਹੜਾ ਇੱਕ ਪਿੰਡ ਛੱਡ ਕੇ ਅਗਲੇ ਪਿੰਡ ਰਹਿੰਦਾ ਸੀ, ਆਇਆ। ਉਸ ਨੇ ਆ ਕੇ ਹਰਜਾਪ ਦੇ ਘਰ ਦੀ ਮਾੜੀ ਹਾਲਤ ਵੇਖੀ ਤਾਂ ਉਸ ਨੂੰ ਬੜਾ ਦੁੱਖ ਹੋਇਆ। ਉਸ ਨੂੰ ਆਪਣੇ ਦੋਸਤ ਦੇ ਆਲਸੀ ਸੁਭਾਅ ਬਾਰੇ ਪਤਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਜੇ ਉਸ ਨੇ ਹਰਜਾਪ ਨੂੰ ਆਲਸ ਅਤੇ ਸੁਸਤੀ ਛੱਡਣ ਨੂੰ ਕਿਹਾ ਤਾਂ ਉਸ ਨੇ ਕਦੀ ਨਹੀਂ ਮੰਨਣਾ। ਕਰਮ ਸਿੰਘ ਨੇ ਇੱਕ ਸਕੀਮ ਸੋਚੀ ਅਤੇ ਹਰਜਾਪ ਨੂੰ ਕਹਿਣ ਲੱਗਾ, ‘‘ਭਰਾਵਾ, ਮੈਨੂੰ ਤੇਰੇ ਘਰ ਦੀ ਮਾੜੀ ਹਾਲਤ ਵੇਖ ਕੇ ਬੜਾ ਦੁੱਖ ਹੋਇਆ ਹੈ। ਮੇਰੇ ਕੋਲ ਤੁਹਾਡੀ ਗ਼ਰੀਬੀ ਪੱਕੇ ਤੌਰ ’ਤੇ ਠੀਕ ਕਰਨ ਲਈ ਇੱਕ ਤਰੀਕਾ ਹੈ।’’

‘‘ਉਹ ਕਿਹੜਾ ਤਰੀਕਾ ਏ, ਮੈਨੂੰ ਵੀ ਦੱਸ ਤਾਂ ਜੋ ਮੈਂ ਵੀ ਸੁੱਖ ਦਾ ਸਾਹ ਲੈ ਸਕਾਂ।’’ ਹਰਜਾਪ ਬੋਲਿਆ।

ਕਰਮ ਸਿੰਘ ਕਹਿਣ ਲੱਗਾ, ‘‘ਸਵੇਰੇ ਅੰਮ੍ਰਿਤ ਵੇਲੇ ਜਦੋਂ ਅਜੇ ਸਾਰੇ ਪਸ਼ੂ-ਪੰਛੀ ਆਰਾਮ ਕਰ ਰਹੇ ਹੁੰਦੇ ਨੇ, ਮਾਨਸਰੋਵਰ ਵਿੱਚ ਰਹਿਣ ਵਾਲਾ ਚਿੱਟਾ-ਦੁੱਧ ਹੰਸ ਧਰਤੀ ’ਤੇ ਆਉਂਦਾ ਹੈ ਅਤੇ ਦਿਨ ਚੜ੍ਹੇ ਵਾਪਸ ਮੁੜ ਜਾਂਦਾ ਹੈ। ਇਹ ਤਾਂ ਕਿਸੇ ਨੂੰ ਨਹੀਂ ਪਤਾ ਕਿ ਉਹ ਕਦੋਂ ਅਤੇ ਕਿੱਥੇ ਆਵੇ, ਪਰ ਇੱਕ ਗੱਲ ਪੱਕੀ ਹੈ ਕਿ ਜਿਹੜਾ ਵੀ ਉਸ ਦੇ ਦਰਸ਼ਨ ਕਰ ਲੈਂਦਾ ਹੈ, ਉਸ ਨੂੰ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਰਹਿੰਦੀ।

‘‘ਇਹ ਤਾਂ ਤੂੰ ਮੈਨੂੰ ਬੜੀ ਵਧੀਆ ਅਤੇ ਫਾਇਦੇਮੰਦ ਗੱਲ ਦੱਸ ਚੱਲਿਆ ਏਂ। ਮੈਂ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਉੱਠ ਕੇ ਉਸ ਦੇ ਦਰਸ਼ਨਾਂ ਦੀ ਭਾਲ ਵਿੱਚ ਨਿਕਲਿਆ ਕਰਾਂਗਾ।’’ ਹਰਜਾਪ ਨੇ ਬੜੇ ਪਿਆਰ ਨਾਲ ਕਰਮ ਸਿੰਘ ਦਾ ਹੱਥ ਫੜ ਕੇ ਕਿਹਾ। ਇਹ ਕਹਿ ਕੇ ਅਤੇ ਚਾਹ ਦਾ ਕੱਪ ਪੀ ਕੇ ਕਰਮ ਸਿੰਘ ਆਪਣੇ ਪਿੰਡ ਵੱਲ ਤੁਰ ਪਿਆ। ਅਗਲੇ ਦਿਨ ਹਰਜਾਪ ਸਿੰਘ ਮੂੰਹ-ਹਨੇਰੇ ਹੀ ਉੱਠਿਆ ਅਤੇ ਆਪਣੇ ਖੇਤਾਂ ਵੱਲ ਤੁਰ ਪਿਆ। ਉਹ ਅਜੇ ਖੇਤਾਂ ਤੋਂ ਥੋੜ੍ਹੀ ਦੂਰ ਹੀ ਸੀ ਕਿ ਉਸ ਨੂੰ ਆਪਣੇ ਖੇਤ ਵਿੱਚ ਚਾਰ-ਪੰਜ ਪਰਛਾਵੇਂ ਜਿਹੇ ਦਿਸੇ ਜਿਵੇਂ ਕੁਝ ਤੋੜ ਰਹੇ ਹੁੰਦੇ ਹਨ। ਉਹ ਹੌਲੀ-ਹੌਲੀ ਖੇਤ ਕੋਲ ਪਹੁੰਚਿਆ ਤਾਂ ਪੰਜ-ਛੇ ਆਦਮੀ ਉਸ ਦੀ ਪੈਲੀ ਵਿੱਚ ਬੀਜੀਆਂ ਹੋਈਆਂ ਸਬਜ਼ੀਆਂ ਤੋੜ ਕੇ ਟੋਕਰੇ ਭਰ ਰਹੇ ਸਨ। ਉਹ ਹਰਜਾਪ ਸਿੰਘ ਨੂੰ ਅਚਾਨਕ ਆਇਆ ਵੇਖ ਕੇ ਘਬਰਾ ਗਏ ਅਤੇ ਮੁਆਫ਼ੀ ਮੰਗਣ ਲੱਗ ਪਏ। ਉਸ ਨੇ ਉਹ ਭਰੇ ਹੋਏ ਟੋਕਰੇ ਮੰਡੀ ਭੇਜ ਕੇ ਕਿੰਨੇ ਸਾਰੇ ਰੁਪਏ ਵੱਟ ਲਏ।

ਉਸ ਤੋਂ ਅਗਲੇ ਦਿਨ ਸਵੇਰੇ ਉਹ ਚਿੱਟੇ ਹੰਸ ਦੀ ਭਾਲ ਕਰਦਾ ਕਰਦਾ ਆਪਣੇ ਗਊਆਂ-ਮੱਝਾਂ ਦੇ ਤਬੇਲੇ ਵੱਲ ਚਲਾ ਗਿਆ। ਉਸ ਨੇ ਵੇਖਿਆ ਕਿ ਤਬੇਲੇ ਦਾ ਰਖਵਾਲਾ ਦੁੱਧ ਦੀਆਂ ਭਰੀਆਂ ਹੋਈਆਂ ਬਾਲਟੀਆਂ ਇੱਕ ਦੋਧੀ ਦੇ ਡੋਹਣਿਆਂ ਵਿੱਚ ਪਾ ਕੇ ਉਸ ਕੋਲੋਂ ਪੈਸੇ ਲੈ ਰਿਹਾ ਸੀ। ਜਦੋਂ ਹਰਜਾਪ ਸਿੰਘ ਨੂੰ ਅਚਾਨਕ ਤਬੇਲੇ ਦੇ ਰਖਵਾਲੇ ਨੇ ਵੇਖਿਆ ਤਾਂ ਉਹ ਉਸ ਦੇ ਪੈਰਾਂ ਉੱਪਰ ਡਿੱਗ ਪਿਆ ਅਤੇ ਅੱਜ ਦੇ ਦੋਧੀ ਕੋਲੋਂ ਲਏ ਪੈਸੇ ਉਸ ਨੂੰ ਫੜਾ ਦਿੱਤੇ। ਤਬੇਲੇ ਤੋਂ ਹੋ ਕੇ ਉਹ ਘਰ ਚਲਾ ਗਿਆ। ਉਸ ਨੂੰ ਅੱਜ ਬੜੇ ਦਿਨਾਂ ਬਾਅਦ ਥੋੜ੍ਹੀ ਭੁੱਖ ਲੱਗੀ ਮਹਿਸੂਸ ਹੋ ਰਹੀ ਸੀ। ਉਸ ਨੇ ਸੋਚਿਆ ਕਿ ਮੈਂ ਘਰੋਂ ਨਾਸ਼ਤਾ ਕਰ ਆਵਾਂ ਅਤੇ ਦੋਧੀ ਕੋਲੋਂ ਲਏ ਪੈਸੇ ਵੀ ਘਰ ਰੱਖ ਆਵਾਂ। ਨਾਸ਼ਤਾ ਕਰਨ ਤੋਂ ਬਾਅਦ ਉਹ ਫਿਰ ਆਪਣੇ ਖੇਤਾਂ ਵਿੱਚ ਪਹੁੰਚ ਗਿਆ। ਧੁੱਪ ਕਾਫ਼ੀ ਨਿਕਲ ਚੁੱਕੀ ਸੀ, ਪਰ ਅਜੇ ਤੱਕ ਉਸ ਦਾ ਕੋਈ ਵੀ ਕਾਮਾ ਕੰਮ ’ਤੇ ਨਹੀਂ ਸੀ ਆਇਆ। ਉਹ ਖੇਤਾਂ ਵਿੱਚ ਘੁੰਮਦਾ ਰਿਹਾ। ਉਸ ਨੇ ਵੇਖਿਆ ਕਿ ਖੇਤਾਂ ਵਿੱਚ ਕੋਈ ਵੀ ਕੰਮ ਚੱਜ ਨਾਲ ਨਹੀਂ ਸੀ ਹੋਇਆ। ਸਬਜ਼ੀਆਂ ਨੂੰ ਗੋਡੀ ਕਰਨ ਵਾਲੀ ਸੀ, ਫ਼ਸਲਾਂ ਨੂੰ ਪਾਣੀ ਲੱਗਣ ਵਾਲਾ ਸੀ।

ਉਹ ਆਪਣੇ ਖੇਤਾਂ ਨੂੰ ਵੇਖ ਕੇ ਆਪਣੀ ਅਣਗਹਿਲੀ ਕਾਰਨ ਕਾਮਿਆਂ ਦੀ ਲਾਪਰਵਾਹੀ ਬਾਰੇ ਪਛਤਾ ਰਿਹਾ ਸੀ। ਜਿਸ ਵੇਲੇ ਦੁਪਹਿਰ ਹੋਣ ਨੂੰ ਆਈ ਤਾਂ ਉਸ ਦੇ ਅੱਧ-ਪਚੱਧੇ ਕਾਮੇ ਤੁਰੇ ਆ ਰਹੇ ਸਨ। ਉਹ ਹਰਜਾਪ ਨੂੰ ਖੇਤਾਂ ਵਿੱਚ ਘੁੰਮਦਿਆਂ ਵੇਖ ਕੇ ਹੈਰਾਨ ਹੋਏ ਅਤੇ ਘਬਰਾ ਗਏ। ਹਰਜਾਪ ਨੇ ਉਨ੍ਹਾਂ ਨੂੰ ਮਿੱਠੀ ਝਾੜ ਪਾ ਕੇ ਸ਼ਰਮਿੰਦਾ ਕੀਤਾ ਅਤੇ ਅੱਗੇ ਤੋਂ ਵੇਲੇ ਸਿਰ ਆਉਣ ਦਾ ਵਾਅਦਾ ਲਿਆ। ਚਿੱਟੇ ਹੰਸ ਦੀ ਭਾਲ ਵਿੱਚ ਉਹ ਰੋਜ਼ ਸਵੇਰੇ ਉੱਠਦਾ। ਆਪਣੇ ਖੇਤਾਂ ਵਿਚ ਚੱਕਰ ਲਗਾਉਂਦਾ, ਗਊਆਂ-ਮੱਝਾਂ ਦੇ ਤਬੇਲੇ ਜਾਂਦਾ। ਹੁਣ ਉਸ ਦੇ ਸਾਰੇ ਕਾਮਿਆਂ ਨੂੰ ਕੰਨ ਹੋ ਗਏ ਸਨ। ਉਹ ਹੁਣ ਸਾਰੇ ਵੇਲੇ ਸਿਰ ਕੰਮ ’ਤੇ ਆਉਂਦੇ ਅਤੇ ਪੂਰਾ ਕੰਮ ਕਰਦੇ ਜਿਸ ਨਾਲ ਉਸ ਦੀ ਫ਼ਸਲ ਭਰਪੂਰ ਹੋਣੀ ਸ਼ੁਰੂ ਹੋ ਗਈ। ਉਸ ਦੇ ਰੋਜ਼ ਚੱਕਰ ਮਾਰਨ ਨਾਲ ਉਸ ਦੀਆਂ ਸਬਜ਼ੀਆਂ ਅਤੇ ਦੁੱਧ ਦੀ ਚੋਰੀ ਵੀ ਬੰਦ ਹੋ ਗਈ। ਪਹਿਲਾਂ ਉਸ ਦੀ ਘਰ ਬੈਠ-ਬੈਠ ਕੇ ਸਿਹਤ ਵਿਗੜਦੀ ਜਾਂਦੀ ਸੀ, ਭੁੱਖ ਲੱਗਣੀ ਬੰਦ ਹੋ ਗਈ ਸੀ। ਹੁਣ ਰੋਜ਼ ਸੈਰ ਕਰਨ ਨਾਲ ਉਸ ਦੀ ਭੁੱਖ ਚਮਕਣ ਲੱਗੀ ਅਤੇ ਸਿਹਤ ਵੀ ਬੜੀ ਵਧੀਆ ਹੋ ਗਈ। ਫ਼ਸਲ ਜ਼ਿਆਦਾ ਹੋਣ ਨਾਲ ਅਤੇ ਦੁੱਧ-ਸਬਜ਼ੀਆਂ ਦੀ ਚੋਰੀ ਬੰਦ ਹੋਣ ਨਾਲ ਉਸ ਦੀ ਆਮਦਨ ਵਿੱਚ ਇਕਦਮ ਵਾਧਾ ਹੋਣਾ ਸ਼ੁਰੂ ਹੋ ਗਿਆ। ਆਮਦਨ ਵਧਣ ਨਾਲ ਉਸ ਦੇ ਘਰ ਦੀ ਵਿਗੜ ਰਹੀ ਹਾਲਤ ਸੁਧਰਨ ਲੱਗੀ।

ਇੱਕ ਦਿਨ ਫਿਰ ਕਰਮ ਸਿੰਘ ਆਪਣੇ ਦੋਸਤ ਹਰਜਾਪ ਸਿੰਘ ਦੇ ਘਰ ਆਇਆ। ਕਰਮ ਸਿੰਘ ਨੇ ਉਸ ਦਾ ਹਾਲ-ਚਾਲ ਪੁੱਛਿਆ ਤਾਂ ਹਰਜਾਪ ਨੇ ਜਵਾਬ ਦਿੱਤਾ, ‘‘ਹਾਲ-ਚਾਲ ਮੇਰਾ ਬਹੁਤ ਵਧੀਆ ਹੈ, ਸਿਹਤ ਵੀ ਮੇਰੀ ਬੜੀ ਚੰਗੀ ਹੋ ਗਈ ਹੈ। ਤੇਰੇ ਕਹਿਣ ਅਨੁਸਾਰ ਮੈਂ ਚਿੱਟੇ-ਹੰਸ ਦੀ ਭਾਲ ਵਿੱਚ ਰੋਜ਼ ਸਵੇਰੇ ਤੜਕੇ ਬਿਨਾਂ ਨਾਗਾ ਨਿਕਲਦਾ ਹਾਂ। ਮੈਨੂੰ ਅਜੇ ਤੱਕ ਚਿੱਟੇ ਹੰਸ ਦੇ ਦਰਸ਼ਨ ਤਾਂ ਨਹੀਂ ਹੋਏ, ਪਰ ਮੈਨੂੰ ਸਾਰੇ ਪਾਸਿਓਂ ਫਾਇਦਾ ਹੀ ਫਾਇਦਾ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਮੇਰੀ ਖੇਤੀਬਾੜੀ ਵੀ ਬੜੀ ਵਧੀਆ ਹੋ ਗਈ ਹੈ ਜਿਸ ਨਾਲ ਮੇਰੀ ਨਿੱਘਰ ਰਹੀ ਹਾਲਤ ਸੁਧਰ ਗਈ ਹੈ। ਕਰਮ ਸਿੰਘ ਆਪਣੇ ਦੋਸਤ ਦੀ ਗੱਲ ਸੁਣ ਕੇ ਹੱਸਦਾ ਹੋਇਆ ਕਹਿਣ ਲੱਗਾ, ‘‘ਮੇਰੇ ਯਾਰ! ਮਿਹਨਤ ਦਾ ਹੀ ਦੂਸਰਾ ਨਾਂ ਚਿੱਟਾ ਹੰਸ ਹੈ। ਮਿਹਨਤ ਦੇ ਖੰਭ ਹਮੇਸ਼ਾਂ ਚਿੱਟੇ ਹੁੰਦੇ ਹਨ। ਪਹਿਲਾਂ ਤੂੰ ਆਪ ਮਿਹਨਤ ਨਹੀਂ ਸੀ ਕਰਦਾ। ਆਪਣਾ ਸਾਰਾ ਕੰਮ ਕਾਮਿਆਂ ਉੱਪਰ ਛੱਡ ਦਿੰਦਾ ਸੀ, ਇਸ ਲਈ ਤੈਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਹੁਣ ਤੂੰ ਸਵੇਰੇ ਤੜਕੇ ਉੱਠ ਕੇ ਆਪਣੇ ਖੇਤਾਂ ਵੱਲ ਚੱਕਰ ਮਾਰਦਾ ਏਂ, ਕਾਮਿਆਂ ਕੋਲੋਂ ਆਪ ਸਿਰ ’ਤੇ ਖਲੋ ਕੇ ਕੰਮ ਕਰਵਾਉਂਦਾ ਏਂ, ਇਸ ਲਈ ਘਾਟੇ ਦੀ ਥਾਂ ਤੇਰੀ ਆਮਦਨੀ ਵਧੀਆ ਹੋ ਗਈ। ਮਿਹਨਤ ਦੇ ਚਿੱਟੇ ਹੰਸ ਨੂੰ ਪ੍ਰਾਪਤ ਕਰਨ ਲਈ ਸਾਨੂੰ ਸਾਰਿਆਂ ਨੂੰ ਆਲਸ ਛੱਡ ਕੇ ਉੱਦਮੀ ਹੋਣਾ ਚਾਹੀਦਾ ਹੈ।

Share this content:

Post Comment