Loading Now

ਗਾਰੰਟੀ ਮਿਲਣ ਮਗਰੋਂ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵੱਲੋਂ ਲੜੀਵਾਰ ਭੁੱਖ ਹੜਤਾਲ ਖ਼ਤਮ ਕੀਤੀ

ਗਾਰੰਟੀ ਮਿਲਣ ਮਗਰੋਂ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵੱਲੋਂ ਲੜੀਵਾਰ ਭੁੱਖ ਹੜਤਾਲ ਖ਼ਤਮ ਕੀਤੀ

 

ਲੁਧਿਆਣਾ, ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵੱਲੋਂ ਪ੍ਰਸ਼ਾਸਨ ਵੱਲੋਂ ਮੰਗਾਂ ਲਿਖਤੀ ਰੂਪ ਵਿੱਚ ਮੰਨੇ ਜਾਣ ਦੀ ਗਾਰੰਟੀ ਮਿਲਣ ਉਪਰੰਤ ਲੜੀਵਾਰ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਗਈ। ਇਹ ਲਿਖਤੀ ਪੱਤਰ ਐੱਸ ਡੀ ਐੱਮ ਜਸਲੀਨ ਕੌਰ ਭੁੱਲਰ ਅਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਟਰੱਸਟ ਦੇ ਨੁਮਾਇੰਦਿਆਂ ਨੂੰ ਸੌਂਪਿਆ ਗਿਆ।

ਲੰਘੇ ਵੀਰਵਾਰ ਭੁੱਖ ਹੜਤਾਲ ਦੇ 9ਵੇਂ ਦਿਨ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਦੀ ਤਬੀਅਤ ਵਿਗੜ ਗਈ ਸੀ। ਇਸ ਤੋਂ ਬਾਅਦ ਹਲਕਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਸ਼ਹੀਦ ਦੇ ਜਨਮ ਅਸਥਾਨ ’ਤੇ ਪਹੁੰਚ ਕੇ ਚੌੜਾ ਬਾਜ਼ਾਰ ਤੋਂ ਜਨਮ ਅਸਥਾਨ ਤੱਕ ਜਾਣ ਵਾਲੇ ਸਿੱਧੇ ਰਸਤੇ ਦੀ ਸੜਕ ਦੀ ਉਸਾਰੀ ਲਈ 18 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਹੋਣ ਦਾ ਐਲਾਨ ਕਰਦਿਆਂ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ। ਹਾਲਾਂਕਿ, ਵਿਧਾਇਕ ਦੇ ਇਸ ਭਰੋਸੇ ਤੋਂ ਬਾਅਦ ਅਸ਼ੋਕ ਥਾਪਰ ਅਤੇ ਹੋਰ ਆਗੂ ਸੜਕ ਨਿਰਮਾਣ ਦੀ ਲਿਖਤੀ ਗਾਰੰਟੀ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਸੁਖਦੇਵ ਥਾਪਰ ਦੇ ਨਾਂ ’ਤੇ ਰੱਖਣ ਦੀ ਕਾਰਵਾਈ ਸ਼ੁਰੂ ਹੋਣ ਤੱਕ ਭੁੱਖ ਹੜਤਾਲ ਖ਼ਤਮ ਨਾ ਕਰਨ ’ਤੇ ਅੜੇ ਹੋਏ ਸਨ।

ਇਸੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ ਡੀ ਐੱਮ ਜਸਲੀਨ ਕੌਰ ਭੁੱਲਰ ਅਤੇ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ ਨੇ ਟਰੱਸਟ ਨੂੰ ਲਿਖਤੀ ਦਸਤਾਵੇਜ਼ ਦੇ ਕੇ ਭੁੱਖ ਹੜਤਾਲ ਖਤਮ ਕਰਵਾਈ। ਅਸ਼ੋਕ ਥਾਪਰ ਨੇ ਦੱਸਿਆ ਕਿ ਅਧਿਕਾਰੀਆਂ ਨੇ 15 ਤੋਂ 20 ਦਿਨਾਂ ਦੇ ਅੰਦਰ ਸੜਕ ਦਾ ਉਸਾਰੀ ਕਾਰਜ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਸੁਖਦੇਵ ਥਾਪਰ ਦੇ ਨਾਂ ’ਤੇ ਰੱਖਣ ਲਈ ਕੇਂਦਰ ਸਰਕਾਰ ਨੂੰ ਲਿਖਤੀ ਪ੍ਰਸਤਾਵ ਭੇਜਣ ਦੀ ਪ੍ਰਕਿਰਿਆ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਨਗਰ ਨਿਗਮ ਦੇ ਐੱਸ ਸੀ ਰਣਜੀਤ ਸਿੰਘ, ਐੱਸ ਡੀ ਓ ਸਿਮਰ ਤੇ ਕਰਨ, ਮੈਮੋਰੀਅਲ ਟਰੱਸਟ ਯੂਥ ਵਿੰਗ ਦੇ ਰਾਸ਼ਟਰੀ ਪ੍ਰਧਾਨ ਤ੍ਰਿਭੂਵਨ ਥਾਪਰ, ਪਾਲੀ ਸਹਿਜਪਾਲ, ਆਸ਼ੀਸ਼ ਬੋਨਾ, ਰਾਜ ਕੁਮਾਰ ਗਰੋਵਰ, ਸ਼ਿਵੰਦਰ ਐਬਟ, ਸੁਨੀਲ ਠਾਕੁਰ, ਅਮਨ ਕਨੋਜੀਆ, ਅਸ਼ੋਕ ਵਰਮਾ, ਕੌਸ਼ਲ ਵਾਲੀਆ, ਕੁੰਵਰ ਰੰਜਨ ਸਿੰਘ, ਅਗੁਲ ਮਾਥੁਰ, ਹੈਰੀ ਵਿਰਦੀ ਤੇ ਪ੍ਰਮੋਦ ਥਾਪਰ ਮੌਜੂਦ ਸਨ।

Share this content:

Post Comment