ਗ਼ਜ਼ਲ/ਦਲਜੀਤ ‘ਮਹਿਮੀ’ ਕਰਤਾਰਪੁਰ

ਨੌਜਵਾਨਾਂ ਦੇ ਜੇ ਦਿਲ ਵਿਚ ਡਰ ਬਿਠਾਏ ਜਾਣਗੇ
ਬੁਝਦਿਲਾਂ ਦੇ ਹੀ ਤਾਂ ਫਿਰ ਲਸ਼ਕਰ ਸਜਾਏ ਜਾਣਗੇ।
ਹੋ ਕੇ ਵੱਧ ਗਿਣਤੀ ਵੀ ਜੇ ਘੱਟ ਗਿਣਤੀ ਤੋਂ ਡਰਦੇ ਰਹੇ
ਕਿਸ ਤਰ੍ਹਾਂ ਏਕੇ ਦੇ ਫਿਰ ਜੌਹਰ ਦਿਖਾਏ ਜਾਣਗੇ।
ਲਾਮ ਤੇ ਨਿਕਲੋ ਤਾਂ ਸੋਚੋ ਜਿੱਤ ਕੇ ਆਉਣਾ ਹੈ ਅਸੀਂ
ਹਾਰ ਹੈ ,ਜੇ ਅਣਖਾਂ ਵਾਲੇ ਸਿਰ ਝੁਕਾਏ ਜਾਣਗੇ।
ਛੱਡ ਕੇ ਜੋ ਇੰਨਸਾਨਿਅਤ ਰੱਬ ਦੇ ਪੁਜਾਰੀ ਬਣ ਗਏ
ਰੱਬ ਦੇ ਘਰ ਜਾ ਕੇ ਉਹ ਸਭ ਕਾਫਿਰ ਕਹਾਏ ਜਾਣਗੇ।
ਯਾਰ ਜੋ ਮਿਲਦੇ ਨੇ ਵੋਟਾਂ ਵਾਸਤੇ ਹੱਥ ਜੋੜ ਕੇ
ਜਿੱਤ ਗਏ ਤਾਂ ਸਾਡੇ ਉਹ ਲੀਡਰ ਬਣਾਏ ਜਾਣਗੇ।
ਸੋਚਣਾ ਪੈਣਾ ਹੈ ਕਦ ਤਕ ਰਹਿਣਗੇ ਮਹਿਫੂਜ਼ ਓਹ
ਜੋ ਕਿਨਾਰੇ ਪਾਣੀਆਂ ਦੇ ਘਰ ਬਣਾਏ ਜਾਣਗੇ।
ਹੁਣ ਅਦਾਲਤ ਤੋਂ ਵੀ ਵਧਕੇ ਖੁਦਕੁਸ਼ੀ ਪ੍ਰਧਾਨ ਹੈ
ਮੁਨਸਿਫ਼ਾਂ ਦੇ ਕਿਸ ਜਗ੍ਹਾ ਦਫ਼ਤਰ ਸਜਾਏ ਜਾਣਗੇ।
ਪੰਛੀਆਂ ‘ਮਹਿਮੀ’ ਆਜਾਦੀ ਦਾ ਮਜ਼ਾ ਭੁਲ ਜਾਵਣਾ
ਪਿੰਜਰੇ ਦੀ ਚੂਰੀ ਤੇ ਜੇ ਨਿਰਭਰ ਬਣਾਏ ਜਾਣਗੇ।
ਦਲਜੀਤ ‘ਮਹਿਮੀ’ ਕਰਤਾਰਪੁਰ
Share this content:



Post Comment