Loading Now

ਗਹਿਣੇ ਰੱਖੇ ਸੁਪਨੇ

ਗਹਿਣੇ ਰੱਖੇ ਸੁਪਨੇ

ਇੱਕ ਦਿਨ ਸਵੇਰੇ-ਸਵੇਰੇ ‘ਨੀਟ’ ਦਾ ਇਮਤਿਹਾਨ ਪਾਸ ਕਰਨ ਵਾਲੇ ਲੋੜਵੰਦ ਵਿਦਿਆਰਥੀਆਂ ਦੀ ਇੱਕ ਖ਼ਬਰ ਨੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ। ਮੈਰਿਟ ਵਿੱਚ ਆਉਣ ਦੇ ਬਾਵਜੂਦ ਪਰਿਵਾਰ ਦੀ ਮਾੜੀ ਆਰਥਿਕਤਾ ਨੇ ਡਾਕਟਰ ਬਣਨ ਦੇ ਸੁਪਨੇ ਨੂੰ ਢਾਹ ਲਾ ਦਿੱਤੀ ਸੀ। ਕੋਈ ਮਾਂ ਦੇ ਕੰਨਾਂ ਦੀਆਂ ਵਾਲੀਆਂ ਗਹਿਣੇ ਰੱਖਣ ਲਈ ਮਜਬੂਰ ਸੀ ਅਤੇ ਕਿਸੇ ਨੂੰ ਫੀਸ ਦਾ ਜੁਗਾੜ ਕਰਨ ਲਈ ਆਪਣੇ ਪਰਿਵਾਰ ਦੀ ਆਰਥਿਕਤਾ ਦੇ ਧੁਰੇ ‘ਪਸ਼ੂ ਧਨ’ ਨੂੰ ਵੇਚਣਾ ਪਿਆ। ਅਗਲੇ ਦਿਨ ਇਹ ਖ਼ਬਰ ਬੇਹੱਦ ਸਕੂਨ ਦੇਣ ਵਾਲੀ ਸੀ ਕਿ ਉਨ੍ਹਾਂ ਦੀ ਮਦਦ ਲਈ ‘ਫ਼ਰਿਸ਼ਤੇ’ ਆ ਬਹੁੜੇ।

ਅਸੀਂ ਵੀ ਇੱਕ ਛੋਟੀ ਜਿਹੀ ਸਮਾਜਿਕ ਸੰਸਥਾ ਬਣਾਈ ਹੋਈ ਹੈ, ਜੋ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮਦਦ ਕਰਦੀ ਹੈ। ਸਾਡੀ ਸਮੁੱਚੀ ਟੀਮ ਦੀ ਸਦਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਲੋੜਵੰਦ ਵਿਦਿਆਰਥੀ ਸਿਰਫ਼ ਆਰਥਿਕ ਤੰਗੀ ਕਾਰਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਵਾਂਝਾ ਨਾ ਰਹਿ ਜਾਵੇ। ਅਸੀਂ ਕਿਤਾਬਾਂ ਦਿੰਦੇ ਹਾਂ, ਫੀਸ ਭਰ ਦਿੰਦੇ ਹਾਂ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਸਮਾਰਟ ਫੋਨ ਜਾਂ ਟੈਬਲੇਟ ਮੁਹੱਈਆ ਕਰਵਾਉਂਦੇ ਹਾਂ ਤਾਂ ਜੋ ਉਹ ਔਨਲਾਈਨ ਕਲਾਸਾਂ ਲਾ ਸਕਣ। ਸਾਡਾ ਇੱਕ ਵਟਸਐਪ ਗਰੁੱਪ ਹੈ ‘ਭਾਈ ਜੈਤਾ ਜੀ ਸਟੱਡੀ ਸੈਂਟਰ’, ਜਿਸ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕ, ਡਾਕਟਰ ਅਤੇ ਸਿਵਲ ਸੇਵਕ ਉਨ੍ਹਾਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਉਣ ਤੇ ਜੀਵਨ ਵਿੱਚ ਸਫ਼ਲਤਾ ਲਈ ਨਿਸ਼ਕਾਮ ਭਾਵਨਾ ਨਾਲ ਹਰ ਵੇਲੇ ਤਤਪਰ ਰਹਿੰਦੇ ਹਨ।

ਇਸੇ ਗਰੁੱਪ ਵਿੱਚ ਇੱਕ ਲਾਇਕ ਤੇ ਹੁਸ਼ਿਆਰ ਵਿਦਿਆਰਥਣ ਹੈ, ਜੋ ਹਰ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਦਿੰਦੀ ਹੈ। ਸਿਵਲ ਸੇਵਕ ਬਣ ਕੇ ਸਮਾਜ ਦੀ ਬਿਹਤਰੀ ਦਾ ਵੱਡਾ ਉਦੇਸ਼ ਉਸ ਦੀਆਂ ਅੱਖਾਂ ਵਿੱਚੋਂ ਸਾਫ਼ ਝਲਕਦਾ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਕਿਸੇ ਦੇ ਘਰ ਕੰਮ ਕਰਕੇ ਰੋਟੀ ਦਾ ਵਸੀਲਾ ਕਰਦੀ ਹੈ। ਉਸ ਦਾ ਇੱਕ ਭਰਾ ਵੀ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਉਹ ਗਰੁੱਪ ਵਿੱਚ ਕੋਈ ਜਵਾਬ ਨਹੀਂ ਸੀ ਦੇ ਰਹੀ, ਨਾ ਹਾਜ਼ਰੀ ਅਤੇ ਨਾ ਹੀ ਕੋਈ ਹੋਮਵਰਕ। ਸਾਨੂੰ ਚਿੰਤਾ ਹੋਈ। ਉਸ ਦੀ ਮਾਸੀ ਦੇ ਦੋ ਮੁੰਡੇ ਵੀ ਸਾਡੀ ਸੰਸਥਾ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਨੂੰ ਫੋਨ ਕਰਕੇ ਕਿਹਾ, “ਪੁੱਤ, ਜ਼ਰਾ ਪਤਾ ਤਾਂ ਕਰੋ, ਤੁਹਾਡੀ ਭੈਣ ਅੱਜਕੱਲ੍ਹ ਪੜ੍ਹ ਵੀ ਰਹੀ ਹੈ ਜਾਂ ਨਹੀਂ? ਕਿਤੇ ਘਰ ਵਿੱਚ ਕੋਈ ਵੱਡੀ ਮੁਸ਼ਕਿਲ ਤਾਂ ਨਹੀਂ?”

ਉਸੇ ਸ਼ਾਮ ਉਸ ਦੇ ਮਸੇਰ ਭਰਾ ਦਾ ਮੈਨੂੰ ਫੋਨ ਆਇਆ। ਜੋ ਗੱਲ ਸਾਹਮਣੇ ਆਈ, ਉਹ ਸਿਰਫ਼ ਦੁਖਦਾਈ ਨਹੀਂ ਸੀ ਸਗੋਂ ਸਾਡੇ ਸਮੁੱਚੇ ਸਮਾਜ ਲਈ ਇੱਕ ਵੱਡਾ ਸਵਾਲ ਸੀ। ਉਸ ਕੁੜੀ ਦਾ ਸਮਾਰਟ ਫੋਨ ਉਸ ਦੇ ਨਸ਼ੇੜੀ ਭਰਾ ਨੇ ਕਿਸੇ ਕੋਲ ਗਹਿਣੇ ਰੱਖ ਦਿੱਤਾ ਸੀ। ਉਹ ਘਰ ਦਾ ਬਾਕੀ ਸਾਮਾਨ ਵੇਚਣ ਦੇ ਨਾਲ-ਨਾਲ ਰੋਜ਼ਾਨਾ ਮਾਵਾਂ-ਧੀਆਂ ਨਾਲ ਬੋਲ-ਕੁਬੋਲ ਤੇ ਮਾਰ-ਕੁਟਾਈ ਵੀ ਕਰਦਾ ਹੈ। ਇੱਕ ਪਾਸੇ ਭੈਣ ਆਪਣੀ ਪੜ੍ਹਾਈ ਰਾਹੀਂ ਆਪਣਾ ਤੇ ਸਮਾਜ ਦਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਦੂਜੇ ਪਾਸੇ ਉਸੇ ਘਰ ਦਾ ਇੱਕ ਜੀਅ ਆਪਣੇ ਨਸ਼ੇ ਦੀ ਲੋੜ ਪੂਰੀ ਕਰਨ ਲਈ ਉਸ ਦੀ ਪੜ੍ਹਾਈ ਦਾ ਸਾਧਨ ਹੀ ਖੋਹ ਚੁੱਕਾ ਸੀ। ਉਹ ਸਿਰਫ਼ ਇੱਕ ਮੋਬਾਈਲ ਨਹੀਂ ਸੀ, ਉਸ ਵਿੱਚ ਉਸ ਦੀਆਂ ਔਨਲਾਈਨ ਕਲਾਸਾਂ ਸਨ, ਅਧਿਆਪਕਾਂ ਨਾਲ ਸੰਪਰਕ ਦਾ ਸਾਧਨ ਸੀ, ਪੜ੍ਹਾਈ ਦੇ ਨੋਟਸ ਸਨ ਅਤੇ ਸਭ ਤੋਂ ਵੱਡੀ ਗੱਲ ਉਸ ਦਾ ਸਿਵਲ ਸੇਵਕ ਬਣਨ ਦਾ ਸੁਪਨਾ ਸੀ।

ਦੋ ਦਿਨਾਂ ਬਾਅਦ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ। ਕੰਬਦੀ ਆਵਾਜ਼ ਆਈ, “ਸਤਿ ਸ੍ਰੀ ਅਕਾਲ ਸਰ, ਮਾਫ਼ ਕਰਨਾ, ਮੈਂ ਇੰਨੇ ਦਿਨ ਗ਼ੈਰਹਾਜ਼ਰ ਰਹੀ।” ਮੈਨੂੰ ਉਸ ਕੁੜੀ ਨੂੰ ਪਛਾਣਨ ਵਿੱਚ ਜ਼ਰਾ ਵੀ ਦੇਰ ਨਾ ਲੱਗੀ। ਮੈਂ ਕਿਹਾ, “ਕੋਈ ਨਾ ਧੀਏ, ਮੈਨੂੰ ਕਾਰਨ ਪਤਾ ਲੱਗ ਗਿਆ ਸੀ।” ਮੇਰੇ ਇੰਨਾ ਕਹਿੰਦੇ ਹੀ ਉਸ ਧੀ ਦੀ ਧਾਹ ਨਿਕਲ ਗਈ, “ਸਰ, ਮੈਨੂੰ ਤੇ ਮੇਰੇ ਸੁਪਨੇ ਨੂੰ ਬਚਾ ਲਓ। ਇਨ੍ਹਾਂ ਨੇ ਦੋਵਾਂ ਦੀ ਬਲੀ ਦੇ ਦੇਣੀ ਆ। ਮੈਂ ਪੜ੍ਹਨਾ ਚਾਹੁੰਦੀ ਹਾਂ ਪਰ ਇਹ ਮੇਰਾ ਵਿਆਹ ਕਰਕੇ ਮੇਰਾ ਫਾਹਾ ਵੱਢਣਾ ਚਾਹੁੰਦੇ ਨੇ। ਕਿਸੇ ਦੀ ਕਰਨੀ ਦੀ ਸਜ਼ਾ ਮੈਨੂੰ ਭੁਗਤਣੀ ਪੈ ਰਹੀ ਹੈ।” ਮੈਂ ਉਸ ਦੀ ਮਾਂ ਨਾਲ ਵੀ ਗੱਲ ਕੀਤੀ ਅਤੇ ਕਾਫ਼ੀ ਦੇਰ ਤੱਕ ਸਮਝਾਇਆ, “ਤੁਹਾਡੀ ਬੱਚੀ ਕਾਬਿਲ ਹੈ, ਅਜੇ ਵਿਆਹ ਵਾਲੀ ਗੱਲ ਨਾ ਕਰੋ, ਉਸ ਨੂੰ ਪੜ੍ਹਨ ਦਿਓ।”

ਕਿੰਨੀਆਂ ਹੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮਾਂ ਟੱਸ ਤੋਂ ਮੱਸ ਨਾ ਹੋਈ ਅਤੇ ਅਗਲੇ ਛੇ ਮਹੀਨਿਆਂ ਵਿੱਚ ਹੀ ਉਸ ਦਾ ਵਿਆਹ ਕਰਨ ਦੀ ਰੱਟ ਲਗਾਈ ਬੈਠੀ ਸੀ। ਨਸ਼ਾ ਸਿਰਫ਼ ਨਸ਼ਾ ਕਰਨ ਵਾਲੇ ਨੂੰ ਹੀ ਨਹੀਂ ਖਾਂਦਾ, ਇਹ ਪੂਰੇ ਪਰਿਵਾਰ ਦੀ ਆਰਥਿਕਤਾ, ਇੱਜ਼ਤ, ਰਿਸ਼ਤਿਆਂ, ਭਰੋਸੇ ਤੇ ਭਵਿੱਖ ਨੂੰ ਤਬਾਹ ਕਰ ਦਿੰਦਾ ਹੈ। ਪਹਿਲਾਂ ਘਰ ਦੀ ਕੋਈ ਛੋਟੀ ਚੀਜ਼ ਵਿਕਦੀ ਹੈ, ਫਿਰ ਮਾਂ ਦੀਆਂ ਵਾਲੀਆਂ, ਫਿਰ ਬੱਚਤ ਖ਼ਤਮ ਹੁੰਦੀ ਹੈ ਅਤੇ ਅੰਤ ’ਚ ਪਰਿਵਾਰ ਦੇ ਸੁਪਨੇ ਗਹਿਣੇ ਰੱਖਣੇ ਪੈਂਦੇ ਹਨ। ਅਸੀਂ ਅਗਲੇ ਦਿਨ ਉਸ ਕੁੜੀ ਦਾ ਫੋਨ ਤਾਂ ਛੁਡਵਾ ਲਿਆਂਦਾ ਪਰ ਸਵਾਲ ਉੱਥੇ ਹੀ ਖੜ੍ਹਾ ਹੈ, ਕੀ ਅਸੀਂ ਉਸ ਦੇ ਨਸ਼ੇੜੀ ਭਰਾ ਦਾ ਮਨ ਬਦਲ ਸਕਾਂਗੇ? ਕੀ ਅਗਲੇ ਛੇ ਮਹੀਨਿਆਂ ਵਿੱਚ ਉਹ ਕੁੜੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰ ਲਵੇਗੀ? ਜੇ ਨਤੀਜਾ ਮਨਚਾਹਿਆ ਨਾ ਆਇਆ ਤਾਂ ਉਸ ਦੀ ਅਗਲੇਰੀ ਜ਼ਿੰਦਗੀ ਦਾ ਰੂਪ ਕਿਹੋ ਜਿਹਾ ਹੋਵੇਗਾ?

Share this content:

Post Comment