ਖੇਡ ਜਗਤ ਦਾ ਚਮਕਦਾ ਸਿਤਾਰਾ: ਯੁਵਰਾਜ ਸਿੰਘ ‘ਯੁਵੀ’ ਰਗਬੋਤਰਾ/ ਗੁਰਮੀਤ ਸਿੰਘ ਪਲਾਹੀ

ਖ਼ਾਸ ਰਿਪੋਰਟ-
-ਫਗਵਾੜਾ ਦੀ ਧਰਤੀ ਤੋਂ ਭਾਰਤੀ ਕ੍ਰਿਕਟ ਟੀਮ ਵੱਲ ਵਧਦੇ ਕਦਮ
ਕ੍ਰਿਕਟ ਪ੍ਰਤੀ ਜਨੂੰਨ ਅਤੇ ਸਖ਼ਤ ਮਿਹਨਤ ਸਦਕਾ ਫਗਵਾੜਾ ਦੇ ਨੌਜਵਾਨ ਕ੍ਰਿਕਟਰ ਯੁਵਰਾਜ ਸਿੰਘ ‘ਯੁਵੀ’ ਰਗਬੋਤਰਾ ਅੱਜ ਕੱਲ੍ਹ ਖੇਡ ਜਗਤ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਵਿੱਚ ਬੀ.ਬੀ.ਏ. ਦੀ ਪੜ੍ਹਾਈ ਕਰ ਰਹੇ ਯੁਵਰਾਜ ਨਾ ਸਿਰਫ਼ ਪੜ੍ਹਾਈ ਵਿੱਚ ਅੱਗੇ ਹਨ, ਬਲਕਿ ਕ੍ਰਿਕਟ ਦੇ ਮੈਦਾਨ ਵਿੱਚ ਵੀ ਆਪਣੀ ਖੇਡ ਦਾ ਲੋਹਾ ਮਨਵਾ ਰਹੇ ਹਨ।

ਪੰਜਾਬ ਦੀ ਧਰਤੀ ਦਾ ਕ੍ਰਿਕਟ ਨਾਲ ਬਹੁਤ ਪੁਰਾਣਾ ਅਤੇ ਗੂੜ੍ਹਾ ਰਿਸ਼ਤਾ ਰਿਹਾ ਹੈ। ਇੱਥੋਂ ਦੇ ਨੌਜਵਾਨਾਂ ਦੇ ਖ਼ੂਨ ਵਿੱਚ ਕ੍ਰਿਕਟ ਦਾ ਜਨੂੰਨ ਇਸ ਕਦਰ ਦੌੜਦਾ ਹੈ ਕਿ ਪੰਜਾਬ ਨੇ ਦੇਸ਼ ਨੂੰ ਹਰਭਜਨ ਸਿੰਘ (ਭੱਜੀ), ਯੁਵਰਾਜ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਮਹਾਨ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਹਨ, ਜਿਨ੍ਹਾਂ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਡੰਕਾ ਵਜਾਇਆ।
ਜਦੋਂ ਵੀ ਕੋਈ ਅਜਿਹਾ ਹੋਣਹਾਰ ਨੌਜਵਾਨ, ਖ਼ਾਸ ਕਰਕੇ ਕੋਈ ਸਿੱਖ ਗੱਭਰੂ, ਮੈਦਾਨ ਵਿੱਚ ਨਿੱਤਰਦਾ ਹੈ ਤਾਂ ਦੇਸ਼-ਵਿਦੇਸ਼ ਵਿੱਚ ਬੈਠੇ ਖੇਡ ਪ੍ਰੇਮੀਆਂ ਦੀਆਂ ਆਸਾਂ-ਉਮੀਦਾਂ ਹੋਰ ਵੀ ਵੱਧ ਜਾਂਦੀਆਂ ਹਨ। ਲੋਕਾਂ ਨੂੰ ਉਸ ਵਿੱਚੋਂ ਭਵਿੱਖ ਦਾ ਇੱਕ ਨਵਾਂ ਸਿਤਾਰਾ ਨਜ਼ਰ ਆਉਣ ਲੱਗਦਾ ਹੈ। ਯੁਵਰਾਜ ਸਿੰਘ ‘ਯੁਵੀ’ ਰਗਬੋਤਰਾ ਦੀ ਖੇਡ ਅਤੇ ਜਜ਼ਬਾ ਵੀ ਅੱਜ ਪੰਜਾਬ ਦੇ ਖੇਡ ਪ੍ਰੇਮੀਆਂ ਦੀਆਂ ਉਮੀਦਾਂ ਨੂੰ ਇੱਕ ਨਵੀਂ ਉਡਾਣ ਦੇ ਰਿਹਾ ਹੈ।
ਯੁਵਰਾਜ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਬਚਪਨ ਵਿੱਚ ਉਹ ਕੋਈ ਹੋਰ ਖੇਡ ਖੇਡਦੇ ਸਨ, ਪਰ ਮੁਹੱਲੇ ਵਿੱਚ ਦੋਸਤਾਂ ਨਾਲ ਕ੍ਰਿਕਟ ਖੇਡਦਿਆਂ ਉਨ੍ਹਾਂ ਦੀ ਰੁਚੀ ਇਸ ਖੇਡ ਵੱਲ ਵਧੀ। ਜਦੋਂ ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀਆਂ ਵੀਡੀਓਜ਼ ਦੇਖੀਆਂ, ਤਾਂ ਉਨ੍ਹਾਂ ਦੇ ਮਨ ਵਿੱਚ ਇੱਕ ਪੇਸ਼ੇਵਰ ਕ੍ਰਿਕਟਰ ਬਣਨ ਦਾ ਸੁਪਨਾ ਜਾਗਿਆ। ਉਨ੍ਹਾਂ ਦੇ ਇਸ ਸਫ਼ਰ ਵਿੱਚ ਪਰਿਵਾਰ ਦਾ ਪੂਰਾ ਸਹਿਯੋਗ ਰਿਹਾ ਹੈ, ਜੋ ਬਚਪਨ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਹਰ ਮੋੜ ’ਤੇ ਸਪੋਰਟ ਕਰਦਾ ਆ ਰਿਹਾ ਹੈ।
ਯੁਵਰਾਜ ਸਿੰਘ ‘ਯੁਵੀ’ ਰਗਬੋਤਰਾ ਇੱਕ ਸੱਜੇ ਹੱਥ ਦੇ ਮੀਡੀਅਮ ਪੇਸਰ ਗੇਂਦਬਾਜ਼ ਅਤੇ ਸਲਾਮੀ ਬੱਲੇਬਾਜ਼ ਵਜੋਂ ਇੱਕ ਬਿਹਤਰੀਨ ਆਲ-ਰਾਊਂਡਰ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾ ਹੁਣ ਤੱਕ ਦਾ ਖੇਡ ਸਫ਼ਰ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ। ਉਹਨਾਂ ਦਾ ਨਾਮ ਟਾਪ ਪੇਸਰਾਂ ਵਿੱਚ ਸ਼ਾਮਲ ਹੈ।
ਅੰਡਰ-16 ਦੌਰਾਨ ਉਨ੍ਹਾਂ ਨੇ ਪੂਰੇ ਪੰਜਾਬ ਦੇ ਪੇਸਰਾਂ ਦੇ ਕੈਂਪ ਵਿੱਚ ਹਿੱਸਾ ਲਿਆ ਅਤੇ ਪੰਜਾਬ ਦੇ ਟਾਪ 16 ਤੇਜ਼ ਗੇਂਦਬਾਜ਼ਾਂ ਵਿੱਚ ਜਗ੍ਹਾ ਬਣਾਈ।
ਉਹਨਾਂ ਜ਼ਿਲ੍ਹਾ ਪੱਧਰ ‘ਤੇ ਪ੍ਰਤੀਨਿਧਤਾ ਕੀਤੀ ਉਨ੍ਹਾਂ ਨੇ ਅੰਡਰ-16, ਅੰਡਰ-19, ਅੰਡਰ-23 ਅਤੇ ਸੀਨੀਅਰ ਡਿਸਟ੍ਰਿਕਟ ਪੱਧਰ ‘ਤੇ ਆਪਣੇ ਜ਼ਿਲ੍ਹੇ ਵੱਲੋਂ ਹਿੱਸਾ ਲਿਆ।
ਉਹਨਾਂ ਨੂੰ ਕਪਤਾਨੀ ਦਾ ਅਨੁਭਵ ਵੀ ਹੈ। ਪਿਛਲੇ ਸਾਲ ਉਹ ਅੰਡਰ-19 ਡਿਸਟ੍ਰਿਕਟ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ।
ਉਨ੍ਹਾਂ ਨੇ ਰਾਜ ਪੱਧਰ ਦੇ 9 ਕੈਂਪਾਂ ਵਿੱਚ ਹਿੱਸਾ ਲਿਆ ਹੈ ਅਤੇ ਵਨ-ਡੇ ਸਟੇਟ ਟੀਮ ਵਿੱਚ ਸਟੈਂਡਬਾਏ ਖਿਡਾਰੀ ਵਜੋਂ ਵੀ ਚੁਣੇ ਗਏ ਸਨ।
ਯੁਵਰਾਜ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚ ਵਿਸ਼ਾਲ ਸ਼ਰਮਾ ਨੂੰ ਦਿੰਦੇ ਹਨ, ਜੋ ਖੁਦ ਹਿਮਾਚਲ ਪ੍ਰਦੇਸ਼ ਵੱਲੋਂ ਰਣਜੀ ਟਰਾਫੀ ਦੇ ਕੈਂਪਾਂ ਵਿੱਚ ਰਹਿ ਚੁੱਕੇ ਹਨ। ਫਗਵਾੜਾ ਅਤੇ ਕਪੂਰਥਲਾ ਜ਼ਿਲ੍ਹੇ ਵਿੱਚ ਖੇਡ ਸਹੂਲਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਕੋਚ ਬਹੁਤ ਸਪੋਰਟਿਵ ਹਨ ਅਤੇ ਬੈਟਿੰਗ ਤੇ ਗੇਂਦਬਾਜ਼ੀ ਲਈ ਵਧੀਆ ਵਿਕਟਾਂ ਉਪਲਬਧ ਹਨ, ਜਿਸ ਨਾਲ ਖਿਡਾਰੀਆਂ ਨੂੰ ਅੱਗੇ ਵਧਣ ਵਿੱਚ ਮਦਦ ਮਿਲਦੀ ਹੈ।
ਯੁਵਰਾਜ ਇਸ ਵੇਲੇ ਆਪਣੀ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਕ੍ਰਿਕਟ ਟੀਮ ਵੱਲੋਂ ਵੀ ਖੇਡ ਰਹੇ ਹਨ। ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਟੀਚੇ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬੜੇ ਆਤਮ-ਵਿਸ਼ਵਾਸ ਨਾਲ ਕਿਹਾ, “ਮੇਰਾ ਇੱਕੋ-ਇੱਕ ਸੁਪਨਾ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਪ੍ਰਤੀਨਿਧਤਾ ਕਰਨਾ ਅਤੇ ਉੱਚ ਪੱਧਰੀ ਕ੍ਰਿਕਟ ਖੇਡਣਾ ਹੈ”।
ਯੁਵਰਾਜ ਦੀ ਮਿਹਨਤ, ਜਜ਼ਬੇ ਅਤੇ ਪੰਜਾਬੀਆਂ ਦੀਆਂ ਦੁਆਵਾਂ ਨੂੰ ਦੇਖਦਿਆਂ ਉਮੀਦ ਹੈ ਕਿ ਉਹ ਜਲਦੀ ਹੀ ਅੰਤਰਰਾਸ਼ਟਰੀ ਮੈਦਾਨਾਂ ’ਤੇ ਦੇਸ਼ ਅਤੇ ਪੰਜਾਬ ਦਾ ਨਾਂ ਚਮਕਾਉਣਗੇ।
-9815802070
Share this content:



Post Comment