ਖੁੰਡ ਚਰਚਾ – ਜਿੰਦਗੀ ਵਿੱਚ ਸਹਿਜ ਦੀ ਮਹੱਤਤਾ/ਦਲਜੀਤ ਸਿੰਗ ਕਾਹਲੋਂ
(((ਸਹਿਜ ਕਦੀ ਵੀ ਜ਼ਿੰਦਗੀ ਵਿੱਚੋਂ ਅਲੋਪ ਨਹੀਂ ਹੁੰਦਾ , ਅਸੀਂ ਹੀ ਹਮੇਸ਼ਾ ਅਸਹਿਜ ਨੂੰ ਚੁਣਦੇ ਹਾਂ । ਇਨਸਾਨ ਦੀਆਂ ਉਹ ਇੱਛਾਵਾਂ ਜਿਹੜੀਆਂ ਉਸਦੀ ਸਮਰੱਥਾ ਤੋਂ ਦੂਰ ਵੱਸਦੀਆਂ ਹੁੰਦੀਆਂ ਹਨ , ਨੂੰ ਹਾਸਲ ਕਰਨ ਲਈ ਹਾਬੜ੍ਹਿਆ ਫਿਰਦਾ ਹੈ । ਜੇ ਅਸੀਂ ਚਹੁੰਦੇ ਹਾਂ ਕਿ ਦਿਲ ਦੀ ਗਤੀ ਤੇਜ਼ ਨਾ ਹੋਵੇ ਤਾਂ ਸਾਨੂੰ ਆਪਣੇ ਜ਼ਿੰਦਗੀ ਦੇ ਸਾਈਕਲ ਦੇ ਪੈਡਲ ਸਹਿਜ ਨਾਲ ਚਲਾਉਣੇ ਪੈਣਗੇ । ਉਮਰ ਦਾ ਸਾਈਕਲ ਚਾਹੇ ਜਿੱਡਾ ਵੀ ਹੋਵੇ ਇਸਦੇ ਹਰ ਪਲ ਦਾ ਆਨੰਦ ਲੈਣ ਲਈ ਸਹਿਜ ਅਵੱਸਥਾ ਦਾ ਹੋਣਾ ਬੇਹੱਦ ਜ਼ਰੂਰੀ ਹੈ ।ਜੱਸਾ ਸੰਧੂ 🌹))) ਆਹ ਗੱਲ ਉੱਪਰ ਜੋ ਕਹੀ ਆ ।
ਸਹੀ ਆ ,ਤਾਹੀਉਂ ਕਹੀ ਆ ॥ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਰੋਜ਼ ਮਰਾਹ ਦੀ ਜ਼ਿੰਦਗੀ ਵਿੱਚ ਵਿਚਰਦਿਆਂ ਬਹੁਤਿਆਂ ਨੂੰ ਆਖਰੀ ਸਾਹਾਂ ਤੱਕ ਸਹਿਜ ਦੀ ਅਵਸਥਾ ਨਸੀਬ ਹੀ ਨਹੀਂ ਹੁੰਦੀ । ਇਹ ਸੱਭ ਹਰਇੱਕ ਦੇ ਲਾਈਫ ਸਟਾਇਲ , ਤਮ੍ਹਾ ਤੇ ਮੰਨ ਦੀ ਸੰਤੁਸ਼ਟੀ ਉੱਪਰ ਨਿਰਭਰ ਕਰਦਾ ਹੈ । ਕਈਆਂ ਨੂੰ ਸਾਫ ਨੀਲੇ ਪਾਣੀ ਦੇ ਛੋਟੇ ਜਿਹੇ ਤਲਾਬ ਵਾਂਗ ਥੋੜੇ ਵਿੱਚ ਹੀ ਸਬਰ-ਸੰਤੋਖ ਹੁੰਦਾ ਹੈ ; ਤੇ ਕਈਆਂ ਦੇ ਸਬਰ -ਸੰਤੋਖ ਦੀ ਸੀਮਾ ਦਾ , ਇੱਕ ਵਿਸ਼ਾਲ ਸਮੁੰਦਰ ਵਾਂਗ ਕੋਈ ਅੰਤ ਤੇ ਕਿਨਾਰਾ ਹੀ ਨਹੀਂ ਹੁੰਦਾ । ( ਆਹ ! 🐂 ਬਲਦ ਦੀ ਕੋਹਲੂ ਵਾਲੀ ਜ਼ਿੰਦਗੀ ਤੋਂ ! ਆਹ 🫏 ਗਧੇ ਦੀ ਭੱਠੇ ਵਾਲੀ ਜ਼ਿੰਦਗੀ ਤੋਂ ! ਵੇਖ ਸੁਣਕੇ ਚਾਚੇ ਦੀ ਤੋਬਾ ਈ ਤੋਬਾ !!) ਹਰਇੱਕ ਦੇ ਕੰਮ ਦੀ ਕੋਈ ਸੀਮਾ ਹੁੰਦੀ ਹੈ । ਮਿਹਨਤ ਤੇ ਮੁਸ਼ੱਕਤ ਜਰੂਰ ਕਰੋ , ਕੋਈ ਮਾੜੀ ਗੱਲ ਨਹੀਂ । “ ਪਰ ਸਹਿੰਦੀ ਸਹਿੰਦੀ ! ਬਈ ਠੀਕ ਹੈ
ਰਹਿੰਦੀ !!” ਕਈ ਤਾਂ ਜਿੰਦਗੀ ਦੇ ਸਾਈਕਲ ਦਾ ਗੇੜਾ ਇਹੀ ਸੋਚਕੇ ਦੇਈ ਜਾਂਦੇ ਆ ਕਿ ਇਸਨੇ ਕਿਹੜਾ ਧੂੰਆਂ ਮਾਰਨਾ , ਦੱਬੀ ਜਾਓ । ਪਰ ਉਦੋਂ ਬੈਠਕੇ ਸੋਚਦੇ ਆ , ਜਦੋਂ ਜਿੰਦਗੀ ਦੇ ਸਾਈਕਲ ਦੀ ਚੇਨ ਹੀ ਉੱਤਰ ਜਾਂਦੀ ਆ ਤੇ ਜਾਂ ਕੁੱਤੇ ਫੇਲ੍ਹ ਹੋ ਜਾਂਦੇ ਆ । ਫਿਰ ਮੰਜੇ ਉੱਤੇ ਬੈਠੇ ਸੋਚੀਂ ਪੈ ਕੇ ਆਪਣੇ ਆਪਤੇ ਸਵਾਲ ਕਰਦੇ ਆ ਕਿ , ਕੀ ਖੱਟਿਆ ? ਕਈਆਂ ਦਾ ਤਾਂ ਸੁਭਾਅ ਹੀ ਬਣ ਚੁੱਕਿਆ ਹੈ ਕਿ ਚਾਹੇ ਉਹ ਕਿਸੇ ਸਮਾਗਮ ਵਿੱਚ ਵੀ ਗਏ ਹੋਣ , ਆਖਿਰ ਵਿੱਚ ਗੱਲ ਉਨਾਂ ਆਪੋ ਆਪਣੇ ਬਿਜਨਸ ਜਾਂ ਕੰਮ ਵਿੱਚ ਮਾਰੀਆਂ ਮੱਲਾਂ ਦੀ ਹੀ ਕਰਨੀ ਹੁੰਦੀ ਆ । ਹੋਰ ਕੋਈ ਪਰਿਵਾਰਕ,ਭਾਈਚਾਰਕ, ਸੱਭਿਆਚਾਰਕ ਜਾਂ ਅਗਾਂਹਵਧੂ ਤੇ ਸਾਰਥਕ ਗੱਲ ਕਰਨੀ ਹੀ ਨਹੀਂ ਹੁੰਦੀ । ਕਈ ਮੇਰੇ ਵਰਗੇ ਉਨਾਂ ਦੀਆਂ ਗੱਲਾਂ ਤੋਂ ਬੋਰ ਹੋ ਕੋ ਕਿਨਾਰਾ ਕਰ ਜਾਂਦੇ ਆ ਤੇ ਦੂਰੀ ਬਣਾ ਲੈਂਦੇ ਆ । ਆਖਿਰ ਕਿਸੇ ਹੋਰ ਗੁਰੂ ਪਿਆਰੇ ਸੱਜਣਾਂ ਦੇ ਝੁੰਡ ਕੋਲ ਜਾ ਖਲੋਂਦੇ ਆ ; ਜਿਥੇ ਕੋਈ ਸਚਾਰੂ , ਕੌਮ ਤੇ ਇਨਸਾਨੀਅਤ ਦੀ ਭਲਾਈ , ਖੁਸ਼ੀਆਂ ਵੰਡਣ ਤੇ ਪਰੇਮ ਪਿਆਰ ਤੇ ਇੱਕ-ਜੁਟਤਾ ਦੀ ਗੱਲ ਚੱਲ ਰਹੀ ਹੋਵੇ ।
ਜਿਅਦਾ ਕਾਵਾਂ-ਰੌਲੀ ਇਹੀ ਸੁਣਨ ਨੂੰ ਮਿਲਦੀ ਆ ਕਿ ਔਹ ਫਲਾਣੇ ਨੇ ਐਨੇ ਮਿਲੀਅਨ ਦਾ ਤੀਜਾ ਘਰ ਲੈ ਲਿਆ ਤੇ ਫਲਾਣੇ ਨੇ ਆਪਣੇ ਮੁੰਡੇ ਨੂੰ ਬੀ ਐਮ ਡਬਲਯੂ ਲੈ ਦਿੱਤੀ , ਆਦਿ ਆਦਿ । ਕੋਈ ਵੀ ਇਹ ਗੱਲ ਨਹੀਂ ਕਰਦਾ ਸੁਣਿਆ ਕਿ ਫਲਾਣੇ ਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਵਧੀਆ ਤਾਲੀਮ ,ਧਾਰਮਿਕ ਤੇ ਅਧਿਆਤਮਿਕ ਸਿੱਖਿਆ ,ਵਧੀਆ ਸੰਸਕਾਰ ਤੇ ਉੱਚ ਵਿਦਿਆ ਦਾ ਦਾਨ ਪ੍ਰਦਾਨ ਕੀਤਾ ਅਤੇ ਸੱਭ ਤੋਂ ਵੱਧਕੇ ਇਨਸਾਨੀਅਤ ਦੀ ਸੇਵਾ ਲਈ ਪ੍ਰੇਰਿਤ ਕੀਤਾ । ਆਪਣੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜੀ ਰੱਖਦਿਆਂ , ਇੱਕ ਵਧੀਆ ਜੀਵਨ-ਜਾਚ ਅਤੇ ਆਪਣੇ ਪੁਰਖਿਆਂ ਵਲੋਂ ਸੰਭਾਲੇ ਸਿੱਖੀ ਸਰੂਪ ਨੂੰ ਵੀ ਕਾਇਮ ਰੱਖਿਆ । ਮੇਰੇ ਮੁਤਾਬਕ ਆਹ ਇਹੋ ਜਿਹੀਆਂ ਸਿਫਤਾਂ ਹੀ ਅਸਲ ਵਿੱਚ ਕਿਸੇ ਕੌਮ ਜਾਂ ਪਰਿਵਾਰ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੀਆਂ ਹਨ । ਬਾਕੀ ਦੁਨੀਆਂਦਾਰੀ ਦੀਆਂ ਪ੍ਰਾਪਤੀਆਂ ਦਾ ਰਾਮਰੌਲਾ ਤਾਂ ਮੈਟੀਰੀਅਲਿਸਟਿਕ ਸੋਚ ਵਾਲੇ ਹੀ ਪਾਉਂਦੇ ਵੇਖੇ ਜਾਂਦੇ ਹਨ । ਸੂਝਵਾਨ ਤੇ ਸੁੱਘੜ ਸਿਆਣੇ ਸੱਜਣਾਂ ਲਈ ਪਦਾਰਥਵਾਦੀ ਚੀਜ਼ਾਂ ਦੀ ਮਹੱਤਤਾ ਕੇਵਲ ਜੀਵਨ ਦੀਆਂ ਮੁਢਲੀਆਂ ਲੋੜਾਂ ਤੱਕ ਹੀ ਸੀਮਿਤ ਹੁੰਦੀ ਹੈ । ਇਨਾਂ ਚੀਜ਼ਾਂ ਦੀ ਬਹੁਤਾਤ ਸਿਰਫ ਵਿੱਤੀ ਤਰੱਕੀ ਦਾ ਪ੍ਰਦਰਸ਼ਨ ਹੀ ਕਰਦੀ ਹੈ , ਇਸਦਾ ਚੜ੍ਹਦੀ ਕਲਾ ਵਾਲੇ ਜੀਵਨ ਨਾਲ ਕੋਈ ਵਾਹ-ਵਾਸਤਾ ਹੀ ਨਹੀਂ ਹੁੰਦਾ । ਇਸ ਕਲਯੁੱਗ ਵਿੱਚ ਵੀ ਕੋਈ ਨਾ ਕੋਈ ਗੁਰਮੁੱਖ ਪਿਆਰਾ ਜਰੂਰ ਮਿਲ ਜਾਏਗਾ , ਜੋ ਗੁਰੂ ਸਾਹਿਬਾਨ ਵਲੋਂ ਦੱਸੇ ਮਾਰਗ ਅਤੇ ਇਨਸਾਨੀਅਤ ਦੇ ਭਲੇ ਦੀ ਖਾਤਿਰ “ ਗੁਰਮੁਖਿ ਗਾਡੀ ਰਾਹੁ ਚਲੰਦਾ” ਤੁੱਕਾਂ ਉੱਪਰ ਪਹਿਰਾ ਦੇਣ ਤੇ ਚੱਲਣ ਦੀ ਕੋਸ਼ਿਸ਼ ਵਿੱਚ ਹਮੇਸ਼ਾ ਤੱਤਪਰ ਤੇ ਸਰਗਰਮ ਹੈ । ਸੋਚ ਆਪੋ ਆਪਣੀ ਤੇ ਵਿਚਾਰ ਆਪੋ ਆਪਣੇ । ਪ੍ਰਮਾਤਮਾ ਸੱਭ ਨੂੰ ਸੁਮੱਤ ਬਖਸ਼ੇ । ਰੱਬ ਰਾਖਾ।

Share this content:



Post Comment