ਕੰਗਨਾ ਰਣੌਤ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ, ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ…
ਨਵੀਂ ਦਿੱਲੀ, 1 ਅਗਸਤ – ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਆਪਣੀਆਂ ਫ਼ਿਲਮਾਂ ਦੀਆਂ ਵੀਡੀਓ ਕਲਿੱਪਾਂ ਵਰਤ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੋਸ਼ਲ ਮੀਡੀਆ ਵਰਤੋਂਕਾਰਾਂ ’ਤੇ ਤਿੱਖਾ ਨਿਸ਼ਾਨਾ ਸੇਧਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਨੇ ਆਖਿਆ ਕਿ ਅਜਿਹੀਆਂ ਹਰਕਤਾਂ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ‘ਗੁੰਮਰਾਹ’ ਕੀਤਾ ਜਾ ਰਹਾ ਹੈ। ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਪਿਛਲੇ ਕੁੱਝ ਦਿਨਾਂ ਤੋਂ ਉਸ ਵੇਲੇ ਤੋਂ ਚਰਚਾ ’ਚ ਹਨ, ਜਦੋਂ ਉਨ੍ਹਾਂ ਨੇ ਕੌਕਰੋਚ ਜਨਤਾ ਪਾਰਟੀ (CJP) ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਵਾਲੇ ਨੌਜਵਾਨਾਂ ਖ਼ਿਲਾਫ਼ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਕੰਗਨਾ ਨੇ ‘ਜਨਰੇਸ਼ਨ ਜ਼ੈੱਡ’ (Gen Z) ਨੂੰ ‘ਜਨਰੇਸ਼ਨ ਗੱਟਰ’ ਕਰਾਰ ਦਿੰਦਿਆਂ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਨੂੰ ਅਪਮਾਨਜਨਕ ਦੱਸਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਯੂਜ਼ਰਸ ਨੇ ਕੰਗਨਾ ਦੀਆਂ ਪੁਰਾਣੀਆਂ ਫ਼ਿਲਮਾਂ ਅਤੇ ਸਮਾਗਮਾਂ ਦੀਆਂ ਕਲਿੱਪਾਂ ਸਾਂਝੀਆਂ ਕਰਕੇ ਉਨ੍ਹਾਂ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਸੀ।
ਇਨ੍ਹਾਂ ਟ੍ਰੋਲਰਾਂ ਨੂੰ ਜਵਾਬ ਦਿੰਦਿਆਂ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਇੱਕ ਵੀਡੀਓ ਕਲਿੱਪ ਸਾਂਝਾ ਕੀਤਾ। ਉਨ੍ਹਾਂ ਲਿਖਿਆ, “ਤੁਸੀਂ ਮੇਰੀਆਂ ਫ਼ਿਲਮਾਂ ਦੀਆਂ ਉਨ੍ਹਾਂ ਕਲਿੱਪਾਂ ਦੀ ਵਰਤੋਂ ਕਰ ਰਹੇ ਹੋ, ਜਿਨ੍ਹਾਂ ਦਾ ਅਦਾਕਾਰੀ ਕਰਨ ਲਈ ਮੈਨੂੰ ਕਰੋੜਾਂ ਰੁਪਏ ਮਿਲਦੇ ਹਨ। ਤੁਸੀਂ ਹਾਈ-ਪ੍ਰੋਫ਼ਾਈਲ ਸ਼ੋਅ ਬਿਜ਼ਨਸ ਈਵੈਂਟਸ, ਜਿੱਥੇ ਮੈਂ ਆਪਣੇ ਬਾਊਂਸਰਾਂ, ਇਵੈਂਟ ਪਲੈਨਰਾਂ ਤੇ ਸੁਰੱਖਿਆ ਬਲਾਂ ਨਾਲ ਘਿਰੀ ਹੁੰਦੀ ਹਾਂ, ਦੀਆਂ ਕਲਿੱਪਾਂ ਨਾਲ ਨਾਬਾਲਗਾਂ ਤੇ ਨੌਜਵਾਨਾਂ ਨੂੰ ਭਟਕਾਉਣਾ ਚਾਹੁੰਦੇ ਹੋ ਕਿ ਉਹ ਵੀ ਸੜਕਾਂ ’ਤੇ ਜਾਂ ਸਕੂਲ ਦੇ ਪ੍ਰੋਗਰਾਮਾਂ ਤੇ ਕਲੱਬਾਂ ’ਚ ਅਜਿਹਾ ਹੀ ਕਰਨ? ਕੰਗਨਾ ਨੇ ਅੱਗੇ ਚਿਤਾਵਨੀ ਦਿੰਦਿਆਂ ਲਿਖਿਆ, “ਨੌਜਵਾਨਾਂ ਨੂੰ ਭਟਕਾਉਣਾ ਬੰਦ ਕਰੋ, ਇਹ ਦੋਵੇਂ ਗੱਲਾਂ ਇੱਕੋ ਜਿਹੀਆਂ ਨਹੀਂ ਹਨ। ਅੱਜ ਤੁਸੀਂ ਦੂਜਿਆਂ ਦੇ ਬੱਚਿਆਂ ਨੂੰ ਭਟਕਾ ਰਹੇ ਹੋ, ਕੱਲ੍ਹ ਨੂੰ ਤੁਹਾਡੇ ਆਪਣੇ ਬੱਚਿਆਂ ਨਾਲ ਵੀ ਅਜਿਹਾ ਹੀ ਹੋਵੇਗਾ।”
ਜੰਤਰ-ਮੰਤਰ ਦੇ ਪ੍ਰਦਰਸ਼ਨ ਨੂੰ ਦੱਸਿਆ ਸੀ ‘ਗੰਦਗੀ ’ਤੇ ਬਦਸੂਰਤੀ’ ਦਾ ਪ੍ਰਦਰਸ਼ਨ
ਇਸ ਤੋਂ ਪਹਿਲਾਂ ਵੀ ਕੰਗਨਾ ਨੇ ਦਿੱਲੀ ਦੇ ਜੰਤਰ-ਮੰਤਰ ’ਚ ਹੋਏ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ‘ਗੰਦਗੀ ਅਤੇ ਬਦਸੂਰਤੀ’ ਦਾ ਪ੍ਰਦਰਸ਼ਨ ਦੱਸਿਆ ਸੀ। ਉਨ੍ਹਾਂ ਲਿਖਿਆ ਸੀ, “ਮੈਂ ਆਪਣੀ ਜ਼ਿੰਦਗੀ ’ਚ ਕਦੇ ਵੀ ਇੱਕੋ ਥਾਂ ’ਤੇ ਇੰਨੀ ਬਦਸੂਰਤੀ ਨਹੀਂ ਦੇਖੀ। GenZ ਪ੍ਰਦਰਸ਼ਨਾਂ ਦੀਆਂ ਇਹ ਰੀਲਾਂ ਦੇਖ ਕੇ ਉਲਟੀ ਆਉਂਦੀ ਹੈ।
Share this content:



Post Comment