ਕੈਨੇਡਾ ਬੈਠੇ ਪੁੱਤਾਂ-ਧੀਆਂ ਲਈ ਵੱਡੀ ਖ਼ਬਰ: ਮਾਪਿਆਂ ਨੂੰ ਪੱਕੇ ਤੌਰ ’ਤੇ ਕੋਲ ਬੁਲਾਉਣ ਦਾ ਖੁੱਲ੍ਹਿਆ ਰਾਹ
ਵਿੰਨੀਪੈਗ, 16 ਜੁਲਾਈ – ‘ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ’ ਕੈਨੇਡਾ ਦੀ ਪਰਿਵਾਰਕ ਮੁੜ-ਮਿਲਾਪ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਰਾਹੀਂ ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ (PR) ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸਥਾਈ ਨਿਵਾਸ ਲਈ ਕੈਨੇਡਾ ਲਿਆ ਸਕਦੇ ਹਨ। ਕੈਨੇਡਾ ਦੀ ਇਮੀਗ੍ਰੇਸ਼ਨ, ਰਫ਼ਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਇਸ ਪ੍ਰੋਗਰਾਮ (PGP) ਤਹਿਤ 2025 ਲਈ ਅਰਜ਼ੀਆਂ ਸਵੀਕਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵਿਭਾਗ ਨੇ ਦੱਸਿਆ ਕਿ 28 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਲਗਭਗ ਦੋ ਹਫ਼ਤਿਆਂ ਦੇ ਦੌਰਾਨ 2020 ਵਿੱਚ ‘ਇੰਟਰੈਸਟ ਟੂ ਸਪਾਂਸਰ’ (Interest to Sponsor) ਫਾਰਮ ਜਮ੍ਹਾਂ ਕਰਵਾਉਣ ਵਾਲੇ ਪੂਲ ਵਿੱਚੋਂ 17,860 ਸੰਭਾਵੀ ਸਪਾਂਸਰਾਂ ਨੂੰ ‘ਇਨਵਾਈਟੇਸ਼ਨ ਟੂ ਅਪਲਾਈ’ (Invitation to Apply) ਭੇਜੇ ਜਾਣਗੇ। ਸਰਕਾਰ ਦਾ ਟੀਚਾ ਇਸ ਸਾਲ 10,000 ਮੁਕੰਮਲ ਅਰਜ਼ੀਆਂ ਪ੍ਰਾਪਤ ਕਰਕੇ ਉਨ੍ਹਾਂ ’ਤੇ ਕਾਰਵਾਈ ਸ਼ੁਰੂ ਕਰਨ ਦਾ ਹੈ।
ਨਵਾਂ ਰਜਿਸਟ੍ਰੇਸ਼ਨ ਪੋਰਟਲ ਨਹੀਂ ਖੁੱਲ੍ਹੇਗਾ
IRCC ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਹੈ ਕਿ 2025 ਵਿੱਚ ਵੀ ‘ਇੰਟਰੈਸਟ ਟੂ ਸਪਾਂਸਰ’ ਲਈ ਕੋਈ ਨਵਾਂ ਰਜਿਸਟ੍ਰੇਸ਼ਨ ਪੋਰਟਲ ਨਹੀਂ ਖੋਲ੍ਹਿਆ ਜਾਵੇਗਾ। ਇਸ ਦਾ ਸਿੱਧਾ ਅਰਥ ਇਹ ਹੈ ਕਿ ਜਿਨ੍ਹਾਂ ਕੈਨੇਡੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਨੇ ਸਾਲ 2020 ਵਿੱਚ ਇਹ ਫਾਰਮ ਨਹੀਂ ਭਰਿਆ ਸੀ, ਉਹ ਇਸ ਸਾਲ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਇਸ ਪ੍ਰੋਗਰਾਮ ਤਹਿਤ ਸਪਾਂਸਰ ਕਰਨ ਲਈ ਅਰਜ਼ੀ ਨਹੀਂ ਦੇ ਸਕਣਗੇ। ਵਿਭਾਗ ਲਗਾਤਾਰ ਛੇਵੇਂ ਸਾਲ ਵੀ 2020 ਵਿੱਚ ਤਿਆਰ ਕੀਤੇ ਗਏ ਪੂਲ ਵਿੱਚੋਂ ਹੀ ਯੋਗ ਉਮੀਦਵਾਰਾਂ ਦੀ ਚੋਣ ਕਰੇਗਾ।
ਇਮੀਗ੍ਰੇਸ਼ਨ ਵਿਭਾਗ ਅਨੁਸਾਰ 2020 ਦੇ ਪੂਲ ਵਿੱਚ ਅਜੇ ਵੀ ਹਜ਼ਾਰਾਂ ਅਜਿਹੇ ਯੋਗ ਉਮੀਦਵਾਰ ਮੌਜੂਦ ਹਨ, ਜਿਨ੍ਹਾਂ ਨੂੰ ਪਿਛਲੇ ਸਾਲਾਂ ਦੌਰਾਨ ਸੱਦਾ ਨਹੀਂ ਮਿਲ ਸਕਿਆ। ਵਿਭਾਗ ਦਾ ਕਹਿਣਾ ਹੈ ਕਿ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਤੋਂ ਉਡੀਕ ਕਰ ਰਹੇ ਇਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦੇਣਾ ਵਧੇਰੇ ਉਚਿਤ ਹੈ। ਇਸ ਕਾਰਨ 2020 ਤੋਂ ਬਾਅ ਬਾਅਦ ਕੈਨੇਡਾ ਦੇ ਸਥਾਈ ਨਿਵਾਸੀ ਜਾਂ ਨਾਗਰਿਕ ਬਣੇ ਹਜ਼ਾਰਾਂ ਲੋਕਾਂ ਨੂੰ ਇਸ ਵਾਰ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲੇਗਾ।
ਈ-ਮੇਲ ਰਾਹੀਂ ਭੇਜੇ ਜਾਣਗੇ ਸੱਦੇ, ਬਿਨਾਂ ਸੱਦੇ ਵਾਲੀਆਂ ਅਰਜ਼ੀਆਂ ਹੋਣਗੀਆਂ ਰੱਦ
IRCC ਨੇ 2020 ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸਾਰੇ ਸੰਭਾਵੀ ਸਪਾਂਸਰਾਂ ਨੂੰ ਆਪਣੀ ਈ-ਮੇਲ ਨਿਯਮਿਤ ਤੌਰ ’ਤੇ ਚੈੱਕ ਕਰਨ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਕਿਹਾ ਹੈ ਕਿ ਸੱਦੇ ਸਿਰਫ਼ ਈ-ਮੇਲ ਰਾਹੀਂ ਭੇਜੇ ਜਾਣਗੇ, ਇਸ ਲਈ ਇਨਬਾਕਸ ਦੇ ਨਾਲ-ਨਾਲ ਜੰਕ (Junk) ਜਾਂ ਸਪੈਮ (Spam) ਫੋਲਡਰ ਵੀ ਵੇਖਦੇ ਰਹਿਣ। ਜਿਨ੍ਹਾਂ ਵਿਅਕਤੀਆਂ ਨੂੰ ਸੱਦਾ ਪ੍ਰਾਪਤ ਹੋਵੇਗਾ, ਉਹ ਆਪਣੀ ਅਰਜ਼ੀ Permanent Residence Portal ਜਾਂ Representative Permanent Residence Portal ਰਾਹੀਂ ਔਨਲਾਈਨ ਜਮ੍ਹਾਂ ਕਰਵਾ ਸਕਣਗੇ। ਵਿਭਾਗ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਸਿਰਫ਼ ਸੱਦਾ ਪ੍ਰਾਪਤ ਕਰਨ ਵਾਲੇ ਵਿਅਕਤੀ ਹੀ ਇਸ ਪ੍ਰੋਗਰਾਮ ਤਹਿਤ ਅਰਜ਼ੀ ਦੇਣ ਦੇ ਯੋਗ ਹੋਣਗੇ। ਬਿਨਾਂ ਸੱਦੇ ਭੇਜੀਆਂ ਗਈਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਉਹ ਵਾਪਸ ਕਰ ਦਿੱਤੀਆਂ ਜਾਣਗੀਆਂ।
ਸੱਦਾ ਨਾ ਮਿਲਣ ਵਾਲਿਆਂ ਲਈ ‘ਸੁਪਰ ਵੀਜ਼ਾ’ ਅਹਿਮ ਵਿਕਲਪ
ਜਿਨ੍ਹਾਂ ਲੋਕਾਂ ਨੂੰ ਇਸ ਵਾਰ ਵੀ ਸੱਦਾ ਨਹੀਂ ਮਿਲੇਗਾ, ਉਨ੍ਹਾਂ ਲਈ IRCC ਨੇ ‘ਸੁਪਰ ਵੀਜ਼ਾ’ (Super Visa) ਨੂੰ ਇੱਕ ਮਹੱਤਵਪੂਰਨ ਵਿਕਲਪ ਵਜੋਂ ਦਰਸਾਇਆ ਹੈ। ਇਹ ਮਲਟੀਪਲ-ਐਂਟਰੀ ਵੀਜ਼ਾ 10 ਸਾਲ ਤੱਕ ਵੈਧ ਹੁੰਦਾ ਹੈ ਅਤੇ ਇਸ ਦੇ ਤਹਿਤ ਮਾਪੇ ਜਾਂ ਦਾਦਾ-ਦਾਦੀ ਇੱਕ ਵਾਰ ਵਿੱਚ ਪੰਜ ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਹਨ। ਲੋੜ ਪੈਣ ’ਤੇ ਇਸ ਮਿਆਦ ਵਿੱਚ ਹੋਰ ਦੋ ਸਾਲ ਦਾ ਵਾਧਾ ਵੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਲਗਾਤਾਰ ਛੇਵੇਂ ਸਾਲ 2020 ਵਾਲੇ ਪੂਲ ਦੀ ਵਰਤੋਂ ਕਰਨ ਕਾਰਨ ਬਾਅਦ ਵਿੱਚ ਯੋਗ ਬਣੇ ਹਜ਼ਾਰਾਂ ਸੰਭਾਵੀ ਸਪਾਂਸਰ ਇਸ ਪ੍ਰੋਗਰਾਮ ਤੋਂ ਵਾਂਝੇ ਰਹਿ ਰਹੇ ਹਨ।
Share this content:



Post Comment