Loading Now

ਕੈਨੇਡਾ ਦੀ ਮੌਂਟਰੀਅਲ ਯੂਨੀਵਰਸਿਟੀ ਦੀ ਵੱਡੀ ਪਹਿਲ: ਫ਼ਰੈਂਚ ਵਿਚ ਸਿੱਖ ਧਰਮ ‘ਤੇ ਗ੍ਰੈਜੂਏਟ ਕੋਰਸ ਸ਼ੁਰੂ

ਕੈਨੇਡਾ ਦੀ ਮੌਂਟਰੀਅਲ ਯੂਨੀਵਰਸਿਟੀ ਦੀ ਵੱਡੀ ਪਹਿਲ: ਫ਼ਰੈਂਚ ਵਿਚ ਸਿੱਖ ਧਰਮ ‘ਤੇ ਗ੍ਰੈਜੂਏਟ ਕੋਰਸ ਸ਼ੁਰੂ

ਮੌਂਟਰੀਅਲ, 5 ਸਤੰਬਰ – ਕੈਨੇਡਾ ਦੀ ਕਿਊਬੈਕ ਸਥਿਤ ਯੂਨੀਵਰਸਿਟੀ ਆਫ ਮੌਂਟਰੀਅਲ ਨੇ ਸਿੱਖ ਧਰਮ ਦੇ ਅਕਾਦਮਿਕ ਅਧਿਐਨ ਖੇਤਰ ਵਿਚ ਅਹਿਮ ਕਦਮ ਚੁੱਕਦਿਆਂ ਫਰੈਂਚ ਭਾਸ਼ਾ ਵਿਚ ਗ੍ਰੈਜੂਏਟ ਪੱਧਰ ਦਾ ਵਿਸ਼ੇਸ਼ ਕੋਰਸ ਸ਼ੁਰੂ ਕੀਤਾ ਹੈ। ‘ਸਿੱਖ ਸਟੱਡੀਜ਼ ਇਨ ਫਰੈਂਚ’ ਨਾਮਕ ਇਹ ਕੋਰਸ ਮਾਸਟਰਜ਼ ਅਤੇ ਡਾਕਟੋਰਲ ਪੱਧਰ ਦੇ ਅਕਾਦਮਿਕ ਪ੍ਰੋਗਰਾਮਾਂ ਦਾ ਹਿੱਸਾ ਹੈ ਅਤੇ ਇਸ ਦੀਆਂ ਕਲਾਸਾਂ 2 ਸਤੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਇਸ ਪਹਿਲ ਨੂੰ ਸਮਰਥਨ ਦੇਣ ਵਾਲੇ ਮੌਂਟਰੀਅਲ ਦੇ ਕਾਰੋਬਾਰੀ ਬਲਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੀ ਪਤਨੀ ਮਨਦੀਪ ‘ਰੋਸ਼ੀ’ ਕੌਰ ਚੱਢਾ ਦਾ ਕਹਿਣਾ ਹੈ ਕਿ ਫਰੈਂਚ ਭਾਸ਼ਾ ਵਿਚ ਗ੍ਰੈਜੂਏਟ ਪੱਧਰ ’ਤੇ ਸਿੱਖ ਧਰਮ ਦੀ ਪੜ੍ਹਾਈ ਕਰਵਾਉਣ ਵਾਲਾ ਇਹ ਦੁਨੀਆ ਦਾ ਅਪਣੀ ਕਿਸਮ ਦਾ ਪਹਿਲਾ ਯੂਨੀਵਰਸਿਟੀ ਕੋਰਸ ਹੈ। ਉਨ੍ਹਾਂ ਮੁਤਾਬਕ ਇਹ ਪਹਿਲ ਸਿੱਖ ਧਰਮ ਦੇ ਅਕਾਦਮਿਕ ਅਧਿਐਨ ਨੂੰ ਨਵੇਂ ਦਾਇਰੇ ਤੱਕ ਲੈ ਕੇ ਜਾਵੇਗੀ ਅਤੇ ਫਰੈਂਚ ਭਾਸ਼ੀ ਵਿਦਿਆਰਥੀਆਂ ਤੇ ਖੋਜਕਾਰਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰੇਗੀ। ਕੋਰਸ ਤਹਿਤ ਸਿੱਖ ਧਰਮ ਦੇ ਇਤਿਹਾਸ ਤੋਂ ਲੈ ਕੇ ਆਧੁਨਿਕ ਦੌਰ ਤੱਕ ਅਧਿਐਨ ਕੀਤਾ ਜਾਵੇਗਾ।

ਉਨ੍ਹਾਂ ਮੁਤਾਬਕ ਇਹ ਕੋਰਸ ਅੰਤਰ-ਧਾਰਮਕ ਅਤੇ ਅੰਤਰ-ਸੱਭਿਆਚਾਰਕ ਸਮਝ ਵਧਾਉਣ ਵਿਚ ਵੀ ਮਦਦਗਾਰ ਹੋਵੇਗਾ। ਯੂਨੀਵਰਸਿਟੀ ਅਨੁਸਾਰ ਕੋਰਸ ਵਿਚ ਸਿੱਖ ਪਰੰਪਰਾ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਵੇਗਾ ਅਤੇ ਇਸ ਦੇ ਭਗਤੀ ਪਰੰਪਰਾ ਨਾਲ ਸਬੰਧਾਂ ਨੂੰ ਵੀ ਸਮਝਿਆ ਜਾਵੇਗਾ। ਕੋਰਸ ਦੌਰਾਨ ਵਿਦਿਆਰਥੀ ਸਿੱਖ ਧਰਮ ਦੇ ਪਵਿੱਤਰ ਗ੍ਰੰਥਾਂ, ਧਾਰਮਕ ਰਸਮਾਂ ਤੇ ਅਭਿਆਸਾਂ, ਸਿਧਾਂਤਾਂ, ਦਰਸ਼ਨ ਅਤੇ ਵਿਸ਼ਵਾਸ ਪ੍ਰਣਾਲੀ ਬਾਰੇ ਪੜ੍ਹਾਈ ਕਰਨਗੇ। ਇਸ ਤੋਂ ਇਲਾਵਾ ਸਿੱਖ ਪਰੰਪਰਾ ’ਤੇ ਬਸਤੀਵਾਦ ਦੇ ਪ੍ਰਭਾਵ, ਉੱਤਰ-ਬਸਤੀਵਾਦੀ ਦੌਰ, ਟਕਰਾਅ ਅਤੇ ਰਾਸ਼ਟਰਵਾਦੀ ਲਹਿਰਾਂ ਦਾ ਵੀ ਅਧਿਐਨ ਕੀਤਾ ਜਾਵੇਗਾ। ਕੋਰਸ ਵਿਚ ਭਾਰਤ ਅਤੇ ਵਿਸ਼ਵ ਭਰ ਵਿਚ ਸਿੱਖ ਭਾਈਚਾਰੇ, ਆਧੁਨਿਕ ਸਿੱਖ ਧਰਮ ਅਤੇ ਲੋਕਪ੍ਰਿਯ ਸਿਨੇਮਾ ਵਿਚ ਸਿੱਖ ਧਰਮ ਦੀ ਪੇਸ਼ਕਾਰੀ ਵਰਗੇ ਵਿਸ਼ਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਪੜ੍ਹਾਈ ਫਰੈਂਚ ਭਾਸ਼ਾ ਵਿਚ ਹੋਵੇਗੀ, ਪਰ ਵਿਦਿਆਰਥੀਆਂ ਨੂੰ ਅਪਣੇ ਇਮਤਿਹਾਨ ਅਤੇ ਲਿਖਤੀ ਅਸਾਈਨਮੈਂਟ ਫਰੈਂਚ ਜਾਂ ਅੰਗਰੇਜ਼ੀ ਵਿਚ ਪੂਰੇ ਕਰਨ ਦੀ ਇਜਾਜ਼ਤ ਹੋਵੇਗੀ।

ਪ੍ਰੋ. ਡਾਇਨਾ ਦਿਮਿਤਰੋਵਾ ਕਰਵਾ ਰਹੇ ਹਨ ਕੋਰਸ

ਇਸ ਕੋਰਸ ਦੀ ਅਕਾਦਮਿਕ ਨਿਗਰਾਨੀ ਪ੍ਰੋਫੈਸਰ ਡਾਇਨਾ ਦਿਮਿਤਰੋਵਾ ਕਰ ਰਹੇ ਹਨ। ਉਹ ਯੂਨੀਵਰਸਿਟੀ ਆਫ ਮੌਂਟਰੀਅਲ ਵਿਚ ਦੱਖਣੀ ਏਸ਼ਿਆਈ ਪਰੰਪਰਾਵਾਂ ਅਤੇ ਸੱਭਿਆਚਾਰਾਂ ਦੀ ਮਾਹਰ ਅਤੇ ਪ੍ਰੋਫੈਸਰ ਹਨ। ਦਿਮਿਤਰੋਵਾ ਰਾਇਲ ਸੁਸਾਇਟੀ ਆਫ਼ ਕੈਨੇਡਾ ਦੀ ਫੈਲੋ ਵੀ ਹਨ। ਉਨ੍ਹਾਂ ਨੇ ਜਰਮਨੀ ਦੀ ਹੇਡਲਬਰਗ ਯੂਨੀਵਰਸਿਟੀ ਤੋਂ ਸਾਊਥ ਏਸ਼ੀਅਨ ਸਟੱਡੀਜ਼ ਵਿਚ ਡਾਕਟਰੇਟ ਕੀਤੀ ਹੈ।

Share this content:

Post Comment