ਕੇਵਲ ਸਿੰਘ ਢਿੰਲੋਂ ਚੁਣੇ ਗਏ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ
28, ਮਈ – ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ।ਹਾਈਕਮਾਂਡ ਨੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਚੁਣਿਆ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਹਰਿਆਣਾ ‘ਚ ਡਾ. ਅਰਚਨਾ ਗੁਪਤਾ, ਦਿੱਲੀ ‘ਚ ਹਰਸ਼ ਮਲਹੋਤਰਾ ਅਤੇ ਤ੍ਰਿਪੁਰਾ ‘ਚ ਅਭਿਸ਼ੇਕ ਦੇਬਰਾਏ ਨੂੰ ਨਵੇਂ ਇੰਚਾਰਜਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਉਧਰ, ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਕੇਵਲ ਢਿੱਲੋਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵੀ ਹੁਣੇ ਹੀ ਪਤਾ ਲੱਗਿਆ ਹੈ ਕਿ ਪਾਰਟੀ ਨੇ ਮੈਨੂੰ ਇਹ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ। ਭਾਜਪਾ ਦੀ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਹੈ ਅਤੇ ਪੰਜਾਬ ‘ਚ ਕਮਲ ਖਿੜੇਗਾ ਕਿਉਂਕਿ ਹੁਣ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਵਾਰੀ ਹੈ।
ਭਾਜਪਾ ਦੀ 2027 ਚੋਣਾਂ ਦੀ ਤਿਆਰੀ
ਦੱਸ ਦਈਏ ਕਿ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਲੋੜ ਇਸ ਲਈ ਵੀ ਜ਼ਰੂਰੀ ਸੀ ਕਿ ਸੁਨੀਲ ਜਾਖੜ ਦਾ ਕਾਰਜਕਾਲ ਵੀ ਛੇਤੀ ਖ਼ਤਮ ਹੋ ਰਿਹਾ ਸੀ। ਉਨ੍ਹਾਂ ਦਾ 3 ਸਾਲ ਦਾ ਕਾਰਜਕਾਲ ਅਗਲੇ ਮਹੀਨੇ ਜੁਲਾਈ ਵਿੱਚ ਖਤਮ ਹੋ ਰਿਹਾ ਸੀ। ਹਾਲਾਂਕਿ, ਜਾਖੜ, ਪਾਰਟੀ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਦੂਜੇ ਪਾਸੇ, ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਪਾਰਟੀ ਲਈ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਸਿੱਖ ਚਿਹਰੇ ਦੀ ਵੀ ਭਾਲ ਸੀ। ਭਾਜਪਾ ਹਾਈਕਮਾਨ ‘ਚ ਪੰਜਾਬ ਦੀ ਨੁਮਾਇੰਦਗੀ ਕਰਦੇ ਸੀਨੀਅਰ ਲੀਡਰ ਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੀ 2027 ਚੋਣਾਂ ਦੇ ਮੱਦੇਨਜ਼ਰ ਸਿੱਖ ਆਗੂ ਦੀ ਵਕਾਲਤ ਕਰ ਰਹੇ ਸਨ, ਭਾਵੇਂ ਕਿ ਭਾਜਪਾ, ਹਮੇਸ਼ਾ ਹਿੰਦੂ ਸਮਰਥਕ ਰਹੀ ਹੈ।
2007 ਤੋਂ 2017 ਤੱਕ ਰਹੇ ਹਨ ਵਿਧਾਇਕ
75 ਸਾਲਾ ਢਿੱਲੋਂ ਦਾ ਜਨਮ ਬਰਨਾਲਾ ਦੇ ਟੱਲੇਵਾਲ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ 2007 ਤੋਂ 2017 ਤੱਕ ਬਰਨਾਲਾ ਤੋਂ ਵਿਧਾਇਕ ਵਜੋਂ ਸੇਵਾ ਨਿਭਾਈ, ਜਦੋਂ ਉਨ੍ਹਾਂ ਨੂੰ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਹਰਾਇਆ ਸੀ। ਉਪਰੰਤ ਉਹ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਕਈ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਜੂਨ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ
ਭਾਜਪਾ ਵੱਲੋਂ ਢਿੱਲੋਂ ਨੂੰ ਪੰਜਾਬ ਭਾਜਪਾ ਇਕਾਈ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਦੱਸ ਦਈਏ ਕਿ ਕੇਵਲ ਸਿੰਘ ਢਿੱਲੋਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹਨ, ਜੋ ਕਿ ਖੁਦ ਵੀ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਇੱਕ ਤਜ਼ਰਬੇਕਾਰ ਸਿਆਸਤਦਾਨ ਹਨ। ਇਸਤੋਂ ਪਹਿਲਾਂ ਭਾਜਪਾ ਹਾਈਕਮਾਂਡ ਵੱਲੋਂ ਹੋਰ ਜਿਹੜੇ ਸਿੱਖ ਚਿਹਰਿਆਂ ‘ਤੇ ਚਰਚਾ ਕੀਤੀ ਜਾ ਰਹੀ ਸੀ, ਜਿਨ੍ਹਾਂ ਵਿੱਚ ਪ੍ਰਮੁੱਖ ਮਨਜੀਤ ਸਿੰਘ ਰਾਏ, ਜਗਮੋਹਨ ਰਾਜੂ ਅਤੇ ਰਵਨੀਤ ਬਿੱਟੂ ਤੋਂ ਇਲਾਵਾ ਮਨਪ੍ਰੀਤ ਬਾਦਲ ਸ਼ਾਮਲ ਸਨ, ਪਰ ਅਖੀਰ ਢਿੱਲੋਂ ਦੇ ਨਾਮ ‘ਤੇ ਮੋਹਰ ਲਾਈ ਗਈ।
ਇੱਕ ਸਫਲ ਉਦਯੋਗਪਤੀ
ਕੇਵਲ ਸਿੰਘ, ਢਿੱਲੋਂ ਗਰੁੱਪ ਦੇ ਪ੍ਰਮੁੱਖ ਹਨ, ਜਿਸ ਦਾ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਵੱਡਾ ਕਾਰੋਬਾਰ ਹੈ। ਉਹ ਪੈਪਸੀਕੋ ਦੇ ਵੱਡੇ ਬੋਤਲਰਜ਼ ਵਿੱਚੋਂ ਇੱਕ ਰਹੇ ਹਨ।
Share this content:



Post Comment