Loading Now

ਕਿਸਾਨ ਜਥੇਬੰਦੀਆਂ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਕਿਸਾਨ ਜਥੇਬੰਦੀਆਂ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਭਵਾਨੀਗੜ੍ਹ , 14 ਨਵੰਬਰ- ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਅਨਾਜ ਮੰਡੀ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਭਾਕਿਯੂ ਰਾਜੇਵਾਲ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਭਾਕਿਯੂ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਨਾਲ ਟੀਚਾ ਪੂਰਾ ਹੋਣ ਦੇ ਬਹਾਨੇ ਪੰਜਾਬ ਦੀਆਂ 400 ਅਨਾਜ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਬੰਦ ਕਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਨਾ ਕਰਵਾਈ ਗਈ ਤਾਂ ਇਸ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਮਿਥਣ ਦੀ ਮੰਗ ਵੀ ਕੀਤੀ।

ਇਸ ਮੌਕੇ ਕਸ਼ਮੀਰ ਸਿੰਘ ਘਰਾਚੋਂ, ਜਸਪਾਲ ਸਿੰਘ ਘਰਾਚੋਂ, ਚਮਕੌਰ ਸਿੰਘ ਭੱਟੀਵਾਲ, ਬਲਜਿੰਦਰ ਸਿੰਘ ਸੰਘਰੇੜੀ, ਬਲਜਿੰਦਰ ਸਿੰਘ ਨਿੱਕਾ ਨਦਾਮਪੁਰ, ਸੁਖਬੀਰ ਸਿੰਘ, ਧਿਆਨ ਸਿੰਘ, ਸੁਰਜੀਤ ਸਿੰਘ ਅਤੇ ਸੁਪਿੰਦਰ ਸਿੰਘ ਹਾਜ਼ਰ ਸਨ। ਰੋਸ ਪ੍ਰਦਰਸਨ ਮਗਰੋਂ ਐੱਸ ਡੀ ਐੱਮ ਭਵਾਨੀਗੜ੍ਹ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਦਿੱਤਾ ਗਿਆ।

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਵੀਗੜ੍ਹ ਇਲਾਕੇ ਦੀ ਤਹਿਸੀਲ ਦੁਧਨਸਾਧਾਂ ਵਿੱਚ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਐੱਸ ਡੀ ਐੱਮ ਦੁਧਨਸਾਧਾਂ ਹਰਜੋਤ ਕੌਰ ਨੂੰ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨਰਿੰਦਰ ਸਿੰਘ ਲੇਹਲਾਂ, ਬੂਟਾ ਸਿੰਘ ਸ਼ਾਦੀਪੁਰ, ਜਸਵੀਰ ਸਿੰਘ ਖੇੜੀ ਰਾਜੂ ਸਿੰਘ ਅਤੇ ਗੁਰਚਰਨ ਸਿੰਘ ਪਰੌੜ ਨੇ ਕਿਹਾ ਕਿ ਐਤਕੀਂ ਝੋਨੇ ਦੀ ਬੰਪਰ ਫਸਲ ਹੋਣ ਕਰਕੇ 185 ਲੱਖ ਟਨ ਦੇ ਟੀਚੇ ਤੋਂ ਲਗਭਗ 20 ਲੱਖ ਟਨ ਵੱਧ ਝੋਨਾ ਹੋਇਆ ਹੈ, ਜਿਸ ਕਰ ਕੇ ਅਜੇ ਤੱਕ ਬਹੁਤ ਸਾਰੀਆਂ ਅਨਾਜ ਮੰਡੀਆਂ ਝੋਨੇ ਨਾਲ ਭਰੀਆਂ ਪਈਆਂ ਹਨ। ਧਰਨੇ ਵਿੱਚ ਲੱਖਾ ਸਿੰਘ ਸੰਧੂ, ਬਲਜੀਤ ਸਿੰਘ, ਸਾਹਿਬ ਸਿੰਘ ਟਾਂਡਾ, ਪਾਲਾ ਸਿੰਘ, ਲੱਖਾ ਸਿੰਘ ਉੱਪਲੀ, ਗੁਰਇਕਬਾਲ ਸਿੰਘ ਕਪੂਰੀ, ਮਲਕੀਤ ਸਿੰਘ, ਦਰਸ਼ਨ ਸਿੰਘ ਬਾਜਵਾ, ਹਰਪਾਲ ਸਿੰਘ ਰੱਤਾਖੇੜਾ, ਅਨੂਪ ਸਿੰਘ ਅਲੀਪੁਰ ਅਤੇ ਬੱਬੀ ਸੰਧੂ ਸ਼ਾਦੀਪੁਰ ਹਾਜ਼ਰ ਸਨ।

ਆੜ੍ਹਤੀ ਐਸੋਸੀਏਸ਼ਨ ਨੇ ਬਾਹਰੋਂ ਆਏ ਝੋਨੇ ਦੀ ਜਾਂਚ ਮੰਗੀ

ਸ਼ੇਰਪੁਰ (ਬੀਰਬਲ ਰਿਸ਼ੀ): ਵੱਖ-ਵੱਖ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਫ਼ਸਲ ਦੇ ਅੰਬਾਰ ਲੱਗੇ ਹੋਣ ਦੇ ਬਾਵਜੂਦ ਕੁਝ ਖਰੀਦ ਏਜੰਸੀਆਂ ਵੱਲੋਂ ਖ਼ਰੀਦ ਬੰਦ ਕਰ ਦੇਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਭਾਵੇਂ ਸਰਕਾਰ ਵੱਲੋਂ ਕੁਝ ਬੰਦ ਕੀਤੇ ਖਰੀਦ ਕੇਂਦਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਪਰ ਕਈ ਅਜਿਹੇ ਖ਼ਰੀਦ ਕੇਂਦਰ ਵੀ ਹਨ, ਜਿਨ੍ਹਾਂ ਦੇ ਨਾਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ। ਇਸ ਦੇ ਬਾਵਜੂਦ ਸਬੰਧਤ ਖਰੀਦ ਏਜੰਸੀਆਂ ਵੱਲੋਂ ਆਪਣੇ ਨਿਰਧਾਰਤ ਖ਼ਰੀਦ ਟੀਚੇ ਪੂਰੇ ਹੋਣ ਦਾ ਹਵਾਲਾ ਦੇ ਕੇ ਬੋਲੀ ਬੰਦ ਕਰ ਦਿੱਤੀ ਗਈ ਹੈ, ਜਿਸ ਦੀ ਪੁਸ਼ਟੀ ਪਨਗਰੇਨ ਦੇ ਸਬੰਧਤ ਇੰਸਪੈਕਟਰ ਨੇ ਕੀਤੀ ਹੈ। ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਪੈਂਦੇ ਖਰੀਦ ਕੇਂਦਰ ਘਨੌਰੀ ਕਲਾਂ ਵਿੱਚ ਇਸ ਸਮੇਂ ਪਨਸਪ ਝੋਨਾ ਖ਼ਰੀਦ ਰਹੀ ਹੈ, ਜਦਕਿ ਪਨਗਰੇਨ ਨੇ ਖ਼ਰੀਦ ਬੰਦ ਕਰ ਦਿੱਤੀ ਹੈ। ਇਸੇ ਤਰ੍ਹਾਂ ਕੰਬੋਵਾਲ, ਮਹਿਮਦਪੁਰ, ਖੇੜੀ ਕਲਾਂ ਅਤੇ ਸ਼ੇਰਪੁਰ ਦੇ ਖਰੀਦ ਕੇਂਦਰਾਂ ਵਿੱਚ ਵੀ ਖ਼ਰੀਦ ਬੰਦ ਹੈ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਕਿਹਾ ਕਿ ਕੁਝ ਲੋਕ ਆਪਣੇ ਹੀ ਆੜ੍ਹਤੀਆ ਕਾਰੋਬਾਰ ਨੂੰ ਖ਼ਤਮ ਕਰਨ ਦੇ ਰਾਹ ਪਏ ਹੋਏ ਹਨ। ਉਨ੍ਹਾਂ ਬਾਹਰੋਂ ਆਏ ਝੋਨੇ ਸਬੰਧੀ ਉੱਠ ਰਹੇ ਖ਼ਦਸ਼ਿਆਂ ਦੀ ਪੁਸ਼ਟੀ ਲਈ ਉੱਚ ਪੱਧਰੀ ਜਾਂਚ ਹੋਵੇ। ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਭਲਕ ਮਾਮਲੇ ਨੂੰ ਸੁਲਝਾ ਲੈਣਗੇ। ਬੀ ਕੇ ਯੂ ਰਾਜੇਵਾਲ ਦੇ ਸੂਬਾਈ ਆਗੂ ਰਛਪਾਲ ਸਿੰਘ, ਜ਼ਿਲ੍ਹਾ ਆਗੂ ਗੁਰਜੀਤ ਸਿੰਘ ਭੜੀ, ਬਲਵਿੰਦਰ ਸਿੰਘ ਜੱਖਲਾਂ ਸਮੇਤ ਦੋ ਬਲਾਕਾਂ ਦੇ ਆਗੂਆਂ ਨੇ ਐੱਸ ਡੀ ਐੱਮ ਧੂਰੀ ਨੂੰ ਮੰਗ ਪੱਤਰ ਸੌਂਪਿਆਂ। ਉਨ੍ਹਾਂ ਤੁਰੰਤ ਖ਼ਰੀਦ ਸ਼ੁਰੂ ਨਾ ਹੋਣ ‘ਤੇ ਸੰਯੁਗਤ ਮੋਰਚੇ ਦੀ ਅਗਵਾਈ ਹੇਠ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੇਜਰ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਅੱਜ ਹੋਏ ਫ਼ੈਸਲੇ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਖ਼ਰੀਦ ਕੇਂਦਰਾਂ ਵਿੱਚ ਪਈ ਹੈ ਅਤੇ ਉਨ੍ਹਾਂ ਦੇ ਕਾਗਜ਼ਾਤ ਦਰੁਸਤ ਹਨ, ਉਨ੍ਹਾਂ ਦੇ ਝੋਨੇ ਦੀ ਖ਼ਰੀਦ ਅੱਜ ਭਲਕ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ।

ਕਿਸਾਨਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਹੋਣ: ਢੀਂਡਸਾ

ਮੂਨਕ (ਕਰਮਵੀਰ ਸਿੰਘ ਸੈਣੀ): ਮੂਨਕ ਅਨਾਜ ਮੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਝੋਨੇ ਦੀ ਖ਼ਰੀਦ ਠੱਪ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਰੀਦ ਏਜੰਸੀਆਂ ਦੀ ਅਣਗਹਿਲੀ ਅਤੇ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਕਈ ਦਿਨਾਂ ਤੋਂ ਖੁੱਲ੍ਹੇ ਆਸਮਾਨ ਹੇਠ ਰਾਤਾਂ ਕੱਟਣ ਲਈ ਮਜਬੂਰ ਹਨ। ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਵਿੰਦਰ ਸਿੰਘ ਢੀਂਡਸਾ ਨੇ ਮੂਨਕ ਅਨਾਜ ਮੰਡੀ ਦਾ ਅਚਾਨਕ ਦੌਰਾ ਕੀਤਾ। ਉਨ੍ਹਾਂ ਮੰਡੀ ਵਿੱਚ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ। ਢੀਂਡਸਾ ਨੇ ਪੰਜਾਬ ਸਰਕਾਰ ਦੇ ਮੰਡੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅੰਨਦਾਤਾ ਨੂੰ ਆਰਥਿਕ ਤੇ ਮਾਨਸਿਕ ਪੀੜ ਝੱਲਣੀ ਪੈ ਰਹੀ ਹੈ। ਉਨ੍ਹਾਂ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਪੀਏ ਹਰਜੋਤ ਸਿੰਘ, ਡਾ. ਕੁਲਦੀਪ ਸਿੰਘ ਚੂੜਲ ਕਲਾਂ, ਭੁਪਿੰਦਰ ਸਿੰਘ ਮਹਾਂਸਿੰਘ ਵਾਲਾ, ਭੀਮ ਸੈਨ, ਦੀਪਕ ਪਾਲ ਸਿੰਘ, ਕੁਲਦੀਪ ਸਿੰਘ ਭੁਟਾਲ ਅਤੇ ਕਾਬਲ ਸਿੰਘ ਸੇਖੋਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਪਾਰਟੀ ਵਰਕਰ ਹਾਜ਼ਰ ਸਨ।

Share this content:

Post Comment