Loading Now

ਕਿਸਾਨਾਂ ਵੱਲੋਂ ਬਿਜਲੀ ਨਾ ਮਿਲਣ ਕਾਰਨ ਸਰਕਾਰ ਵਿਰੁੱਧ ਰੋਸ ਧਰਨਾ

ਕਿਸਾਨਾਂ ਵੱਲੋਂ ਬਿਜਲੀ ਨਾ ਮਿਲਣ ਕਾਰਨ ਸਰਕਾਰ ਵਿਰੁੱਧ ਰੋਸ ਧਰਨਾ

ਚਮਕੌਰ ਸਾਹਿਬ, 12 ਸਤੰਬਰ – ਚਮਕੌਰ ਸਾਹਿਬ ਫੀਡਰ ਨਾਲ ਜੁੜੇ ਦਰਜਨਾਂ ਪਿੰਡਾਂ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦਾ ਗੁੱਸਾ ਵੱਧ ਗਿਆ ਹੈ। ਸਰਕਾਰ ਵੱਲੋਂ ਖੇਤੀਬਾੜੀ ਲਈ 8 ਘੰਟੇ ਬਿਜਲੀ ਦੇਣ ਦੇ ਕੀਤੇ ਦਾਅਵਿਆਂ ਅਤੇ ਵਾਅਦਿਆਂ ਦੀ ਫੂਕ ਨਿਕਲਦਿਆਂ ਦੇਖ ਪਰੇਸ਼ਾਨ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗਧਰਾਮ ਅਤੇ ਕਿਸਾਨ ਯੂਨੀਅਨ (ਸ਼ੇਰੇ ਪੰਜਾਬ) ਦੇ ਆਗੂ ਜਗਦੀਪ ਸਿੰਘ ਦੀ ਸਾਂਝੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ’ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗਧਰਾਮ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਚਮਕੌਰ ਸਾਹਿਬ ਫੀਡਰ ਨਾਲ ਲਗਭਗ 6-7 ਹੋਰ ਫੀਡਰ ਜੁੜੇ ਹੋਏ ਹਨ, ਜਿਨ੍ਹਾਂ ਰਾਹੀਂ ਦਰਜਨਾਂ ਪਿੰਡਾਂ ਨੂੰ ਘਰੇਲੂ ਅਤੇ ਖੇਤੀਬਾੜੀ ਵਰਤੋਂ ਲਈ ਬਿਜਲੀ ਦਿੱਤੀ ਜਾਂਦੀ ਹੈ।

ਪਰ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ ਕਈ ਹਫ਼ਤਿਆਂ ਤੋਂ ਕਿਸਾਨਾਂ ਨੂੰ ਦਿਨ ਦੀ ਥਾਂ ਰਾਤ ਵੇਲੇ ਸਿਰਫ਼ 2 ਤੋਂ 3 ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ ਅਤੇ ਉਸ ਵਿੱਚ ਵੀ ਵਾਰ-ਵਾਰ ਕੱਟ ਲਗਾਏ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਫ਼ਸਲ ਬਿਲਕੁਲ ਪੱਕਣ ’ਤੇ ਆਈ ਹੋਈ ਹੈ। ਬਿਜਲੀ ਨਾ ਆਉਣ ਕਰਕੇ ਫ਼ਸਲਾਂ ਸੁੱਕਣ ਦੀ ਕੰਢੇ (ਕਾਗਾਰ) ’ਤੇ ਪਹੁੰਚ ਚੁੱਕੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਮਹਿੰਗੇ ਡੀਜ਼ਲ ਨਾਲ ਜਨਰੇਟਰ ਚਲਾ ਕੇ ਖੇਤਾਂ ਨੂੰ ਪਾਣੀ ਦੇਣਾ ਪੈ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਸੇਧਦਿਆਂ ਕਿਹਾ ਕਿ ਸਰਕਾਰ ਥਰਮਲ ਪਲਾਂਟਾਂ ਲਈ ਸਮੇਂ ਸਿਰ ਕੋਲੇ ਦਾ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ।

ਇਸ ਰੋਸ ਪ੍ਰਦਰਸ਼ਨ ਵਿੱਚ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਵੀ ਮੌਕੇ ’ਤੇ ਪਹੁੰਚੇ। ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਜਸਵੀਰ ਸਿੰਘ ਗੜ੍ਹੀ ਖ਼ਿਲਾਫ਼ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੌਕੇ ਦੀ ਗੰਭੀਰਤਾ ਨੂੰ ਦੇਖਦਿਆਂ ਜਸਵੀਰ ਸਿੰਘ ਗੜ੍ਹੀ ਨੇ ਬਿਜਲੀ ਬੋਰਡ ਦੇ ਐਕਸੀਅਨ ਅਤੇ ਉੱਚ ਅਧਿਕਾਰੀਆਂ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਬਿਜਲੀ ਸਪਲਾਈ ਤੁਰੰਤ ਸੁਧਾਰਨ ਦੇ ਹੁਕਮ ਦਿੱਤੇ, ਪਰੰਤੂ ਕੋਈ ਠੋਸ ਹੱਲ ਨਾ ਨਿਕਲਦਾ ਦੇਖ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ। ਇਸ ’ਤੇ ਗੜ੍ਹੀ ਨੇ ਕਿਹਾ ਕਿ ਉਹ ਲੁਠੇੜੀ ਸਕੂਲ ਜਾ ਰਹੇ ਹਨ ਅਤੇ ਵਾਪਸ ਆ ਕੇ ਕਿਸਾਨਾਂ ਦੇ ਨਾਲ ਹੀ ਧਰਨੇ ’ਤੇ ਬੈਠਣਗੇ। ਗੜ੍ਹੀ ਨੇ ਵਾਪਸ ਆ ਕੇ ਧਰਨਾਕਾਰੀਆਂ ਨੂੰ ਬਿਜਲੀ ਸਪਲਾਈ ਸਬੰਧੀ ਵਿਸ਼ਵਾਸ ਦਿਵਾਇਆ ਕਿ ਉਹ ਇਸ ਮਸਲੇ ਨੂੰ ਜਲਦੀ ਹੱਲ ਕਰਵਾਉਣਗੇ, ਜਿਸ ’ਤੇ ਕਿਸਾਨਾਂ ਵੱਲੋਂ 4 ਘੰਟੇ ਲਗਾਇਆ ਧਰਨਾ ਸਮਾਪਤ ਕਰ ਦਿੱਤਾ ਗਿਆ।

Share this content:

Post Comment