ਕਿਰਾਏਦਾਰ ਨੂੰ ਜਾਇਦਾਦ ’ਤੇ ਕਬਜ਼ੇ ਦਾ ਹੱਕ ਨਹੀਂ: High Court
ਚੰਡੀਗੜ੍ਹ, 26 ਨਵੰਬਰ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਇੱਕ ਵਾਰ ਬੇਦਖ਼ਲੀ ਦਾ ਕਾਨੂੰਨੀ ਆਧਾਰ ਸਾਬਤ ਹੋ ਗਿਆ ਤਾਂ ਮਕਾਨ ਮਾਲਕ ਨੂੰ ਜਾਇਦਾਦ ਦਾ ਕਬਜ਼ਾ ਲੈਣ ਤੋਂ ਰੋਕਣ ਲਈ ਕਿਰਾਏ ਸਬੰਧੀ ਕਾਨੂੰਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕੋਈ ਕਿਰਾਏਦਾਰ ਲੰਮੇ ਸਮੇਂ ਤੱਕ ਕਿਰਾਏ ’ਤੇ ਰਹਿਣ ਦੇ ਆਧਾਰ ’ਤੇ ਉੱਥੇ ਕਾਬਜ਼ ਰਹਿਣ ਦਾ ਦਾਅਵਾ ਨਹੀਂ ਕਰ ਸਕਦਾ। ਜਸਟਿਸ ਦੀਪਕ ਗੁਪਤਾ ਨੇ ਟਿੱਪਣੀ ਕੀਤੀ, ‘‘ਕਿਰਾਇਆ ਨਿਯੰਤਰਣ ਕਾਨੂੰਨ ਤਹਿਤ ਕਿਰਾਏਦਾਰ ਨੂੰ ਦਿੱਤੀ ਸੁਰੱਖਿਆ ਦਾ ਮਕਸਦ ਉਸ ਨੂੰ ਆਪਹੁਦਰੇ ਢੰਗ ਨਾਲ (ਉਥੋਂ) ਕੱਢਣ ਤੋਂ ਬਚਾਉਣਾ ਹੈ, ਨਾ ਕਿ ਇਸ ਲਈ ਕਿ ਉਹ ਬੇਦਖ਼ਲੀ ਦਾ ਕਾਨੂੰਨੀ ਆਧਾਰ ਬਣ ਜਾਣ ਦੇ ਬਾਵਜੂਦ ਜਾਇਦਾਦ ’ਤੇ ਆਪਣਾ ਕਬਜ਼ਾ ਬਣਾਈ ਰੱਖੇ। ਇਕ ਵਾਰ ਜਦੋਂ ਕਾਨੂੰਨ ਅਨੁਸਾਰ ਬੇਦਖ਼ਲੀ ਦਾ ਅਜਿਹਾ ਆਧਾਰ ਕਾਇਮ ਹੋ ਜਾਂਦਾ ਹੈ, ਤਾਂ ਮਕਾਨ ਮਾਲਕ ਨੂੰ ਸਿਰਫ਼ ਇਸ ਆਧਾਰ ’ਤੇ ਜਾਇਦਾਦ ਦੇ ਕਬਜ਼ੇ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਕਿ ਕਿਰਾਏਦਾਰੀ ਕਿੰਨੀ ਲੰਮੀ ਰਹੀ ਹੈ। ਇਹ ਫ਼ੈਸਲਾ ਅੰਮ੍ਰਿਤਸਰ ਦੇ ਰੈਂਟ ਕੰਟਰੋਲਰ ਅਤੇ ਅਪੀਲੀ ਅਥਾਰਿਟੀ ਵੱਲੋਂ ਜਾਰੀ ਕੀਤੇ ਬੇਦਖ਼ਲੀ ਹੁਕਮਾਂ ਵਿਰੁੱਧ ਕਿਰਾਏਦਾਰ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਨੂੰ ਖ਼ਾਰਜ ਕਰਦੇ ਹੋਏ ਸੁਣਾਇਆ ਗਿਆ। ਰੈਂਟ ਕੰਟਰੋਲਰ ਨੇ ਮਕਾਨ ਮਾਲਕਣ ਦੇ ਹੱਕ ਵਿੱਚ ਫ਼ੈਸਲਾ ਦਿੰਦਿਆਂ ਕਿਹਾ ਸੀ ਕਿ ਕਿਰਾਏ ਵਾਲੀ ਥਾਂ ਅਸੁਰੱਖਿਅਤ ਹੋ ਗਈ ਹੈ ਤੇ ਮਾਲਕਣ ਨੂੰ ਅਸਲ ਵਿੱਚ ਇਸ ਜਾਇਦਾਦ ਦੀ ਆਪਣੀ ਨਿੱਜੀ ਵਰਤੋਂ ਲਈ ਲੋੜ ਹੈ।
Share this content:


Post Comment