ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਦੀ ਜਵਾਨੀ ਸੰਭਾਲ ਯਾਤਰਾ ‘ਤੇ ਆਪ ਆਗੂ ਅਮਨ ਅਰੌੜਾ ਨੇ ਕੱਸਿਆ ਤਨਜ਼
ਲੁਧਿਆਣਾ, 13 ਨਵੰਬਰ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਨੂੰ ਲੈ ਕੇ ਪਾਰਟੀ ‘ਤੇ ਤਿੱਖਾ ਨਿਸ਼ਾਨਾ ਲਾਇਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ੁਰੂ ਕੀਤੀ ਜਾ ਰਹੀ ‘ਜਵਾਨੀ ਸੰਭਾਲ ਯਾਤਰਾ’ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਨਹੀਂ, ਸਗੋਂ ਕਈ ਕਾਂਗਰਸ ਚੱਲ ਰਹੀਆਂ ਹਨ। ਕਿਤੇ ਰਾਜਾ ਕਾਂਗਰਸ ਹੈ, ਕਿਤੇ ਪ੍ਰਤਾਪ ਬਾਜਵਾ ਕਾਂਗਰਸ, ਕਿਤੇ ਚਰਨਜੀਤ ਸਿੰਘ ਚੰਨੀ ਕਾਂਗਰਸ, ਕਿਤੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ, ਖਹਿਰਾ ਕਾਂਗਰਸ ਅਤੇ ਕਿਤੇ ਪ੍ਰਗਟ ਸਿੰਘ ਕਾਂਗਰਸ ਹੈ।
ਇਸ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਫਿਰੌਤੀ ਦੀ ਕਾਲ ਆਉਣ ਸਬੰਧੀ ਪੁੱਛੇ ਸਵਾਲ ‘ਤੇ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਆਲ ਵਿੱਚ ਕੇਜਰੀਵਾਲ ਕੋਲ ਅਜਿਹਾ ਕੁੱਝ ਨਹੀਂ ਹੈ, ਜਿਸ ਲਈ ਕੋਈ ਫਿਰੌਤੀ ਮੰਗੇ। ਉਨ੍ਹਾਂ ਕੋਲ ਤਾਂ ਦੇਸ਼ ਨੂੰ ਦੇਣ ਲਈ ਬਹੁਤ ਕੁੱਝ ਹੈ। ਕੇਜਰੀਵਾਲ ਕੋਲ ਲੋਕਾਂ ਨੂੰ ਬਿਹਤਰ ਸਿੱਖਿਆ ਦੇਣ, ਸਕੂਲਾਂ ਨੂੰ ਸੁਧਾਰਨ, ਹਸਪਤਾਲਾਂ ਨੂੰ ਅਪਗ੍ਰੇਡ ਕਰਕੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਬਣਾਉਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਦਾ ਤਜਰਬਾ ਤੇ ਵਿਚਾਰ ਹਨ।ਅਮਨ ਅਰੋੜਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੋਲ ਚੰਗੀਆਂ ਕਦਰਾਂ-ਕੀਮਤਾਂ ਅਤੇ ਲੋਕ ਭਲਾਈ ਦੇ ਵਿਚਾਰਾਂ ਦਾ ਖ਼ਜ਼ਾਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਫਿਰੌਤੀ ਦੀ ਕਾਲ ਕੀਤੀ ਵੀ ਹੈ, ਤਾਂ ਹੋ ਸਕਦਾ ਹੈ ਕਿ ਉਸ ਨੇ ਕਿਸੇ ਭੁਲੇਖੇ ਵਿੱਚ ਅਜਿਹਾ ਕੀਤਾ ਹੋਵੇ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਆਦਿ ਹਾਜ਼ਰ ਸਨ।
Share this content:



Post Comment