Loading Now

ਕਵਿਤਾ/ਲਾਸਾਨੀ ਸ਼ਹਾਦਤ…

ਕਵਿਤਾ/ਲਾਸਾਨੀ ਸ਼ਹਾਦਤ…

ਤੱਤੀ ਤਵੀ ਉੱਤੇ ਬੈਠ, ਹੱਸ ਕੇ ਭਾਣਾ ਮਿੱਠਾ ਮੰਨਦੇ ਰਹੇ,
ਨਾਮ ਦੀ ਜੋਤ ਜਗਾ ਕੇ, ਜ਼ੁਲਮ ਨੂੰ ਛਿੱਕੇ ਟੰਗਦੇ ਰਹੇ।

ਤੱਤੀ ਰੇਤ ਸਿਰ ਉੱਤੇ ਪਈ, ਚਿਹਰੇ ਉੱਤੇ ਸੀ ਨੂਰ ਸਜਿਆ,
ਸੱਚੇ ਰਾਹ ਦੇ ਪਾਂਧੀ ਬਣ, ਜ਼ੁਲਮ ਅੱਗੇ ਨਾ ਸੀਸ ਝੁਕਿਆ।

ਦੁੱਖਾਂ ਨੂੰ ਵੀ ਫੁੱਲ ਸਮਝਿਆ, ਰੱਬ ਦੀ ਰਜ਼ਾ ਕਬੂਲ ਕੀਤੀ,
ਸੇਵਾ, ਸਿਮਰਨ, ਸਬਰ ਦੀ ਗਾਥਾ, ਦੁਨੀਆ ਨੂੰ ਬਖ਼ਸ਼ ਦਿਤੀ।

ਸੁੱਖਾਂ ਵਾਲੀ ਬਾਣੀ ਗਾ ਕੇ, ਉਸਰੀ ਨਫ਼ਰਤ ਦੀ ਕੰਧ ਢਾਹੀ,
ਸਿਦਕ ਸਬਰ ਦੇ ਬੀਜ ਬੀਜ ਕੇ, ਸ਼ਹਾਦਤ ਦੀ ਜੋਤ ਜਗਾਈ।

ਸ਼ਹਾਦਤ ਕੋਈ ਹਾਰ ਨਹੀਂ ਸੀ, ਇਹ ਤਾਂ ਧਰਮ ਦੀ ਜਿੱਤ ਬਣੀ,
ਇਸ ਕੁਰਬਾਨੀ ਦੇ ਚਾਨਣ ਨਾਲ, ਹਰ ਪਾਸੇ ਸੱਚ ਦੀ ਰੀਤ ਬਣੀ।

ਜਿਸ ਨੇ ਸੱਚ ਲਈ ਤਨ ਵਾਰਿਆ, ਉਸ ਦਾ ਨਾਂ ਅਮਰ ਹੋ ਜਾਂਦਾ,
ਜਿਸ ਨੇ ਭਾਣਾ ਮਿੱਠਾ ਮੰਨਿਆ, ਉਹ ਰੱਬ ਦੇ ਨੇੜੇ ਹੋ ਜਾਂਦਾ।

ਅੱਜ ਵੀ ਹਰ ਇਕ ਸਿੱਖ ਦੇ ਮਨ ਵਿਚ, ਅਟੱਲ ਵਿਸ਼ਵਾਸ ਜਗਾਉਂਦੇ ਨੇ,
ਧੰਨ ਧੰਨ ਗੁਰੂ ਅਰਜਨ ਦੇਵ ਜੀ, ਸ਼ਹੀਦੀ ਦਾ ਮਾਣ ਵਧਾਉਂਦੇ ਨੇ।

ਯੁੱਗਾਂ ਯੁੱਗਾਂ ਤਕ ਗੂੰਜੇਗੀ, ਇਹ ਕੁਰਬਾਨੀ ਦੀ ਅਮਰ ਕਹਾਣੀ,
ਸੱਚ, ਸਬਰ ਤੇ ਸੇਵਾ ਵਾਲੀ, ‘ਬੁੱਕਣਵਾਲ’ ਇਹ ਸ਼ਹਾਦਤ ਲਾਸਾਨੀ।

Share this content:

Post Comment