ਕਵਿਤਾ/ਅਦਬੀ ਰੰਗ/ਸਿਮਰਜੀਤ ਕੌਰ ਗਰੇਵਾਲ
ਰੰਗ ਅਦਬ ਦਾ ਚਾੜ੍ਹ ਅਦੀਬਾ।
ਪਾ ਨਾ ਦਿਲ ਵਿਚ ਪਾੜ ਅਦੀਬਾ।
ਸਾੜੇ ਦੀ ਅੱਗ ਨਹੀਓਂ ਚੰਗੀ,
ਖ਼ੁਦ ਨੂੰ ਨਾ ਤੂੰ ਸਾੜ ਅਦੀਬਾ।
ਸੋਚ- ਕੁਸੈਲ਼ੀ ਦੇ ਤਹਿਖ਼ਾਨੇ,
ਆਪੇ ਨੂੰ ਨਾ ਵਾੜ ਅਦੀਬਾ।
ਜਿਸ ਥਾਂ ਨਫ਼ਰਤ ਡੇਰੇ ਲਾਵੇ,
ਦੇਵੇ ਨਗਰ ਉਜਾੜ ਅਦੀਬਾ।
ਫ਼ਸਲ ਮੁਹੱਬਤ ਦੀ ਹੀ ਚੰਗੀ,
ਵਧਦਾ ਰੱਖੀਂ ਝਾੜ ਅਦੀਬਾ।
ਸਾਂਝਾਂ ਦੀ ਰਖਵਾਲੀ ਕਰ ਲੈ,
ਪੈਂਦੀ ਜਾਂਦੀ ਧਾੜ ਅਦੀਬਾ।
ਬਣ ਕੇ ਰਹਿ ਤੂੰ ਲੋਕ- ਹਿਤੈਸ਼ੀ,
ਜੋਕਾਂ ਨੂੰ ਤੂੰ ਤਾੜ ਅਦੀਬਾ।
ਕੰਮ ਕਦੇ ਵੀ ਗ਼ਲਤ ਕਰੀਂ ਨਾ,
ਲੈ ਕਾਨੀ ਦੀ ਆੜ ਅਦੀਬਾ।
ਮਾਨਵਤਾ ਵਿਚ ਰੰਗੀ ਹੋਵੇ,
ਤੇਰੀ ਹਰ ਇਕ ਨਾੜ ਅਦੀਬਾ।
ਹਰ ਰੁੱਤੇ ਹੀ ਕਲਮ ਚਲਾਈਂ,
ਪੋਹ ਹੋਵੇ ਜਾਂ ਹਾੜ੍ਹ ਅਦੀਬਾ।
‘ਸਿਮਰ’ ਦੁਆ ਹੈ, ਜਬਰ- ਜ਼ੁਲਮ ਨੂੰ,
ਕਲਮਾਂ ਦੇਣ ਲਤਾੜ ਅਦੀਬਾ।
ਸਿਮਰਜੀਤ ਕੌਰ ਗਰੇਵਾਲ।
Share this content:


Post Comment