Loading Now

ਕਮਾਲ ਦੀ ਗੁਰਬਾਣੀ; ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ 3

ਕਮਾਲ ਦੀ ਗੁਰਬਾਣੀ; ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ 3

*ਸਾਇੰਸਦਾਨਾਂ ਲਈ ਕ੍ਰਿਸ਼ਮਾ: ਬਰਫ਼ ’ਚੋਂ ਮਿਲਿਆ 46 ਹਜ਼ਾਰ ਸਾਲ ਪੁਰਾਣਾ ਕੀੜਾ ਪ੍ਰਯੋਗਸ਼ਾਲਾ ’ਚ ਹੋਇਆ ਜੀਵਿਤ
*ਰੱਬ ਦੀ ਕੁਦਰਤ ਅਤੇ ਉਸ ਦੀ ਸਾਜਨਾ ਅਦਭੁਤ ਤੇ ਬੇਮਿਸਾਲ ਹੈ।

ਆਕਲੈਂਡ, 1 ਅਗਸਤ 2026 (ਹਰਜਿੰਦਰ ਸਿੰਘ ਬਸਿਆਲਾ) – ਕੁਦਰਤ ਦੀ ਅਥਾਹ ਸਮਰੱਥਾ ਅਤੇ ਅਨੰਤ ਖੇਡਾਂ ਬਾਰੇ ਗੁਰਬਾਣੀ ਵਿੱਚ ਬਹੁਤ ਕੁਝ ਦਰਜ ਹੈ। ਮਨੁੱਖ ਚਾਹੇ ਜਿੰਨੀ ਵੀ ਤਰੱਕੀ ਕਰ ਲਵੇ, ਪਰ ਕੁਦਰਤ ਦੇ ਗੂੜ੍ਹ ਰਹਿੱਸਾਂ ਦੇ ਅੱਗੇ ਸਾਇੰਸ ਵੀ ਅਕਸਰ ਹੈਰਾਨ-ਪ੍ਰੇਸ਼ਾਨ ਰਹਿ ਜਾਂਦੀ ਹੈ। ਅੱਜ ਦੇ ਆਧੁਨਿਕ ਯੁੱਗ ਵਿੱਚ ਅਜਿਹੀਆਂ ਹੀ ਕ੍ਰਿਸ਼ਮਈ ਅਤੇ ਅਚੰਭੇ ਵਾਲੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਵਿਗਿਆਨੀਆਂ ਨੂੰ ਡੂੰਘੀ ਸੋਚ ਵਿੱਚ ਪਾ ਦਿੰਦੀਆਂ ਹਨ ਅਤੇ ਹੋਰ ਗੰਭੀਰ ਖੋਜਾਂ ਵੱਲ ਲੈ ਜਾਂਦੀਆਂ ਹਨ। ਅਜਿਹਾ ਹੀ ਇੱਕ ਵਿਗਿਆਨਕ ਕ੍ਰਿਸ਼ਮਾ ਰੂਸ ਦੇ ਸਾਇਬੇਰੀਆ ਖੇਤਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਹਜ਼ਾਰਾਂ ਸਾਲਾਂ ਤੋਂ ਜੰਮੇ ਹੋਏ ਇੱਕ ਸੂਖਮ ਜੀਵ ਨੇ ਮੁੜ ਜੀਵਿਤ ਹੋ ਕੇ ਵਿਗਿਆਨ ਜਗਤ ਨੂੰ ਸ਼ੇਕ ਕਰ ਕੇ ਰੱਖ ਦਿੱਤਾ ਹੈ।

ਕੁਝ ਸਾਲ ਪਹਿਲਾਂ ਰੂਸ ਦੇ ਸਾਇਬੇਰੀਆ ਇਲਾਕੇ ਵਿੱਚ ਕੋਲੀਮਾ ਨਦੀ ਦੇ ਨੇੜੇ ਲਗਭਗ 40 ਮੀਟਰ ਡੂੰਘੀ ਬਰਫ਼ ਦੀ ਤਹਿ (Permafrost) ਹੇਠੋਂ ਇੱਕ ਬਹੁਤ ਹੀ ਸੂਖਮ ਕੀੜਾ ਲੱਭਿਆ ਸੀ। ਇਸ ਨਵੀਂ ਪ੍ਰਜਾਤੀ ਦਾ ਵਿਗਿਆਨਕ ਨਾਂ ‘ਪੈਨਾਗ੍ਰੋਲਾਈਮਸ ਕੋਲੀਮੈਂਸਿਸ’ (Panagrolaimus Kolymaensis  ) ਰੱਖਿਆ ਗਿਆ। ਇਹ ਨਿੱਕਾ ਜਿਹਾ ਗੰਡੋਏ ਵਰਗਾ ਸੂਖਮ ਜੀਵ ਬਰਫ਼ ਯੁੱਗ ਤੋਂ, ਯਾਨੀ ਲਗਭਗ 46,000 ਸਾਲਾਂ ਤੋਂ ਬਰਫ਼ ਵਿੱਚ ਜੰਮਿਆ ਪਿਆ ਸੀ। ਖੋਜਕਰਤਾਵਾਂ ਨੇ ਜਦੋਂ ਇਸ ਨੂੰ ਪ੍ਰਯੋਗਸ਼ਾਲਾ ਵਿੱਚ ਲਿਆ ਕੇ ਉਚਿਤ ਨਮੀ ਅਤੇ ਗਰਮਾਇਸ਼ ਦਿੱਤੀ, ਤਾਂ ਇਹ 46 ਹਜ਼ਾਰ ਸਾਲਾਂ ਬਾਅਦ ਮੁੜ ਜਿਊਂਦਾ ਹੋ ਕੇ ਤੁਰਨ-ਫਿਰਨ ਅਤੇ ਖਾਣ-ਪੀਣ ਲੱਗ ਪਿਆ।

ਵਿਗਿਆਨਕ ਨਜ਼ਰੀਆ: ਕ੍ਰਿਪਟੋਬਾਇਓਸਿਸ (Cryptobiosis) ਦੀ ਅਦਭੁਤ ਸ਼ਕਤੀ ਸਾਇੰਸਦਾਨਾਂ ਅਨੁਸਾਰ ਇਹ ਜੀਵ ਇੱਕ ਖਾਸ ਤਰ੍ਹਾਂ ਦੀ ਪਰਮ-ਡੂੰਘੀ ਨੀਂਦ ਜਾਂ ਅਕਰਮਕ ਅਵਸਥਾ ਵਿੱਚ ਚਲਾ ਗਿਆ ਸੀ, ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਕ੍ਰਿਪਟੋਬਾਇਓਸਿਸ’ (Cryptobiosis) ਕਹਿੰਦੇ ਹਨ। ਇਸ ਹਾਲਤ ਵਿੱਚ ਸਰੀਰ ਦੀ ਖੁਰਾਕ, ਊਰਜਾ ਦੀ ਖਪਤ ਅਤੇ ਸਾਹ ਦੀ ਗਤੀ ਬਿਲਕੁਲ ਸਿਫ਼ਰ (ਰੁਕ) ਹੋ ਜਾਂਦੀ ਹੈ। ਜੰਮਣ ਤੋਂ ਪਹਿਲਾਂ ਇਹ ਜੀਵ ਆਪਣੇ ਸਰੀਰ ਵਿੱਚੋਂ ਪਾਣੀ ਦੀ ਮਾਤਰਾ ਨੂੰ ਲਗਭਗ ਖ਼ਤਮ ਕਰ ਲੈਂਦਾ ਹੈ ਅਤੇ ‘ਟਰੇਹਾਲੋਜ਼’ (Trehalose) ਨਾਂ ਦੀ ਖਾਸ ਚੀਨੀ ਵਰਗੀ ਸ਼ੱਕਰ (Sugar) ਪੈਦਾ ਕਰਦਾ ਹੈ। ਇਹ ਸ਼ੱਕਰ ਸਰੀਰ ਦੇ ਸੈੱਲਾਂ (Cells) ਅਤੇ ਟਿਸ਼ੂਆਂ ਨੂੰ ਬਰਫ਼ ਦੇ ਤਿੱਖੇ ਕ੍ਰਿਸਟਲਾਂ (ਛੁਰਿਆਂ) ਵਾਂਗ ਟੁੱਟਣ ਤੋਂ ਬਚਾਉਂਦੀ ਹੈ ਅਤੇ ਇੱਕ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ।

ਬਿਨਾਂ ਨਰ ਤੋਂ ਵੰਸ਼ ਵਧਾਉਣ ਦੀ ਸਮਰੱਥਾ

ਪ੍ਰਯੋਗਸ਼ਾਲਾ ਵਿੱਚ ਜਾਗਣ ਤੋਂ ਬਾਅਦ ਇਸ ਨੇ ਇੱਕ ਹੋਰ ਹੈਰਾਨੀਜਨਕ ਕਾਰਨਾਮਾ ਦਿਖਾਇਆ। ਇਸ ਨੇ ਬਿਨਾਂ ਕਿਸੇ ਨਰ (Male) ਜੀਵ ਦੀ ਮਦਦ ਤੋਂ ਹੀ ਆਪਣੇ ਆਪ ਨਵੇਂ ਬੱਚੇ ਪੈਦਾ (Parthenogenesis ਪ੍ਰਕਿਰਿਆ ਦੁਆਰਾ) ਕਰਨੇ ਸ਼ੁਰੂ ਕਰ ਦਿੱਤੇ। ਪੈਨਾਗ੍ਰੋਲਾਈਮਸ ਕੋਲੀਮੈਂਸਿਸ ਇੱਕ ਬਹੁਤ ਹੀ ਮਾਈਕ੍ਰੋਸਕੋਪਿਕ ਨੀਮਾਟੋਡ (ਗੰਡੋਏ ਵਰਗਾ ਸੂਖਮ ਕੀੜਾ) ਹੈ, ਜਿਸ ਨੂੰ ਆਮ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਵਿਗਿਆਨਕ ਤੌਰ ’ਤੇ ਇਸ ਦੀਆਂ ਤਸਵੀਰਾਂ ਲੈਣ ਲਈ ਸਕੈਨਿੰਗ ਇਲੈਕਟਰੋਨ ਮਾਈਕ੍ਰੋਸਕੋਪ (Scanning Electron Microscope) ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਹ ਸਿਰਫ਼ ਮਾਈਕ੍ਰੋਸਕੋਪ ਹੇਠ ਹੀ ਸਾਫ਼ ਦਿਖਾਈ ਦਿੰਦਾ ਹੈ। ਰੂਸ ਦੇ ਇੰਸਟੀਚਿਊਟ ਆਫ਼ ਫਿਜ਼ੀਕੋਕੈਮੀਕਲ ਐਂਡ ਬਾਇਓਲੋਜੀਕਲ ਪ੍ਰੋਬਲਮਜ਼ ਇਨ ਸਾਇਲ ਸਾਇੰਸ ਦੇ ਵਿਗਿਆਨੀਆਂ ਨੇ ਇਸ ਮਾਦਾ ਕੀੜੇ ਦੀਆਂ ਮਾਈਕ੍ਰੋਸਕੋਪਿਕ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਅਧਿਕਾਰਤ ਵਿਗਿਆਨਕ ਤਸਵੀਰਾਂ ਵਿੱਚ ਇਸ ਕੀੜੇ ਦਾ ਸਰੀਰ ਪਤਲੇ ਧਾਗੇ ਵਰਗਾ ਅਤੇ ਬਹੁਤ ਹੀ ਬਰੀਕ ਬਣਤਰ ਵਾਲਾ ਨਜ਼ਰ ਆਉਂਦਾ ਹੈ। ਗੂਗਲ ਜਾਂ ਵਿਗਿਆਨਕ ਵੈੱਬਸਾਈਟਾਂ ਜਿਵੇਂ ਕਿ ਵਿਕੀਪੀਡੀਆ ਉੱਤੇ ਇਸ ਸੂਖਮ ਜੀਵ ਦੀਆਂ ਅਸਲੀ ਇਲੈਕਟਰੋਨ ਮਾਈਕ੍ਰੋਸਕੋਪਿਕ ਫੋਟੋਆਂ ਆਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ।

ਪੰਜਾਬ ਅਤੇ ਭਾਰਤ ਦੀ ਮਿੱਟੀ ਨਾਲ ਸਬੰਧ

ਵਰਨਣਯੋਗ ਹੈ ਕਿ ਭਾਰਤ ਅਤੇ ਪੰਜਾਬ ਦੀ ਮਿੱਟੀ ਵਿੱਚ ਵੀ ਇਸੇ ਪਰਿਵਾਰ ਦੇ ਅਤੇ ਅਜਿਹੇ ਕਈ ਸੂਖਮ ਨੀਮਾਟੋਡ ਜਾਂ ਮਿੱਟੀ ਦੇ ਕੀੜੇ ਪਾਏ ਜਾਂਦੇ ਹਨ। ਪੰਜਾਬ ਦੇ ਮਾਲਵਾ ਅਤੇ ਹੋਰ ਖੇਤਰਾਂ ਦੀ ਖੇਤੀਬਾੜੀ ਵਾਲੀ ਮਿੱਟੀ ਵਿੱਚ *ਹੋਪਲੋਲਾਈਮਸ ਇੰਡੀਕਸ*, *ਹੈਲੀਕੋਟਾਇਲੈਂਚਸ*, *ਮੈਲੋਇਡੋਗਾਈਨ ਇਨਕੋਗਨਿਟਾ* ਅਤੇ *ਪੈਨਾਗ੍ਰੋਲਾਈਮਸ* ਪਰਿਵਾਰ ਦੇ ਕਈ ਸੂਖਮ ਜੀਵ ਆਮ ਮਿਲਦੇ ਹਨ। ਇਹ ਜੀਵ ਸਾਡੀ ਮਿੱਟੀ ਦੀ ਜੈਵਿਕ ਸ਼ਕਤੀ, ਪੌਸ਼ਟਿਕਤਾ ਅਤੇ ਕੁਦਰਤੀ ਤਵਾਜ਼ਨ (5cological 2alance) ਨੂੰ ਬਣਾਈ ਰੱਖਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ।

ਗੁਰਬਾਣੀ ਦਾ ਸੰਦੇਸ਼: ਸੁੱਕਿਆਂ ਨੂੰ ਹਰਿਆ ਕਰਨ ਅਤੇ ਮੁੜ ਜੀਵਨ ਦੇਣ ਦੀ ਸਮਰੱਥਾ
ਵਿਗਿਆਨ ਅੱਜ ਜਿਸ ਚੀਜ਼ ਨੂੰ 46,000 ਸਾਲਾਂ ਬਾਅਦ ‘ਕ੍ਰਿਸ਼ਮਾ’ ਮੰਨ ਰਿਹਾ ਹੈ, ਗੁਰਬਾਣੀ ਸਾਨੂੰ ਦ੍ਰਿੜ੍ਹ ਕਰਵਾਉਂਦੀ ਹੈ ਕਿ ਉਸ ਪਰਮਾਤਮਾ ਦੀ ਕੁਦਰਤ ਵਿੱਚ ਅਜਿਹੇ ਕਰੋੜਾਂ ਕੌਤਕ ਹਰ ਪਲ ਵਾਪਰਦੇ ਹਨ। ਜੋ ਸ੍ਰਿਸ਼ਟੀ ਦਾ ਰਚੇਤਾ ਹੈ, ਉਹ ਸੁੱਕੀਆਂ ਹੋਈਆਂ ਲੱਕੜਾਂ ਜਾਂ ਮਰ ਚੁੱਕੇ ਜੀਵਾਂ ਵਿੱਚ ਵੀ ਮੁੜ ਜਿੰਦ ਪਾਉਣ ਦੀ ਸਮਰੱਥਾ ਰੱਖਦਾ ਹੈ।

ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫੁਰਮਾਉਂਦੇ ਹਨ:

ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥3॥
(ਅਰਥ: ਹੇ ਭਾਈ! ਉਸ ਪ੍ਰਭੂ ਨੂੰ ਧਿਆਵੋ, ਜੋ ਸੁੱਕੇ ਹੋਏ ਨੂੰ ਵੀ ਮੁੜ ਹਰਿਆ-ਭਰਿਆ ਕਰ ਦਿੰਦਾ ਹੈ; ਉਸ ਵਾਹਿਗੁਰੂ ਦੇ ਕੌਤਕ ਅਤੇ ਖੇਡਾਂ ਅਦਭੁਤ ਤੇ ਅਚੰਭੇ ਵਾਲੀਆਂ ਹਨ।) ਗੁਰਬਾਣੀ ਅਨੁਸਾਰ ਜੀਵ ਦਾ ਆਵਾਗਮਨ, ਪੁਨਰ-ਜਨਮ (Re-birth) ਅਤੇ ਬਿਨਾਂ ਬੀਜ/ਨਰ ਤੋਂ ਜੀਵ ਪੈਦਾ ਹੋਣਾ ਸਭ ਉਸ ਪਰਮਾਤਮਾ ਦੇ ਹੁਕਮ ਦੇ ਅਧੀਨ ਹੈ। ਜੋ ਪ੍ਰਭੂ 46,000 ਸਾਲਾਂ ਤੱਕ ਬਰਫ਼ ਹੇਠਾਂ ਕਿਸੇ ਜੀਵ ਦੀ ਰੱਖਿਆ ਕਰ ਸਕਦਾ ਹੈ ਅਤੇ ਉਸ ਨੂੰ ਮੁੜ ਨਵੀਂ ਜ਼ਿੰਦਗੀ ਬਖ਼ਸ਼ ਸਕਦਾ ਹੈ, ਉਸ ਦੀਆਂ ਲੀਲਾਵਾਂ ਦਾ ਅੰਤ ਮਨੁੱਖੀ ਬੁੱਧੀ ਜਾਂ ਵਿਗਿਆਨ ਕਦੇ ਨਹੀਂ ਪਾ ਸਕਦਾ। ਸੱਚਮੁੱਚ, ਪ੍ਰਭੂ ਦੀ ਸਾਜਨਾ ਅਪਰੰਪਾਰ ਅਤੇ ਅਦਭੁਤ ਹੈ!

Share this content:

Post Comment