‘ਓ ਸਾਥੀ ਰੇ’ ਦਾ ਟ੍ਰੇਲਰ ਰਿਲੀਜ਼
ਉੱਘੇ ਫਿਲਮਸਾਜ਼ ਇਮਤਿਆਜ਼ ਅਲੀ ਨੇ ਮੁੜ ਨਵੀਂ ਪ੍ਰੇਮ ਕਹਾਣੀ ਨਾਲ ਦਸਤਕ ਦਿੱਤੀ ਹੈ। ਇਸ ਵਾਰ ਕਹਾਣੀ ਟੁੱਟਦੇ ਵਿਆਹ ਅਤੇ ਉਲਝੇ ਰਿਸ਼ਤਿਆਂ ਵਿੱਚ ਫਸੇ ਤਿੰਨ ਜਣਿਆਂ ਦੁਆਲੇ ਘੁੰਮਦੀ ਹੈ। ਉਸ ਦੀ ਆਉਣ ਵਾਲੀ ਸੀਰੀਜ਼ ‘ਓ ਸਾਥੀ ਰੇ’ ਦਾ ਟ੍ਰੇਲਰ ਹਾਲ ’ਚ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਆਦਿਤੀ ਰਾਓ ਹੈਦਰੀ, ਅਵਿਨਾਸ਼ ਤਿਵਾੜੀ ਅਤੇ ਅਰਜੁਨ ਰਾਮਪਾਲ ਮੁੱਖ ਭੂਮਿਕਾ ਵਿੱਚ ਹਨ। ਇਹ ਸੀਰੀਜ਼ 4 ਦਸੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਟ੍ਰੇਲਰ ਵਿੱਚ ਰੋਸ਼ਨੀ (ਆਦਿਤੀ ਰਾਓ ਹੈਦਰੀ) ਅਤੇ ਕਰਨ (ਅਵਿਨਾਸ਼ ਤਿਵਾੜੀ) ਦੇ ਵਿਆਹੁਤਾ ਜੀਵਨ ਦੇ ਮੁਸ਼ਕਲ ਦੌਰ ਨੂੰ ਦਿਖਾਇਆ ਗਿਆ ਹੈ। ਹਾਲਾਤ ਉਦੋਂ ਹੋਰ ਉਲਝ ਜਾਂਦੇ ਹਨ, ਜਦੋਂ ਰੋਸ਼ਨੀ ਦੇ ਮਨ ਵਿੱਚ ਪ੍ਰਦੁਮਣ (ਅਰਜੁਨ ਰਾਮਪਾਲ) ਪ੍ਰਤੀ ਭਾਵਨਾਵਾਂ ਜਾਗਣ ਲਗਦੀਆਂ ਹਨ।
ਜਿੱਥੇ ਕਰਨ ਅਜੇ ਵੀ ਰੋਸ਼ਨੀ ਨੂੰ ਪਿਆਰ ਕਰਦਾ ਹੈ, ਉੱਥੇ ਹੀ ਰੋਸ਼ਨੀ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਨਜ਼ਰ ਆਉਂਦੀ ਹੈ। ਆਪਣੇ ਕਿਰਦਾਰ ਬਾਰੇ ਆਦਿਤੀ ਨੇ ਦੱਸਿਆ ਕਿ ਰੋਸ਼ਨੀ ਅਜਿਹੀ ਔਰਤ ਹੈ ਜੋ ਧੀ, ਪਤਨੀ ਅਤੇ ਭੈਣ ਦੇ ਰਵਾਇਤੀ ਕਿਰਦਾਰਾਂ ਤੋਂ ਉੱਪਰ ਉੱਠ ਕੇ ਆਪਣੀ ਵੱਖਰੀ ਪਛਾਣ ਲੱਭ ਰਹੀ ਹੈ। ਦੂਜੇ ਪਾਸੇ ਅਰਜੁਨ ਰਾਮਪਾਲ ਮੁਤਾਬਕ ਪ੍ਰਦੁਮਣ ਆਤਮ-ਵਿਸ਼ਵਾਸੀ ਇਨਸਾਨ ਹੈ ਜੋ ਰੋਸ਼ਨੀ ਨੂੰ ਉਸ ਦੀ ਪੁਰਾਣੀ ਪਛਾਣ ਤੋਂ ਪਰੇ ਸਮਝਦਾ ਹੈ। ਇਮਤਿਆਜ਼ ਅਲੀ ਵੱਲੋਂ ਲਿਖੀ ਸੀਰੀਜ਼ ਦਾ ਨਿਰਦੇਸ਼ਨ ਆਰਿਫ ਅਲੀ ਨੇ ਕੀਤਾ ਹੈ। ਵਿੰਡੋ ਸੀਟ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਸੀਰੀਜ਼ ਦੇ ਨਿਰਮਾਤਾ ਇਮਤਿਆਜ਼ ਅਲੀ, ਮੋਹਿਤ ਚੌਧਰੀ ਅਤੇ ਸ਼ਿਬਾਸ਼ੀਸ਼ ਸਰਕਾਰ ਹਨ।
Share this content:


Post Comment