ਐੱਸ ਆਈ ਆਰ : ਲੰਬੀ ’ਚ 10374 ਵੋਟਾਂ ਕੱਟੀਆਂ
ਲੰਬੀ – 15 ਅਕਤੂਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ’ਚ ਹਲਕਾ ਲੰਬੀ ਵਿੱਚੋਂ 10374 ਵੋਟਰ ਮਨਫ਼ੀ ਹੋ ਗਏ ਹਨ, ਜੋ 2022 ਦੀਆਂ ਆਮ ਚੋਣਾਂ ਦੇ ਮੁਕਾਬਲੇ 6.25 ਫ਼ੀਸਦੀ ਦੀ ਵੱਡੀ ਕਟੌਤੀ ਹੈ। ਐੱਸ ਆਈ ਆਰ ਤਹਿਤ ਪੜਤਾਲੀਆ ਕੈਂਚੀ ਫਿਰਨ ਮਗਰੋਂ ਹਲਕੇ ਦੀ ਵੋਟ ਗਿਣਤੀ 155453 ’ਤੇ ਸਿਮਟ ਗਈ ਹੈ।
ਇਹ ਅੰਕੜਾ 2017 ਚੋਣਾਂ ਵੇਲੇ ਦਰਜ 156334 ਵੋਟਰਾਂ ਨਾਲੋਂ ਵੀ 881 ਘੱਟ ਹੈ। 2022 ਵਿੱਚ ਹਲਕੇ ਵਿਚ 165827 ਵੋਟਰ ਸਨ। ਸਿਆਸੀ ਮਾਹਿਰਾਂ ਮੁਤਾਬਕ ਇਸ ਕਟੌਤੀ ਨੇ ਪੁਰਾਣੀ ਗਿਣਤੀ-ਮਿਣਤੀ ਨੂੰ ਇੱਕੋ ਝਟਕੇ ਉਲਟਾ ਕੇ ਰੱਖ ਦਿੱਤਾ ਹੈ। ਹੁਣ ਜਿੱਤ-ਹਾਰ ਬੇਹੱਦ ‘ਬਰੀਕ’ ਤੇ ਫਸਵੀਂ ਹੋਣ ਦੀ ਸੰਭਾਵਨਾ ਬਣ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਤਾਜ਼ਾ ਵੋਟਰ ਸੂਚੀ ਜਾਰੀ ਕੀਤੀ ਹੈ।
ਤਾਜ਼ਾ ਸੂਚੀ ਮੁਤਾਬਕ ਹੁਣ ਜਦੋਂ 10 ਹਜ਼ਾਰ ਤੋਂ ਵੱਧ ਵੋਟਰ ਮੈਦਾਨ ’ਚੋਂ ਬਾਹਰ ਹੋ ਚੁੱਕੇ ਹਨ। ਵੱਡਾ ਸਵਾਲ ਹੈ ਕਿ ਇਹ ਕਟੌਤੀ ਕਿਸ ਧਿਰ ਦੇ ਪੈਰ ਪੁੱਟੇਗੀ? ਕਿਆਸ ਹਨ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਖ਼ੁਦ ਇਸ ਸੀਟ ਤੋਂ ਉਤਰ ਸਕਦੇ ਹਨ, ਕਾਂਗਰਸ ਵੱਲੋਂ ਫ਼ਤਹਿ ਬਾਦਲ ਅਤੇ ਭਾਜਪਾ ਵੱਲੋਂ ਮੇਜਰ ਭੁਪਿੰਦਰ ਸਿੰਘ ਬਾਦਲ ਦੇ ਮੈਦਾਨ ’ਚ ਉੱਤਰਨ ਦੀਆਂ ਤਿਆਰੀਆਂ ਹਨ। ਦੂਜੇ ਪਾਸੇ ਸੱਤਾਧਾਰੀ ‘ਆਪ’ ਵੱਲੋਂ ਕਿਸੇ ਨਵੇਂ ਚਿਹਰੇ ’ਤੇ ਦਾਅ ਖੇਡਣ ਦੀਆਂ ਕਨਸੋਆਂ ਹਨ। ਸਿਆਸੀ ਮਾਹਿਰਾਂ ਮੁਤਾਬਕ ਇਨ੍ਹਾਂ ਹਾਲਾਤਾਂ ’ਚ ‘ਬਾਦਲ ਬਨਾਮ ਬਾਦਲ’ ਵਿਚਕਾਰ ਮੁਕਾਬਲੇ ਦੀ ਸੂਰਤ ‘ਚ ਹਰੇਕ ਪਿੰਡ ਤੇ ਹਰ ਬੂਥ ਦਾ ਜੋੜ-ਤੋੜ ਆਰ-ਪਾਰ ਦੀ ਜੰਗ ਸਾਬਤ ਹੋਵੇਗਾ।
8700 ਵੋਟਾਂ ਘਰ-ਘਰ ਸਰਵੇਖਣ ’ਚ ਕੱਟੀਆਂ
ਲੰਬੀ ਹਲਕੇ ਵਿੱਚ 10334 ਵੋਟਾਂ ਵਿੱਚੋਂ ਏ ਐੱਸ ਡੀ ਵਰਗ ਅਧੀਨ ਗ਼ੈਰ-ਹਾਜ਼ਰੀ, ਪਤਾ ਬਦਲਣ ਅਤੇ ਮੌਤ ਹੋਣ ਕਾਰਨ ਬੀ ਐੱਲ ਓਜ਼ ਵੱਲੋਂ ਘਰ-ਘਰ ਸਰਵੇਖਣ ਦੌਰਾਨ ਪਹਿਲਾਂ ਹੀ 8700 ਵੋਟਾਂ ਕੱਟ ਦਿੱਤੀਆਂ ਗਈਆਂ ਸਨ। ਬਾਕੀ ਰਹਿੰਦੀਆਂ ਵੋਟਾਂ ਵਿੱਚੋਂ ਸੁਣਵਾਈ ਮੌਕੇ ਵੋਟਰਾਂ ਦੇ ਗ਼ੈਰ-ਹਾਜ਼ਰ ਰਹਿਣ ਕਾਰਨ 1232 ਵੋਟਾਂ ਕੱਟੀਆਂ ਗਈਆਂ। ਨਾਲ ਹੀ ਕੁਝ ਦੋਹਰੀਆਂ ਵੋਟਾਂ ਵੀ ਰੱਦ ਕੀਤੇ ਜਾਣ ਦੀ ਸੂਚਨਾ ਹੈ।
Share this content:



Post Comment