Loading Now

ਏਸ਼ੀਆ ਵਿੱਚ ਭਾਰਤ ਤੀਜਾ ਸਭ ਤੋਂ ਤਾਕਤਵਰ ਦੇਸ਼, ਅਮਰੀਕਾ ਪਹਿਲੇ ਅਤੇ ਚੀਨ ਦੂਜੇ ਨੰਬਰ ’ਤੇ

ਏਸ਼ੀਆ ਵਿੱਚ ਭਾਰਤ ਤੀਜਾ ਸਭ ਤੋਂ ਤਾਕਤਵਰ ਦੇਸ਼, ਅਮਰੀਕਾ ਪਹਿਲੇ ਅਤੇ ਚੀਨ ਦੂਜੇ ਨੰਬਰ ’ਤੇ

ਨਵੀਂ ਦਿੱਲੀ, 23 ਨਵੰਬਰ – ‘ਲੋਵੀ ਇੰਸਟੀਚਿਊਟ’ ਵੱਲੋਂ ਅੱਜ ਜਾਰੀ ਕੀਤੀ ਗਈ ‘2026 ਏਸ਼ੀਆ ਪਾਵਰ ਇੰਡੈਕਸ’ ਰਿਪੋਰਟ ਅਨੁਸਾਰ, ਭਾਰਤ ਨੇ ਏਸ਼ੀਆ ਖ਼ਿੱਤੇ ਵਿੱਚ ਆਪਣੇ ਪ੍ਰਭਾਵ ਅਤੇ ਦਬਦਬੇ ਨੂੰ ਹੋਰ ਮਜ਼ਬੂਤ ਕੀਤਾ ਹੈ। ਰਿਪੋਰਟ ਮੁਤਾਬਕ, ਤੁਲਨਾਤਮਕ ਆਰਥਿਕ ਸਮਰੱਥਾ ਵਿੱਚ ਮਾਮੂਲੀ ਗਿਰਾਵਟ ਅਤੇ ਅੰਦਰੂਨੀ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ 2026 ਵਿੱਚ ਇੱਕ ਪ੍ਰਮੁੱਖ ਸ਼ਕਤੀ ਵਜੋਂ ਆਪਣੀ ਸਥਿਤੀ ਪੱਕੀ ਕਰਦਿਆਂ 40.5 ਅੰਕ ਹਾਸਲ ਕੀਤੇ ਹਨ, ਜਿਸ ਨਾਲ ਉਹ ਅਮਰੀਕਾ ਅਤੇ ਚੀਨ ਤੋਂ ਬਾਅਦ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਤਾਕਤ ਬਣ ਗਿਆ ਹੈ। ਖ਼ਾਸ ਗੱਲ ਇਹ ਹੈ ਕਿ 2018 ਵਿੱਚ ਇਸ ਰੈਂਕਿੰਗ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸ਼ਕਤੀ ਦਾ ਪਾੜਾ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ, ਹਾਲਾਂਕਿ ਚੀਨ ਦੀ ਤਾਕਤ ਅਜੇ ਵੀ ਭਾਰਤ ਨਾਲੋਂ 80 ਫ਼ੀਸਦੀ ਵੱਧ ਹੈ।

ਸ਼ੀ ਜਿਨਪਿੰਗ ਤੋਂ ਬਾਅਦ ਮੋਦੀ ਦੂਜੇ ਸਭ ਤੋਂ ਪ੍ਰਭਾਵਸ਼ਾਲੀ ਖ਼ਿੱਤਈ ਆਗੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਬਾਰੇ ਰਿਪੋਰਟ ਵਿੱਚ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਮਾਹਿਰਾਂ ਵੱਲੋਂ ਉਨ੍ਹਾਂ ਦੀ ਖੇਤਰੀ ਲੀਡਰਸ਼ਿਪ ਦੇ ਮੁਲਾਂਕਣ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ, ਜਿਸ ਨਾਲ ਭਾਰਤ ਤਿੰਨ ਸਥਾਨ ਉੱਪਰ ਚੜ੍ਹਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਬਾਅਦ ਏਸ਼ੀਆ ਖ਼ਿੱਤੇ ਦਾ ਦੂਜਾ ਸਭ ਤੋਂ ਪ੍ਰਭਾਵਸ਼ਾਲੀ ਆਗੂ ਮੰਨਿਆ ਗਿਆ ਹੈ। ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖਾੜੀ ਸੰਕਟ ਦੌਰਾਨ ਭਾਰਤ ਦੀ ਘੱਟ ਸਰਗਰਮ ਕੂਟਨੀਤਕ ਭੂਮਿਕਾ (ਖ਼ਾਸ ਕਰਕੇ ਭਾਰਤ ਵੱਲੋਂ ਕਰਵਾਏ ਅਭਿਆਸ ਤੋਂ ਪਰਤ ਰਹੇ ਈਰਾਨੀ ਜਲ ਸੈਨਾ ਦੇ ਜਹਾਜ਼ ਨੂੰ ਅਮਰੀਕੀ ਪਣਡੁੱਬੀ ਵੱਲੋਂ ਡੁਬੋਣ ’ਤੇ ਭਾਰਤ ਦੀ ਖ਼ਾਮੋਸ਼ੀ) ਕਾਰਨ ਉਨ੍ਹਾਂ ਦੀ ਆਲਮੀ ਲੀਡਰਸ਼ਿਪ ਅਤੇ ਰਣਨੀਤਕ ਇੱਛਾਵਾਂ ਪ੍ਰਤੀ ਧਾਰਨਾ ਵਿੱਚ ਕੁਝ ਕਮੀ ਆਈ ਹੈ।

ਆਰਥਿਕਤਾ, ਰੱਖਿਆ ਅਤੇ ਸੱਭਿਆਚਾਰਕ ਪ੍ਰਭਾਵ ਦਾ ਲੇਖਾ-ਜੋਖਾ

ਰਿਪੋਰਟ ਅਨੁਸਾਰ ਸਾਲ 2026 ਭਾਰਤ ਲਈ ਆਰਥਿਕ ਪੱਖੋਂ ਮਿਲਿਆ-ਜੁਲਿਆ ਰਿਹਾ। ਰੁਪਏ ਦੀ ਕਮਜ਼ੋਰੀ, ਕੌਮਾਂਤਰੀ ਮੁਦਰਾ ਕੋਸ਼ (IMF) ਵੱਲੋਂ ਅਰਥਵਿਵਸਥਾਵਾਂ ਨੂੰ ਮਾਪਣ ਦੇ ਤਰੀਕੇ ਵਿੱਚ ਬਦਲਾਅ ਅਤੇ ਵਿਦੇਸ਼ੀ ਨਿਵੇਸ਼ ਵਿੱਚ ਲਗਭਗ 20 ਅਰਬ ਡਾਲਰ ਦੀ ਕਮੀ ਕਾਰਨ ਭਾਰਤ ਦੀ ‘ਆਰਥਿਕ ਸਮਰੱਥਾ’ ਦਾ ਸਕੋਰ ਥੋੜ੍ਹਾ ਡਿੱਗ ਕੇ 26.4 ਅੰਕ ਰਹਿ ਗਿਆ, ਪਰ ਇਸ ਦੇ ਬਾਵਜੂਦ ਭਾਰਤ ਤੀਜੇ ਸਥਾਨ ’ਤੇ ਕਾਇਮ ਰਿਹਾ। ਦੂਜੇ ਪਾਸੇ, ਬਿਹਤਰ ਆਰਥਿਕ ਭਵਿੱਖਬਾਣੀ ਸਦਕਾ ਭਾਰਤ ਦੇ ‘ਭਵਿੱਖੀ ਸਰੋਤਾਂ’ (Future Resources) ਦਾ ਸਕੋਰ ਵਧ ਕੇ 56.2 ਅੰਕ ਹੋ ਗਿਆ ਹੈ। ਕੂਟਨੀਤਕ ਪ੍ਰਭਾਵ ਭਾਰਤ ਦਾ ਸਭ ਤੋਂ ਮਜ਼ਬੂਤ ਪੱਖ ਰਿਹਾ (70.3 ਅੰਕ)। ਇਸ ਤੋਂ ਇਲਾਵਾ ਖੇਤਰੀ ਵਪਾਰਕ ਸਬੰਧਾਂ ਵਿੱਚ ਸਥਿਰਤਾ ਸਦਕਾ ‘ਆਰਥਿਕ ਸਬੰਧਾਂ’ ਵਿੱਚ ਭਾਰਤ ਦੋ ਸਥਾਨ ਉੱਪਰ ਚੜ੍ਹ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਿਆ। ਦੱਖਣ-ਪੂਰਬੀ ਏਸ਼ੀਆ ਨੂੰ ‘ਬ੍ਰਹਮੋਸ’ (BrahMos) ਮਿਜ਼ਾਈਲਾਂ ਦੀ ਵਿਕਰੀ ਅਤੇ ਵਧਦੀ ਰੱਖਿਆ ਭਾਈਵਾਲੀ ਕਾਰਨ ‘ਰੱਖਿਆ ਨੈੱਟਵਰਕ’ ਦਾ ਸਕੋਰ 18.6 ਅੰਕਾਂ ਤੱਕ ਪੁੱਜਣ ਨਾਲ ਭਾਰਤ ਦੋ ਸਥਾਨਾਂ ਦੇ ਸੁਧਾਰ ਨਾਲ ਨੌਵੇਂ ਸਥਾਨ ’ਤੇ ਆ ਗਿਆ ਹੈ, ਜਦਕਿ ‘ਸੱਭਿਆਚਾਰਕ ਪ੍ਰਭਾਵ’ ਵੀ ਵਧ ਕੇ 43.8 ਅੰਕ ਹੋ ਗਿਆ ਹੈ।

ਅਮਰੀਕਾ ਤੇ ਚੀਨ ਵਿਚਾਲੇ ਘਟਿਆ ਫ਼ਰਕ; ਸਿਖਰਲੇ ਪੰਜ ਦੇਸ਼

ਸਮੁੱਚੇ ਤੌਰ ’ਤੇ 2026 ਏਸ਼ੀਆ ਪਾਵਰ ਇੰਡੈਕਸ ਦਰਸਾਉਂਦਾ ਹੈ ਕਿ ਖ਼ਿੱਤੇ ਵਿੱਚ ਸ਼ਕਤੀ ਸੰਤੁਲਨ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਅਮਰੀਕਾ ਅਤੇ ਚੀਨ ਅਜੇ ਵੀ ਏਸ਼ੀਆ ਦੀਆਂ ਦੋ ਪ੍ਰਮੁੱਖ ਮਹਾਂਸ਼ਕਤੀਆਂ ਹਨ, ਪਰ ਦੋਵਾਂ ਵਿਚਕਾਰ ਪਾੜਾ ਘਟ ਕੇ ਮਹਿਜ਼ 5.3 ਅੰਕ ਰਹਿ ਗਿਆ ਹੈ, ਜੋ 2018 ਤੋਂ ਹੁਣ ਤੱਕ ਦਾ ਸਭ ਤੋਂ ਘੱਟ ਫ਼ਰਕ ਹੈ। ਖ਼ਾਸ ਕਰਕੇ ਫ਼ੌਜੀ ਸਮਰੱਥਾ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਅੰਤਰ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ, ਜਿਸ ਦਾ ਮੁੱਖ ਕਾਰਨ ਬੀਜਿੰਗ ਦੀ ਤਰੱਕੀ ਨਾਲੋਂ ਵੱਧ ਵਾਸ਼ਿੰਗਟਨ ਦੀਆਂ ਰਣਨੀਤਕ ਗ਼ਲਤੀਆਂ ਨੂੰ ਦੱਸਿਆ ਗਿਆ ਹੈ।

Share this content:

Post Comment