ਏਸ਼ਿਆਈ ਖੇਡਾਂ: ਸਕੁਐਸ਼ ਵਿੱਚ ਅਭੈ ਸਿੰਘ ਅਤੇ ਅਨਾਹਤ ਸਿੰਘ ਨੇ ਜਿੱਤੇ ਚਾਂਦੀ ਦੇ ਤਗ਼ਮੇ
ਭਾਰਤ ਦੀ ਅਨਾਹਤ ਸਿੰਘ ਅਤੇ ਅਭੈ ਸਿੰਘ ਨੂੰ ਅੱਜ ਏਸ਼ਿਆਈ ਖੇਡਾਂ ਦੇ ਸਕੁਐਸ਼ ਵਿਅਕਤੀਗਤ ਮੁਕਾਬਲਿਆਂ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮਲੇਸ਼ਿਆਈ ਖਿਡਾਰੀਆਂ ਹੱਥੋਂ ਮਿਲੀ ਹੱਰ ਮਗਰੋਂ ਦੋਵਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਇਸ ਹਾਰ ਕਾਰਨ ਏਸ਼ਿਆਈ ਖੇਡਾਂ ਦੇ ਵਿਅਕਤੀਗਤ ਸਕੁਐਸ਼ ਵਿੱਚ ਭਾਰਤ ਦੀ ਸੋਨ ਤਗ਼ਮਾ ਜਿੱਤਣ ਦੀ ਉਡੀਕ ਹੋਰ ਲੰਮੀ ਹੋ ਗਈ ਹੈ। ਇਸ ਤੋਂ ਇਲਾਵਾ ਦੋਵੇਂ ਖਿਡਾਰੀ 2028 ਵਿੱਚ ਹੋਣ ਵਾਲੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧਾ ਕੁਆਲੀਫਾਈ ਕਰਨ ਤੋਂ ਵੀ ਖੁੰਝ ਗਏ, ਜਿੱਥੇ ਇਸ ਖੇਡ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਜਾਣਾ ਹੈ।
ਆਲਮੀ ਦਰਜਾਬੰਦੀ ਵਿੱਚ 24ਵੇਂ ਸਥਾਨ ’ਤੇ ਕਾਬਜ਼ ਅਭੈ ਸਿੰਘ ਨੂੰ ਮਲੇਸ਼ੀਆ ਦੇ ਮੌਜੂਦਾ ਚੈਂਪੀਅਨ ਐੱਨਜੀ ਈਨ ਯੋਅ ਨੇ ਸਿੱਧੇ ਸੈੱਟਾਂ ਵਿੱਚ 11-9, 11-5 ਅਤੇ 11-5 ਨਾਲ ਹਰਾਇਆ। ਇਹ ਮੁਕਾਬਲਾ 44 ਮਿੰਟ ਚੱਲਿਆ। ਪਹਿਲੇ ਸੈੱਟ ਵਿੱਚ ਅਭੈ ਨੇ ਸਖ਼ਤ ਟੱਕਰ ਦਿੱਤੀ, ਪਰ ਮਲੇਸ਼ਿਆਈ ਖਿਡਾਰੀ ਨੇ ਆਪਣੇ ਤਜਰਬੇ ਦੀ ਵਰਤੋਂ ਕਰਦਿਆਂ ਮੈਚ ’ਤੇ ਪਕੜ ਬਣਾ ਲਈ। ਮੈਚ ਮਗਰੋਂ ਅਭੈ ਨੇ ਆਪਣੀ ਹਾਰ ਕਬੂਲਦਿਆਂ ਕਿਹਾ ਕਿ ਵਿਰੋਧੀ ਖਿਡਾਰੀ ਉਸ ਤੋਂ ਬਿਹਤਰ ਖੇਡਿਆ ਅਤੇ ਉਸ ਦਾ ਤਜਰਬਾ ਕੰਮ ਆਇਆ। ਹੁਣ ਉਸ ਨੂੰ ਓਲੰਪਿਕ ਟਿਕਟ ਲਈ ਹੋਰ ਟੂਰਨਾਮੈਂਟਾਂ ’ਤੇ ਟੇਕ ਰੱਖਣੀ ਪਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੌਰਵ ਘੋਸ਼ਾਲ ਨੇ ਵੀ 2014 ਅਤੇ 2023 ਵਿੱਚ ਚਾਂਦੀ ਦੇ ਤਗ਼ਮੇ ਜਿੱਤੇ ਸਨ।
ਉੱਧਰ, 18 ਸਾਲਾ ਅਨਾਹਤ ਸਿੰਘ ਦਾ ਸਾਹਮਣਾ ਵਿਸ਼ਵ ਦੀ ਨੰਬਰ ਪੰਜ ਖਿਡਾਰਨ ਅਤੇ ਮੌਜੂਦਾ ਚੈਂਪੀਅਨ ਸਿਵਾਸੰਗਰੀ ਸੁਬਰਾਮਨੀਅਮ ਨਾਲ ਸੀ। ਮਲੇਸ਼ੀਆ ਦੀ ਇਸ ਖਿਡਾਰਨ ਨੇ ਅਨਾਹਤ ਨੂੰ ਮਹਿਜ਼ 27 ਮਿੰਟਾਂ ਵਿੱਚ 11-4, 11-4 ਅਤੇ 11-7 ਨਾਲ ਕਰਾਰੀ ਮਾਤ ਦਿੱਤੀ। ਮਲੇਸ਼ਿਆਈ ਖਿਡਾਰਨ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਜਦਕਿ ਅਨਾਹਤ ਨੂੰ ਆਪਣੀ ਲੈਅ ਹਾਸਲ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਤੀਜੇ ਸੈੱਟ ਵਿੱਚ ਭਾਰਤੀ ਖਿਡਾਰਨ ਨੇ ਕੁਝ ਹੱਦ ਤੱਕ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਖਿਡਾਰਨ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਹਾਰ ਦੇ ਬਾਵਜੂਦ ਵਿਸ਼ਵ ਦਰਜਾਬੰਦੀ ਵਿੱਚ 17ਵੇਂ ਸਥਾਨ ’ਤੇ ਕਾਬਜ਼ ਅਨਾਹਤ ਲਈ ਚਾਂਦੀ ਦਾ ਤਗ਼ਮਾ ਜਿੱਤਣਾ ਉਸ ਦੇ ਕਰੀਅਰ ਦੀ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।
Share this content:



Post Comment