ਉੱਘੇ ਪੰਜਾਬੀ ਲੇਖਕਾਂ ਅਜਾਇਬ ਸਿੰਘ ਹੁੰਦਲ, ਗੁਰਨਾਮ ਢਿੱਲੋਂ ਅਤੇ ਰਘਬੀਰ ਸਿੰਘ ਭਰਤ ਦੇ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 26 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਉੱਘੇ ਕਵੀ ਤੇ ਸ਼੍ਰੋਮਣੀ ਪੰਜਾਬੀ ਕਵੀ ਸਨਮਾਨਿਤ ਅਜਾਇਬ ਸਿੰਘ ਹੁੰਦਲ, ਪ੍ਰਗਤੀਸ਼ੀਲ ਲੇਖਕ ਤੇ ਆਲੋਚਕ ਗੁਰਨਾਮ ਢਿੱਲੋਂ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਗੂੜ੍ਹੇ ਗਿਆਤਾ ਮਾਸਟਰ ਰਘਬੀਰ ਸਿੰਘ ਭਰਤ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਤਿੰਨਾਂ ਲੇਖਕਾਂ ਦਾ ਵਿਛੋੜਾ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਕਿਉਂਕਿ ਉਨ੍ਹਾਂ ਦੀਆਂ ਰਚਨਾਵਾਂ ਅਤੇ ਸਾਹਿਤਕ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ। ਇਸੇ ਦੌਰਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਸਮੇਤ ਕਈ ਹੋਰ ਸਾਹਿਤਕਾਰਾਂ ਨੇ ਵੀ ਤਿੰਨਾਂ ਲੇਖਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ।
Share this content:



Post Comment