ਉੱਘੇ ਨਾਟਕਕਾਰ ਬਲਬੀਰ ਬੱਲੀ ਦਾ ਹੋਇਆ ਦੇਹਾਂਤ
ਜਗਰਾਉਂ, 17 ਨਵੰਬਰ – ਸਿਰਜਣਾ ਆਰਟ ਗਰੁੱਪ ਰਾਏਕੋਟ ਰਾਹੀਂ ਮਾਲਵਾ ਖੇਤਰ ਵਿਚ ਰੰਗਮੰਚ ਦਾ ਜਾਗ ਲਾਉਣ ਵਾਲੇ ਰੰਗਕਰਮੀ ਅਤੇ ਨਿਰਦੇਸ਼ਕ ਬਲਬੀਰ ਬੱਲੀ ਦਾ ਅੱਜ ਦੇਰ ਸ਼ਾਮ ਦਿਹਾਂਤ ਹੋ ਗਿਆ। ਉਹ 55 ਵਰ੍ਹਿਆਂ ਦੇ ਸਨ। ਉਹ ਪਿਛਲੇ ਕੁਝ ਸਮੇੰ ਤੋੰ ਨਾਸਾਜ ਚੱਲ ਰਹੇ ਸਨ ਤੋ ਉਨ੍ਹਾਂ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋੰ ਟੀ.ਵੀ ਸਿਨੇਮਾ ਦੀ ਮਾਸਟਰ ਡਿਗਰੀ ਬਲਬੀਰ ਬੱਲੀ ਨੇ ਜਲੰ ਦੂਰਦਰਸ਼ਨ ਦੇ ਨਾਲ-ਨਾਲ ਦਿੱਲੀ ਦੂਰਦਰਸ਼ਨ ਲਈ ਵੀ ਕੰਮ ਕੀਤਾ। ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਵਿਰਾਸਤ ਅਤੇ ਸੰਦਲੀ ਪੈੜਾਂ ਵਿਚ ਬਤੌਰ ਅਦਾਕਾਰ ਭੂਮਿਕਾ ਨਿਭਾਉਣ ਵਾਲੇ ਬਲਬੀਰ ਬੱਲੀ ਨੇ ਪੰਜਾਬੀ ਫਿਲਮ ” ਬਦਲਾ ਜੱਟੀ ਦਾ ” ਵਿਚ ਚੀਫ ਅਸਿਸਟੈਂਟ ਡਾਇਰੈਕਟਰ ਵਜੋੰ ਵੀ ਅਹਿਮ ਭੂਮਿਕਾ ਨਿਭਾਈ। ਬਤੌਰ ਅਦਾਕਾਰ ਉਹਨਾਂ ਸਿਨੇ ਜਗਤ ਦੀਆਂ ਨਾਮੀ ਸ਼ਖਸ਼ੀਅਤਾਂ ਨਾਲ ਕੰਮ ਕੀਤਾ।
ਬਲਬੀਰ ਬੱਲੀ ਨੂੰ ਅਕਾਸ਼ਬਾਣੀ ਜਲੰਧਰ ਦੇ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਵੀ ਮਿਲ ਗਈਆਂ ਸਨ ਪ੍ਰੰਤੂ ਉਨ੍ਹਾਂ ਬੰਦ ਕਮਰੇ ਅੰਦਰ ਰਹਿਕੇ ਕੰਮ ਕਰਨ ਨਾਲੋੰ ਰੰਗਮੰਚ ਦੇ ਮਾਧਿਅਮ ਰਾਹੀਂ ਸਿੱਧੇ ਤੌਰ ‘ਤੇ ਲੋਕਾਂ ਨਾਲ ਜੁੜਨਾ ਪਸੰਦ ਕੀਤਾ। ਉਨ੍ਹਾਂ ਰਾਏਕੋਟ ਵਰਗੇ ਪੇਂਡੂ ਖੇਤਰ ਵਿਚੋਂ ਮਾਸਿਕ ਪਰਚਾ ਬਰੂਹਾਂ ਦੇ ਨਾਲ-ਨਾਲ ਲੰਮਾ ਸਮਾਂ ਹਫਤਾਵਾਰੀ ਬਰੂਹਾਂ ਅਖਬਾਰ ਵੀ ਪ੍ਰਕਾਸ਼ਿਤ ਕੀਤਾ। ਬਲਬੀਰ ਬੱਲੀ ਨੇ ਯੂਨੀਵਰਸਿਟੀ ਪੜਦਿਆਂ ਵਿਦਿਆਰਥੀਆਂ ਲਈ ਸਾਂਝਾ ਸੰਘਰਸ਼ ਉਲੀਕ ਕੇ ਰਪੈਟਰੀ ਲਾਗੂ ਕਰਵਾਈ। ਉਨ੍ਹਾਂ ਬਤੌਰ ਨਿਰਦੇਸ਼ਕ 30 ਤੋਂ ਵਧੇਰੇ ਨਾਟਕਾਂ ਦੀਆਂ ਲੱਗਭਗ 500 ਤੋੰ ਜਿਆਦਾ ਪੇਸ਼ਕਾਰੀਆਂ ਕੀਤੀਆਂ ਤੇ ਲੋਕ ਪੱਖੀ ਕਲਾ ਕਿਰਤਾਂ ਨੂੰ ਉਤਸ਼ਾਹਿਤ ਕੀਤਾ।ਉਹ ਸਾਹਿਤ ਸਭਾ ਰਾਏਕੋਟ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਸਭਾ ਦੇ ਸੂਬਾਈ ਆਗੂ ਵੀ ਸਨ।
Share this content:



Post Comment