ਈ ਡੀ ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ
ਚੰਡੀਗਡ਼੍ਹ -20 ਅਕਤੂਬਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਕਰੀਬ ਚਾਰ ਘੰਟੇ ਲੰਮੀ ਪੁੱਛ-ਪੜਤਾਲ ਕੀਤੀ। ਉਹ ਕਰੀਬ 12 ਵਜੇ ਦੁਪਹਿਰ ਇੱਥੇ ਈ ਡੀ ਦੇ ਦਫ਼ਤਰ ’ਚ ਪਹੁੰਚੇ ਅਤੇ ਪੁੱਛ ਪੜਤਾਲ ਮਗਰੋਂ ਕਰੀਬ ਚਾਰ ਵਜੇ ਦਫ਼ਤਰ ਵਿੱਚੋਂ ਬਾਹਰ ਨਿਕਲੇ। ਉਹ ਮੀਡੀਆ ਨਾਲ ਬਿਨਾਂ ਕੋਈ ਗੱਲ ਕੀਤੇ ਵਾਪਸ ਚਲੇ ਗਏ। ਪਤਾ ਲੱਗਿਆ ਹੈ ਕਿ ਈ ਡੀ ਨੇ ਉਨ੍ਹਾਂ ਤੋਂ ਫੋਰੈਂਸਿਕ ਰਿਪੋਰਟਾਂ ਨਾਲ ਜੁੜੇ ਸਵਾਲ ਕੀਤੀ ਅਤੇ ਸਵਪਨ ਸ਼ਰਮਾ ਨੇ ਆਪਣੀ ਤਰਫ਼ੋਂ ਕੁਝ ਰਿਕਾਰਡ ਵੀ ਸਫ਼ਾਈ ਪੱਖ ਤੋਂ ਈ ਡੀ ਅਧਿਕਾਰੀਆਂ ਅੱਗੇ ਪੇਸ਼ ਕੀਤਾ।
ਈ ਡੀ ਨੇ ਕੁਝ ਦਿਨ ਪਹਿਲਾਂ ਸਵਪਨ ਸ਼ਰਮਾ ਨੂੰ ਨੋਟਿਸ ਭੇਜਿਆ ਸੀ ਅਤੇ ਅੱਜ ਪੁਲੀਸ ਕਮਿਸ਼ਨਰ ਸ਼ਰਮਾ ਰਿਕਾਰਡ ਸਮੇਤ ਸਥਾਨਕ ਈ ਡੀ ਦਫ਼ਤਰ ਵਿੱਚ ਪਹੁੰਚੇ। ਈ ਡੀ ਵੱਲੋਂ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਕਥਿਤ ਵੀਡੀਓ ਨੂੰ ਕਥਿਤ ਤੌਰ ’ਤੇ ਏ ਆਈ ਜੈਨਰੇਟਡ (ਨਕਲੀ) ਸਾਬਤ ਕਰਨ ਲਈ ਤਿਆਰ ਕੀਤੀਆਂ ਗਈਆਂ ਜਾਅਲੀ ਫੋਰੈਂਸਿਕ ਤੇ ਸਾਈਬਰ ਰਿਪੋਰਟਾਂ ਦੇ ਸਿਲਸਿਲੇ ’ਚ ਬੁਲਾਇਆ ਸੀ।
ਜਾਣਕਾਰੀ ਅਨੁਸਾਰ ਈ ਡੀ ਵੱਲੋਂ ਇਸ ਮਾਮਲੇ ਵਿੱਚ ਹੋਏ ਸ਼ੱਕੀ ਵਿੱਤੀ ਲੈਣ-ਦੇਣ ਅਤੇ ਇਸ ਪਿੱਛੇ ਰਚੀ ਗਈ ਕਥਿਤ ਸਾਜ਼ਿਸ਼ ਦੇ ਵੇਰਵਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹ ਮਾਮਲਾ ਉਸ ਸਮੇਂ ਭਖਿਆ ਸੀ ਜਦੋਂ ਗੁਰੂਗ੍ਰਾਮ ਪੁਲੀਸ ਨੇ ਇੱਕ ਕੇਸ ਦਰਜ ਕਰ ਕੇ ਖ਼ੁਲਾਸਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਜਾਅਲੀ ਸਿੱਧ ਕਰਨ ਲਈ ਮੋਟੀ ਰਕਮ ਦੇ ਬਦਲੇ ਨਕਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਈਆਂ ਗਈਆਂ ਸਨ। ਗੁਰੂਗ੍ਰਾਮ ਪੁਲੀਸ ਪਹਿਲਾਂ ਹੀ ਦੋ ਮੁਲਜ਼ਮਾਂ ਅਰੁਣ ਮਹਿੰਦਰੂ ਅਤੇ ਅੰਕਿਤ ਨੂੰ ਇਸ ਸੰਦਰਭ ’ਚ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ’ਤੇ ਕਿਸੇ ਮਾਨਤਾ ਪ੍ਰਾਪਤ ਲੈਬ ਤੋਂ ਬਿਨਾਂ ਹੀ ਕਥਿਤ ਤੌਰ ’ਤੇ ਜਾਅਲੀ ਸਾਈਬਰ ਜਾਂਚ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਲੱਗੇ ਹਨ।
Share this content:



Post Comment