Loading Now

ਈਰਾਨ ਦਾ ਇਜ਼ਰਾਈਲ ‘ਤੇ ਜ਼ਬਰਦਸਤ ਹਮਲਾ

ਈਰਾਨ ਦਾ ਇਜ਼ਰਾਈਲ ‘ਤੇ ਜ਼ਬਰਦਸਤ ਹਮਲਾ

ਤਹਿਰਾਨ, 23 ਮਾਰਚ – ਈਰਾਨ ਵੱਲੋਂ ਸ਼ਨਿੱਚਰਵਾਰ ਸ਼ਾਮ ਦੱਖਣੀ ਇਜ਼ਰਾਈਲੀ ਸ਼ਹਿਰ ਡਿਮੋਨਾ ਤੇ ਅਰਾਦ ‘ਤੇ ਦਾਗੀਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਨਾਲ ਕਾਫੀ ਨੁਕਸਾਨ ਹੋਇਆ। ਇਜ਼ਰਾਈਲ ਨੇ ਖੁਦ ਮੰਨਿਆ ਹੈ ਕਿ 180 ਲੋਕ ਜ਼ਖਮੀ ਹੋ ਗਏ ਹਨ ਤੇ 2700 ਤੋਂ ਵੱਧ ਲੋਕਾਂ ਨੂੰ ਘਰਾਂ ਤੋਂ ਚੁੱਕ ਕੇ ਹੋਰਨੀਂ ਥਾਈਂ ਲਿਜਾਣਾ ਪਿਆ ਹੈ। ਇਹ ਹਮਲੇ ਇਜ਼ਰਾਈਲ ਦੇ ਮੁੱਖ ਪ੍ਰਮਾਣੂੰ ਖੋਜ ਕੇਂਦਰ ਦੇ ਬੇਹੱਦ ਨੇੜੇ ਹੋਏ ਹਨ ਅਤੇ ਇਹ ਪਹਿਲੀ ਵਾਰ ਹੈ ਜਦੋਂ ਈਰਾਨੀ ਮਿਜ਼ਾਈਲਾਂ ਇਸ ਖੇਤਰ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੂੰ ਤੋੜਨ ਵਿੱਚ ਕਾਮਯਾਬ ਰਹੀਆਂ ਹਨ। ਈਰਾਨ ਨੇ ਕਿਹਾ ਕਿ ਉਸ ਨੇ ਆਪਣੇ ਨਤਾਂਜ਼ ਪ੍ਰਮਾਣੂੰ ਟਿਕਾਣੇ ‘ਤੇ ਹੋਏ ਹਮਲੇ ਦੇ ਜਵਾਬ ਵਿੱਚ ਡਿਮੋਨਾ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ। ਡਿਮੋਨਾ ਵਿੱਚ ਵੱਡੀ ਗਿਣਤੀ ‘ਚ ਭਾਰਤੀ-ਯਹੂਦੀ ਆਬਾਦੀ ਰਹਿੰਦੀ ਹੈ। ਜ਼ਿਆਦਾਤਰ ਲੋਕ ਮਹਾਰਾਸ਼ਟਰ ਸੂਬੇ ਨਾਲ ਸੰਬੰਧਤ ਹਨ। ਇੱਥੇ ਮਰਾਠੀ ਭਾਸ਼ਾ ਸੁਣਨ ਨੂੰ ਮਿਲ ਜਾਂਦੀ ਹੈ।

ਇਸ ਕਾਰਨ ਇਸ ਕਸਬੇ ਨੂੰ ‘ਲਿਟਲ ਇੰਡੀਆ’ (ਛੋਟਾ ਭਾਰਤ) ਵੀ ਕਿਹਾ ਜਾਂਦਾ ਹੈ। ਈਰਾਨੀ ਹਮਲੇ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੱਖਣੀ ਸ਼ਹਿਰ ਅਰਾਦ ਦਾ ਦੌਰਾ ਕਰਦਿਆਂ ਸੰਸਾਰ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਈਰਾਨ ਖਿਲਾਫ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਵਿੱਚ ਸਾਥ ਦੇਣ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਜੇ ਵਿਸ਼ਵ ਤੇਲ ਸਪਲਾਈ ਲਈ ਮਹੱਤਵਪੂਰਨ ਹਾਰਮੁਜ਼ ਜਲਡਮਰੂ ਮਾਰਗ ਤੁਰੰਤ ਨਾ ਖੋਲ੍ਹਿਆ ਗਿਆ ਤਾਂ ਅਮਰੀਕਾ ਈਰਾਨ ਦੇ ਵੱਡੇ ਪਾਵਰ ਪਲਾਂਟਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਇਸਦੇ ਜਵਾਬ ਵਿੱਚ ਇਸਲਾਮਿਕ ਰਿਪਬਲਿਕ ਆਫ ਈਰਾਨ ਨੇ ਆਪਣੇ ਘਰੇਲੂ ਊਰਜਾ ਅਤੇ ਬਾਲਣ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਕਿਸੇ ਵੀ ਫੌਜੀ ਕਾਰਵਾਈ ਵਿਰੁੱਧ ਸਖਤ ਚੇਤਾਵਨੀ ਜਾਰੀ ਕਰਦਿਆਂ ਅਮਰੀਕਾ ਅਤੇ ਉਸ ਦੇ ਖੇਤਰੀ ਸਹਿਯੋਗੀਆਂ ਦੀਆਂ ਜਾਇਦਾਦਾਂ ਵਿਰੁੱਧ ਵਿਆਪਕ ਜਵਾਬੀ ਕਾਰਵਾਈ ਦਾ ਵਾਅਦਾ ਕੀਤਾ ਹੈ।

Share this content:

Post Comment