Loading Now

ਇੱਕ ਭਾਰਤੀ ਪ੍ਰੇਮ ਕਹਾਣੀ

ਇੱਕ ਭਾਰਤੀ ਪ੍ਰੇਮ ਕਹਾਣੀ

ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਂਗਿੰਗ’ ਨੇ ਦੇਸ਼ ਭਰ ਵਿੱਚ ਇੱਕ ਨਵਾਂ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ ਅਤੇ ਬੇਸ਼ੱਕ, ਇਸ ਕਿਤਾਬ ਦੀ ਜਿਲਦ ਹੀ ਇਸ ਦਾ ਸਾਰ ਬਿਆਨ ਕਰ ਦਿੰਦੀ ਹੈ, ਇੱਕ ਨੌਜਵਾਨ ਯੂਰੋਪੀ ਔਰਤ ਦੀ ਕਾਲੀ-ਸਫ਼ੈਦ ਤਸਵੀਰ (ਜੋ ਦੁਨੀਆ ਦਾ ਅੱਧਾ ਪੈਂਡਾ ਪਾਰ ਕਰਕੇ ਉਸ ਇਨਸਾਨ ਦੀ ਮੁਹੱਬਤ ਵਿੱਚ ਇੱਥੇ ਆਈ ਅਤੇ ਉਸ ਦੀ ਮੌਤ ਮਗਰੋਂ ਵੀ ਇੱਥੇ ਹੀ ਰਹੀ, ਅਤੇ ਵਿਰੋਧੀ ਧਿਰਾਂ ਤੋਂ ਲੈ ਕੇ ਆਪਣੀ ਹੀ ਪਾਰਟੀ ਦੇ ਸਾਥੀਆਂ ਵੱਲੋਂ ਵਿਦੇਸ਼ੀ ਮੂਲ ਨੂੰ ਲੈ ਕੇ ਤਾਅਨੇ ਕੱਸੇ ਜਾਣ ਦੇ ਬਾਵਜੂਦ ਪਿੱਛੇ ਨਹੀਂ ਹਟੀ।) ਇਹ ਆਪਣੇ-ਆਪ ਵਿੱਚ ਬੇਹੱਦ ਮਨਮੋਹਕ ਅਤੇ ਅਰਥਪੂਰਨ ਤਸਵੀਰ ਹੈ। ਇਸ ਤੋਂ ਇਲਾਵਾ ਕਿਤਾਬ ਦੀ ਸੰਪਾਦਨਾ ਵਿੱਚ ਰਹਿ ਗਈਆਂ 55 ਨਾ-ਮੁਆਫ਼ ਕਰਨਯੋਗ ਗ਼ਲਤੀਆਂ ਦੇ ਬਾਵਜੂਦ, ਇਹ ਕਿਤਾਬ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਨੂੰ ਮੁੜ ਰਾਸ਼ਟਰੀ ਸਿਆਸੀ ਚਰਚਾ ਦੇ ਕੇਂਦਰ ਵਿੱਚ ਲੈ ਆਈ ਜਾਪਦੀ ਹੈ। ਬੇਸ਼ੱਕ, ਕਾਂਗਰਸ ਨੂੰ ਆਸ ਹੈ ਕਿ ਇਹ ਕਿਤਾਬ ਪਾਰਟੀ ਨੂੰ ਮੌਜੂਦਾ ਦੌਰ ਦੀ ਸਿਆਸਤ ਤੋਂ ਉੱਪਰ ਉਠਾ ਕੇ ਨਵਾਂ ਜੀਵਨਦਾਨ ਦੇਵੇਗੀ, ਉਹ ਵੀ ਉਦੋਂ ਜਦੋਂ ਪੰਜ ਅਹਿਮ ਸੂਬਿਆਂ ਦੀਆਂ ਚੋਣਾਂ ਐਨ ਸਿਰ ’ਤੇ ਹਨ, ਜਿਨ੍ਹਾਂ ਤੋਂ ਦੇਸ਼ ਦੀ ਸਿਆਸੀ ਨੁਹਾਰ ਬਦਲਣ ਦੇ ਪੂਰੇ ਆਸਾਰ ਹਨ।

ਇੰਝ ਜਾਪਦਾ ਹੈ ਜਿਵੇਂ ਸੰਚਾਰ ਕਲਾ ਦੀ ਕੋਈ ਮਾਸਟਰ-ਕਲਾਸ ਚੱਲ ਰਹੀ ਹੋਵੇ। ਇਹ ਕਲਾ ਭਾਰਤ ਦੇ ਕਹਾਣੀਆਂ ਪ੍ਰਤੀ ਪਿਆਰ ਨਾਲ ਜੁੜੀ ਹੋਈ ਹੈ, ਜਿਵੇਂ ਕਿ ‘ਕਥਾਸਰਿਤਸਾਗਰ’ (ਕਹਾਣੀਆਂ ਦਾ ਸਾਗਰ), ਜਿਸ ਨੂੰ ਕਈ ਦਹਾਕੇ ਪਹਿਲਾਂ ਸਲਮਾਨ ਰਸ਼ਦੀ ਨੇ ਅੰਗਰੇਜ਼ੀ ਜਗਤ ਨੂੰ ਸਮਝਾਇਆ ਸੀ। ਇਸੇ ਕਲਾ ਨੂੰ ਅਟਲ ਬਿਹਾਰੀ ਵਾਜਪਾਈ ਨੇ ਆਪਣੀ ਹਿੰਦੀ ਕਵਿਤਾ ਅਤੇ ਸ਼ਾਨਦਾਰ ਅੰਦਾਜ਼ ਨਾਲ ਸਹਿਜ ਭਾਵ ਨਾਲ ਸਮਝਿਆ ਸੀ। ਭਾਵੇਂ ਦੇਸ਼ ਨੇ ਹਮੇਸ਼ਾ ਭਾਜਪਾ ਨੂੰ ਵੋਟਾਂ ਨਾ ਪਾਈਆਂ ਹੋਣ ਪਰ ਇਹੀ ਕਾਰਨ ਸੀ ਕਿ ਦੇਸ਼ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਸੋਨੀਆ ਦੀ ਇਸ ਸਵੈ-ਜੀਵਨੀ ਵਿੱਚ ਇੱਕ ਬਹੁਤ ਸੋਹਣਾ ਕਿੱਸਾ ਹੈ ਕਿ ਕਿਵੇਂ ਵਾਜਪਾਈ ਨੇ ਇੱਕ ਵਾਰ ਉਨ੍ਹਾਂ ਨੂੰ ਸਮਝਾਇਆ ਸੀ ਕਿ ਭਾਵੇਂ ਕਾਂਗਰਸ ਅਤੇ ਭਾਜਪਾ ਸਿਆਸੀ ਤੌਰ ’ਤੇ ਇੱਕ-ਦੂਜੇ ਦੇ ਕੱਟੜ ਵਿਰੋਧੀ ਹੋਣ ਪਰ ਸਿਆਸਤ ਤੋਂ ਬਾਹਰ ਦੋਵਾਂ ਧਿਰਾਂ ਦੇ ਆਪਸੀ ਰਿਸ਼ਤੇ ਹਮੇਸ਼ਾ ਬਣੇ ਰਹਿ ਸਕਦੇ ਹਨ। ਅਤੇ ਸਾਲਾਂ ਬਾਅਦ, ਜਦੋਂ ਉਹ ਸਟ੍ਰੋਕ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਗਈ ਤਾਂ ਵਾਜਪਾਈ ਜੀ ਨੇ ਬਿਨਾਂ ਕੁਝ ਬੋਲਿਆਂ ਆਪਣਾ ਹੱਥ ਅੱਗੇ ਵਧਾਇਆ ਅਤੇ ਉਨ੍ਹਾਂ ਦਾ ਹੱਥ ਫੜ ਲਿਆ।

ਸੋਨੀਆ ਦੀ ਇਹ ਕਿਤਾਬ ਤੁਸੀਂ ‘ਬਲਿੰਕਇੱਟ’ ਤੋਂ ਵੀ ਮੰਗਵਾ ਸਕਦੇ ਹੋ, ਇਹ ਵੀ ਸਿਆਸੀ ਰਣਨੀਤੀ ਦਾ ਹੀ ਇੱਕ ਹਿੱਸਾ ਹੈ। ਕਿਤਾਬ ਦੇ ਬਾਜ਼ਾਰ ਵਿੱਚ ਆਉਣ ਤੋਂ ਮਹਿਜ਼ ਕੁਝ ਦਿਨ ਪਹਿਲਾਂ, ਕਾਂਗਰਸ ਦੀ ਇਸ ਸੀਨੀਅਰ ਆਗੂ ਨੇ ਇੰਸਟਾਗ੍ਰਾਮ ਉੱਤੇ ਕਦਮ ਰੱਖਿਆ। ਭਾਵੇਂ ਪ੍ਰਧਾਨ ਮੰਤਰੀ ਮੋਦੀ ਦੇ ਮੁਕਾਬਲੇ ਇੰਸਟਾਗ੍ਰਾਮ ਉੱਤੇ ਉਹ ਹਾਲੇ ਕਾਫ਼ੀ ਨਵੀਂ ਹੈ (ਪ੍ਰਧਾਨ ਮੰਤਰੀ ਦੇ 10 ਕਰੋੜ 70 ਲੱਖ ਫਾਲੋਅਰਜ਼ ਦੇ ਮੁਕਾਬਲੇ ਪਿਛਲੇ ਤਿੰਨ ਹਫ਼ਤਿਆਂ ਵਿੱਚ ਉਨ੍ਹਾਂ ਦੇ ਸਿਰਫ਼ 3,55,000 ਫਾਲੋਅਰਜ਼ ਹੀ ਬਣੇ ਹਨ) ਪਰ ਇਸ ਦਾ ਸਾਫ਼ ਮਕਸਦ ਭਾਰਤ ਦੇ ਸਭ ਤੋਂ ਪੁਰਾਣੇ ਸਿਆਸੀ ਪਰਿਵਾਰ ਦੀਆਂ ਗੁੰਝਲਦਾਰ ਅਤੇ ਉਲਝਣਾਂ ਭਰੀਆਂ ਕਹਾਣੀਆਂ ਨੂੰ ਦੇਸ਼ ਦੇ ਨੌਜਵਾਨਾਂ ਤੱਕ ਪਹੁੰਚਾਉਣਾ ਹੈ। ਇਸ ਦਾ ਮਕਸਦ ਬੀਤੇ ਸਮੇਂ ਨੂੰ ਉਸ ਦੇ ਚੰਗੇ-ਮਾੜੇ ਸਾਰੇ ਪੱਖਾਂ ਸਮੇਤ ਮੁੜ ਸੁਰਜੀਤ ਕਰਨਾ ਹੈ, ਤਾਂ ਜੋ ਦੇਸ਼ ਨੂੰ ਇਹ ਯਾਦ ਕਰਵਾਇਆ ਜਾ ਸਕੇ ਕਿ ਗਾਂਧੀ ਪਰਿਵਾਰ ਨਾਲ ਦੇਸ਼ ਦਾ ਅਜਿਹਾ ਖ਼ਾਸ ਰਿਸ਼ਤਾ ਕਿਉਂ ਬਣਿਆ ਹੋਇਆ ਹੈ।

ਇਹ ਸਾਰੀ ਕਵਾਇਦ ਮਾਰਕੀਟਿੰਗ ਦੀ ਉਸ ਪੁਰਾਣੀ ਕਹਾਵਤ ਨੂੰ ਮੁੜ ਦੁਹਰਾਉਂਦੀ ਹੈ ਕਿ ਚੰਗੀ ਜਾਂ ਮਾੜੀ ਕੋਈ ਵੀ ਪਬਲੀਸਿਟੀ ਮਾੜੀ ਨਹੀਂ ਹੁੰਦੀ। ਇੱਕ ਭਾਰਤੀ ਪ੍ਰੇਮ ਕਹਾਣੀ ਤੋਂ ਵਧ ਕੇ ਹੋਰ ਕੀ ਹੋ ਸਕਦਾ ਹੈ, ਜਿਸ ਦੀ ਕੇਂਦਰੀ ਪਾਤਰ ‘ਭਾਰਤ ਮਾਤਾ’ ਹੋਵੇ, ਅਤੇ ਜਿਸ ਦੇ ਕਿਰਦਾਰ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਨਾਲ-ਨਾਲ ਵੱਖ-ਵੱਖ ਧਰਮਾਂ ਵਿੱਚੋਂ ਆਏ ਹੋਣ? ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਇਹ ਕਿਤਾਬ ਕਾਂਗਰਸ ਪਾਰਟੀ ਨੂੰ ਮੌਜੂਦਾ ਚੋਣਾਂ ਵਿੱਚ ਕੋਈ ਵੱਡਾ ਲਾਭ ਪਹੁੰਚਾ ਦੇਵੇਗੀ, ਭਾਵੇਂ ਅਸੀਂ ਜਾਣਦੇ ਹਾਂ ਕਿ ਅਤੀਤ ਕਦੇ ਵੀ ਪੂਰੀ ਤਰ੍ਹਾਂ ਖਹਿੜਾ ਨਹੀਂ ਛੱਡਦਾ ਅਤੇ ਇਸ ਦੀ ਵਰਤਮਾਨ ਵਿੱਚ ਦਖ਼ਲ ਦੇਣ ਦੀ ਇੱਕ ਭੈੜੀ ਆਦਤ ਹੁੰਦੀ ਹੈ। ਇਹ ਗੱਲ ਪੰਜਾਬ ਲਈ ਓਨੀ ਹੀ ਸੱਚ ਹੈ, ਜੋ 1984 ਦੇ ਦੰਗਿਆਂ ਦੇ ਭਿਆਨਕ ਦੁਖਾਂਤ ਨੂੰ ਅੱਜ ਵੀ ਬਾਖ਼ੂਬੀ ਚੇਤੇ ਰੱਖਦਾ ਹੈ, ਜਿੰਨੀ ਕਿ ਉੱਤਰ ਪ੍ਰਦੇਸ਼ ਲਈ, ਜਿਸ ਨੇ ਰਾਮ ਮੰਦਰ ਬਣਾਉਣ ਦੇ ਵਾਅਦੇ ’ਤੇ ਵਾਰ-ਵਾਰ ਭਾਜਪਾ ਨੂੰ ਸੱਤਾ ਵਿੱਚ ਲਿਆਂਦਾ ਹੈ, ਅਤੇ ਜੋ ਹੁਣ ਇਹ ਸੋਚ ਰਿਹਾ ਹੈ ਕਿ ਅਯੁੱਧਿਆ ਦੇ ਮੰਦਰ ਵਿੱਚ ਹੋਈ ਚੋਰੀ ਉਸ ਦੀ ਸਿਆਸੀ ਕਿਸਮਤ ਨੂੰ ਕਿਵੇਂ ਪ੍ਰਭਾਵਿਤ ਕਰੇਗੀ।

ਪੰਜਾਬ ਅਤੇ ਦਿੱਲੀ ਵਿੱਚ ਸੋਨੀਆ ਗਾਂਧੀ ਵੱਲੋਂ 1984 ਦੇ ਕਤਲੇਆਮ ਨੂੰ “ਦੁਖਦਾਈ ਅਤੇ ਸ਼ਰਮਨਾਕ” ਕਰਾਰ ਦਿੱਤੇ ਜਾਣ ਨੇ ਸਿਆਸੀ ਪੱਧਰ ’ਤੇ ਭਾਰੀ ਹਲਚਲ ਮਚਾ ਦਿੱਤੀ ਹੈ। ਇਸ ਦੌਰਾਨ ਭਾਜਪਾ ਵੱਲੋਂ ਸਿੱਖ ਵਿਰੋਧੀ ਦੰਗਿਆਂ ਦੀਆਂ ਕੁਝ ਵਿਧਵਾਵਾਂ ਨੂੰ ਗੁਰਦੁਆਰਾ ਰਕਾਬ ਗੰਜ ਵਿਖੇ ਲਿਆਂਦਾ ਗਿਆ ਤਾਂ ਜੋ ਉਹ ਆਪਣੀਆਂ ਹੱਡਬੀਤੀਆਂ ਸੁਣਾ ਸਕਣ, ਕਿ ਕਿਵੇਂ ਦੰਗੇ ਭੜਕਾਉਣ ਦੇ ਦੋਸ਼ ਵਿੱਚ ਸਜ਼ਾਯਾਫ਼ਤਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਕੁਝ ਮਹੀਨੇ ਪਹਿਲਾਂ ਜੇਲ੍ਹ ਵਿੱਚ ਮੌਤ ਹੋਣ ਦੇ ਬਾਵਜੂਦ 2,800 ਪ੍ਰਭਾਵਿਤ ਪਰਿਵਾਰਾਂ ਵਿੱਚੋਂ ਕਿਸੇ ਨੂੰ ਵੀ ਕਦੇ ਸਹੀ ਅਰਥਾਂ ਵਿੱਚ ਇਨਸਾਫ਼ ਨਹੀਂ ਮਿਲਿਆ।

ਭਾਜਪਾ ਦੀ ਗੱਲ ਸਹੀ ਹੈ, ਕਾਂਗਰਸ ਪਾਰਟੀ ਨੇ 1984 ਦੇ ਦੰਗਿਆਂ ਲਈ ਕਦੇ ਵੀ ਰਸਮੀ ਤੌਰ ’ਤੇ ਮੁਆਫ਼ੀ ਨਹੀਂ ਮੰਗੀ, ਹਾਲਾਂਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ 11-12 ਅਗਸਤ 2005 ਨੂੰ ਰਾਜ ਸਭਾ ਵਿੱਚ ਬੋਲਦਿਆਂ ਇਸ ਦੇ ਸਭ ਤੋਂ ਨੇੜੇ ਪਹੁੰਚੇ ਸਨ। ਇਹ ਬਿਆਨ ਉਦੋਂ ਆਇਆ ਸੀ ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਸਦਨ ਵਿੱਚ ਪੇਸ਼ ਕੀਤੀ ਗਈ ਸੀ (ਜਿਸ ਕਮਿਸ਼ਨ ਦਾ ਗਠਨ 1984 ਦੇ ਦੰਗਿਆਂ ਦੇ ਕਾਰਨਾਂ, ਦਾਇਰੇ ਅਤੇ ਘਟਨਾਕ੍ਰਮ ਦੀ ਜਾਂਚ ਲਈ ਪੰਜ ਸਾਲ ਪਹਿਲਾਂ 2000 ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਵੱਲੋਂ ਕੀਤਾ ਗਿਆ ਸੀ)। ਡਾ. ਸਿੰਘ ਨੇ ਕਿਹਾ ਸੀ ਕਿ “ਇਨ੍ਹਾਂ ਦੁਖਦਾਈ ਘਟਨਾਵਾਂ ਨੇ ਦੇਸ਼ ਦੀ ਜ਼ਮੀਰ ਨੂੰ ਡੂੰਘੀ ਸੱਟ ਮਾਰੀ ਹੈ ਅਤੇ ਸੰਵਿਧਾਨ ਵਿੱਚ ਦਰਜ ਭਾਰਤੀ ਰਾਸ਼ਟਰਵਾਦ ਦੇ ਸੰਕਲਪ ਨੂੰ ਨਕਾਰਿਆ ਹੈ।”

ਇਹ ਕਾਂਗਰਸ ਵੱਲੋਂ ਪੇਸ਼ ਕੀਤਾ ਕੋਈ ਰਸਮੀ ਮਤਾ ਨਹੀਂ ਸੀ, ਪਰ ਪ੍ਰਧਾਨ ਮੰਤਰੀ ਵਜੋਂ ਆਪਣੀ ਪਾਰਟੀ ਅਤੇ ਦੇਸ਼ ਦੀ ਤਰਫ਼ੋਂ ਬੋਲਦਿਆਂ, ਕਾਂਗਰਸ ਨੂੰ ਆਸ ਸੀ ਕਿ ਇਹ ਕਾਫ਼ੀ ਹੋਵੇਗਾ। ਇਸ ਤੋਂ ਛੇ ਸਾਲ ਪਹਿਲਾਂ, 1999 ਵਿੱਚ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ, ਸੋਨੀਆ ਗਾਂਧੀ ਪੰਜਾਬ ਕਾਂਗਰਸ ਦੇ ਤਤਕਾਲੀ ਮੁਖੀ ਕੈਪਟਨ ਅਮਰਿੰਦਰ ਸਿੰਘ ਨਾਲ ਸ੍ਰੀ ਦਰਬਾਰ ਸਾਹਿਬ ਗਏ ਸਨ। (ਕੈਪਟਨ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਉਹ ਸੋਨੀਆ ਗਾਂਧੀ ਨੂੰ ‘ਦੋ ਵਾਰ ਦਰਬਾਰ ਸਾਹਿਬ ਲੈ ਕੇ ਗਏ ਸਨ।’) ਉਨ੍ਹਾਂ ਦੀ ਇਸ ਫੇਰੀ ਦੇ ਸੰਕੇਤ ਨੂੰ ਹੀ ਇੱਕ ਤਰ੍ਹਾਂ ਦੀ ਮੁਆਫ਼ੀ ਮੰਨ ਲਿਆ ਗਿਆ, ਭਾਵੇਂ ਸੋਨੀਆ ਗਾਂਧੀ ਨੇ ਕਦੇ ਆਪਣੇ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ। ਇਸ ਤੋਂ ਤਿੰਨ ਸਾਲ ਬਾਅਦ 2002 ਵਿੱਚ ਪੰਜਾਬ ਨੇ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦਿੱਤਾ ਸੀ।

ਜਿੱਥੋਂ ਤੱਕ ਰਾਹੁਲ ਦੀ ਗੱਲ ਹੈ, ਉਨ੍ਹਾਂ ਨੇ ਪਿਛਲੇ ਸਾਲ ਹੀ ਕਿਹਾ ਸੀ, “80ਵਿਆਂ ਵਿੱਚ ਜੋ ਕੁਝ ਵੀ ਹੋਇਆ, ਉਹ ਗ਼ਲਤ ਸੀ। ਮੈਂ ਕਈ ਵਾਰ ਸ੍ਰੀ ਦਰਬਾਰ ਸਾਹਿਬ ਗਿਆ ਹਾਂ, ਭਾਰਤ ਵਿੱਚ ਸਿੱਖ ਭਾਈਚਾਰੇ ਨਾਲ ਮੇਰੇ ਬਹੁਤ ਹੀ ਖ਼ਾਸ ਅਤੇ ਪਿਆਰ ਭਰੇ ਰਿਸ਼ਤੇ ਹਨ।” ਬੇਸ਼ੱਕ, ਕਾਂਗਰਸ ਨਾਲ ਪੰਜਾਬ ਦਾ ਰਿਸ਼ਤਾ ਕਾਫ਼ੀ ਗੁੰਝਲਦਾਰ ਹੈ 1984 ਤੋਂ ਬਾਅਦ ਸੂਬੇ ਨੇ ਸਿਰਫ਼ ਤਿੰਨ ਵਾਰ ਹੀ ਇਸ ਪਾਰਟੀ ਨੂੰ ਚੁਣਿਆ ਹੈ। ਬੇਅੰਤ ਸਿੰਘ 1992 ਵਿੱਚ ਜਿੱਤੇ ਸਨ, ਪਰ ਤਿੰਨ ਸਾਲ ਬਾਅਦ ਅਤਿਵਾਦੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਫਿਰ 2002 ਅਤੇ 2017 ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਰਟੀ ਸੱਤਾ ਵਿੱਚ ਆਈ, ਜੋ ਕਿ ਹੁਣ ਭਾਜਪਾ ਵਿੱਚ ਸ਼ਾਮਲ ਹਨ। ਫਿਰ ਆਉਣ ਵਾਲੀਆਂ ਚੋਣਾਂ ਵਿੱਚ ਇਸ ‘ਪਿਆਰ ਭਰੇ ਰਿਸ਼ਤੇ’ ਦੇ ਕਿਵੇਂ ਅੱਗੇ ਵਧਣ ਦੀ ਉਮੀਦ ਕੀਤੀ ਜਾ ਸਕਦੀ ਹੈ? ਬੇਸ਼ੱਕ, ਪੰਜਾਬੀਆਂ ਦੀ ਯਾਦਦਾਸ਼ਤ ਬੇਇੱਜ਼ਤੀ ਅਤੇ ਜ਼ਲਾਲਤ ਦੇ ਮਾਮਲੇ ਵਿੱਚ ਕਾਫ਼ੀ ਲੰਮੀ ਹੁੰਦੀ ਹੈ, ਉਨ੍ਹਾਂ ਨੂੰ 1984 ਦੇ ਦੰਗੇ ਵੀ ਯਾਦ ਹਨ ਅਤੇ ਇਹ ਵੀ ਚੇਤੇ ਹੈ ਕਿ ਉਨ੍ਹਾਂ ਨੇ 2020-21 ਵਿੱਚ ਦਿੱਲੀ ਵਿਖੇ ਭਾਜਪਾ ਸਰਕਾਰ ਨੂੰ ਘੇਰਾ ਕਿਉਂ ਪਾਇਆ ਸੀ। ਦੋਵਾਂ ਤੋਂ ਅੱਕ ਕੇ, ਉਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ ‘ਆਪ’ ਦੀ ਝੋਲੀ ਵਿੱਚ ਵੱਡਾ ਫ਼ਤਵਾ ਪਾ ਦਿੱਤਾ। ਸਾਰੀਆਂ ਧਿਰਾਂ ਹੁਣ ਇਹੋ ਆਸ ਕਰ ਰਹੀਆਂ ਹਨ ਕਿ ਉਹ ਸਭ ਕੁਝ ਨਵੇਂ ਸਿਰਿਓਂ ਸ਼ੁਰੂ ਕਰ ਸਕਣ। ਭਾਜਪਾ, ਅਕਾਲੀ ਦਲ ਨਾਲ ਗੱਠਜੋੜ ਕਰਕੇ ਸੱਤਾ ਵਿੱਚ ਵਾਪਸੀ ਚਾਹੁੰਦੀ ਹੈ, ਕਾਂਗਰਸ ਬੱਸ ਮੁੜ ਸੱਤਾ ਵਿੱਚ ਪਰਤਣਾ ਚਾਹੁੰਦੀ ਹੈ ਅਤੇ ‘ਆਪ’ ਨੂੰ ਆਸ ਹੈ ਕਿ ਉਹ ਸੱਤਾ ਵਿੱਚ ਬਣੀ ਰਹੇਗੀ।

Share this content:

Post Comment