ਇੰਡੋਨੇਸ਼ਆ ਵਿੱਚ 7.7 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
ਇੰਡੋਨੇਸ਼ੀਆ ਵਿੱਚ ਅੱਜ ਸਵੇਰੇ 7.7 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਤੇਜ਼ ਝਟਕਿਆਂ ਕਾਰਨ ਕਈ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ, ਕਈ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਅਤੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਵੀਡੀਓਜ਼ ਵਿੱਚ ਕੁਝ ਇਮਾਰਤਾਂ ਨੂੰ ਡਿੱਗਦੇ ਅਤੇ ਨੁਕਸਾਨੀਆਂ ਜਾਂਦੇ ਹੋਏ ਦਿਖਾਇਆ ਗਿਆ ਹੈ। ਭੂਚਾਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਘਰਾਂ ਅਤੇ ਇਮਾਰਤਾਂ ਵਿੱਚੋਂ ਬਾਹਰ ਭੱਜਦੇ ਹੋਏ ਦੇਖਿਆ ਗਿਆ। ਹਾਲਾਂਕਿ, ਇਨ੍ਹਾਂ ਵੀਡੀਓਜ਼ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ।
ਮੁੱਢਲੀਆਂ ਰਿਪੋਰਟਾਂ ਅਨੁਸਾਰ, ਭੂਚਾਲ ਕਾਰਨ ਕਈ ਘਰਾਂ ਅਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਫਿਲਹਾਲ ਕਿਸੇ ਦੀ ਮੌਤ ਜਾਂ ਜ਼ਖ਼ਮੀ ਹੋਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਨੁਕਸਾਨ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ (USGS) ਦੇ ਅਨੁਸਾਰ, ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 6 ਵਜੇ ਆਇਆ। ਇਸ ਦਾ ਕੇਂਦਰ ਪਾਣੀ ਦੇ ਹੇਠਾਂ, ‘ਐਂਡੇ’ ਸ਼ਹਿਰ ਤੋਂ ਲਗਭਗ 68 ਕਿਲੋਮੀਟਰ ਦੂਰ ਸਥਿਤ ਸੀ। ਇਹ ਭੂਚਾਲ ਲਗਭਗ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਪੂਰਬੀ ਨੁਸਾ ਤੇਂਗਾਰਾ, ਪੱਛਮੀ ਨੁਸਾ ਤੇਂਗਾਰਾ, ਦੱਖਣੀ ਸੁਲਾਵੇਸੀ ਅਤੇ ਦੱਖਣ-ਪੂਰਬੀ ਸੁਲਾਵੇਸੀ ਦੇ ਕੁਝ ਖੇਤਰਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਮੁੰਦਰੀ ਤੱਟਾਂ ਅਤੇ ਦਰਿਆਵਾਂ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
Share this content:



Post Comment