ਇਰਾਨ ਦੇ ਸੁਪਰੀਮ ਲੀਡਰ ਖ਼ਮੇਨੇਈ ਦੀ ਅੰਤਿਮ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਵਿਰੁੱਧ ਨਾਅਰੇਬਾਜ਼ੀ
ਤਹਿਰਾਨ, 6 ਜੁਲਾਈ – ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਮੇਨੇਈ ਦੀ ਅੰਤਿਮ ਯਾਤਰਾ (ਜਨਾਜ਼ੇ) ਦੌਰਾਨ ਰਾਜਧਾਨੀ ਤਹਿਰਾਨ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ। ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਇੱਕ ਪ੍ਰਦਰਸ਼ਨਕਾਰੀ ਕਵੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਾਨੋਂ ਮਾਰਨ ਦੀ ਅਪੀਲ ਕੀਤੀ। ਇਸ ਦੌਰਾਨ ਭੜਕੇ ਹੋਏ ਲੋਕਾਂ ਨੇ ‘ਅਮਰੀਕਾ ਮੁਰਦਾਬਾਦ’ ਅਤੇ ‘ਇਜ਼ਰਾਈਲ ਮੁਰਦਾਬਾਦ’ ਦੇ ਜ਼ੋਰਦਾਰ ਨਾਅਰੇ ਲਾਏ। ਅੰਤਿਮ ਸੰਸਕਾਰ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਕਵੀ ਮੁਹੰਮਦ ਰਸੂਲੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲ ਇਸ਼ਾਰਾ ਕਰਦਿਆਂ ਭੀੜ ਨੂੰ ਪੁੱਛਿਆ, “ਦੁਨੀਆ ਦਾ ਸਭ ਤੋਂ ਭ੍ਰਿਸ਼ਟ ਤੇ ਘਿਨਾਉਣਾ ਆਦਮੀ ਅਜੇ ਤੱਕ ਜ਼ਿੰਦਾ ਕਿਉਂ ਹੈ?” ਰਸੂਲੀ ਦੀ ਇਸ ਭੜਕਾਊ ਟਿੱਪਣੀ ਦਾ ਉੱਥੇ ਮੌਜੂਦ ਲੱਖਾਂ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਜ਼ੋਰਦਾਰ ਸਮਰਥਨ ਕੀਤਾ।
ਐਤਵਾਰ ਨੂੰ ਹੋਈ ਇਸ ਅੰਤਿਮ ਯਾਤਰਾ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਕਿਤੇ ਵੱਡਾ ਇਕੱਠ ਦੇਖਣ ਨੂੰ ਮਿਲਿਆ। ਕਾਲੇ ਕੱਪੜਿਆਂ ਵਿੱਚ ਮਲਬੂਸ ਲੱਖਾਂ ਸੋਗਵਾਰ ਹੱਥਾਂ ਵਿੱਚ ਬੈਨਰ ਅਤੇ ਝੰਡੇ ਲੈ ਕੇ ਪੈਦਲ ਹੀ ਸਮਾਗਮ ਵਾਲੀ ਥਾਂ ਵੱਲ ਵਧ ਰਹੇ ਸਨ। ਇਨ੍ਹਾਂ ਬੈਨਰਾਂ ’ਤੇ ਖ਼ਮੇਨੇਈ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਟਰੰਪ ਨੂੰ ਮਾਰਨ ਦੇ ਨਾਅਰੇ ਲਿਖੇ ਹੋਏ ਸਨ। ਇਹ ਘਟਨਾ ਉਸੇ ਵੇਲੇ ਵਾਪਰੀ ਜਦੋਂ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਵਿੱਚ ਅਮਰੀਕਾ ਦੀ ਸਥਾਪਨਾ ਦੀ 250ਵੀਂ ਵਰ੍ਹੇਗੰਢ ਮੌਕੇ ਭਾਸ਼ਣ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਇਰਾਨ ’ਤੇ ਦਹਾਕਿਆਂ ਤੱਕ ਰਾਜ ਕਰਨ ਵਾਲੇ 86 ਸਾਲਾ ਆਇਤੁੱਲਾ ਅਲੀ ਖ਼ਮੇਨੇਈ ਲੰਘੀ 28 ਫਰਵਰੀ ਨੂੰ ਇਰਾਨ ਜੰਗ ਦੇ ਸ਼ੁਰੂਆਤੀ ਦੌਰ ਵਿੱਚ ਹੋਏ ਇੱਕ ਹਵਾਈ ਹਮਲੇ (ਏਅਰਸਟ੍ਰਾਈਕ) ਦੌਰਾਨ ਮਾਰੇ ਗਏ ਸਨ। ਜੰਗ ਦੇ ਚਲਦਿਆਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਾਫ਼ੀ ਦੇਰੀ ਨਾਲ ਕੀਤਾ ਗਿਆ ਹੈ। ਮਾਹਰਾਂ ਮੁਤਾਬਕ ਇਸ ਵੱਡੇ ਇਕੱਠ ਰਾਹੀਂ ਇਰਾਨ ਦੀ ਧਾਰਮਿਕ ਲੀਡਰਸ਼ਿਪ (Theocracy) ਅਤੇ ਦੇਸ਼ ਦੇ ਨਵੇਂ ਬਣੇ ਸੁਪਰੀਮ ਲੀਡਰ, ਖ਼ਮੇਨੇਈ ਦੇ ਪੁੱਤਰ ਆਇਤੁੱਲਾ ਮੋਜਤਬਾ ਖ਼ਮੇਨੇਈ ਨੂੰ ਆਪਣੀ ਸਿਆਸੀ ਤੇ ਧਾਰਮਿਕ ਪਕੜ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਘਟਨਾਕ੍ਰਮ ਅਜਿਹੇ ਨਾਜ਼ੁਕ ਮੋੜ ’ਤੇ ਸਾਹਮਣੇ ਆਇਆ ਹੈ ਜਦੋਂ ਇਰਾਨ ਜੰਗ ਨੂੰ ਸਥਾਈ ਤੌਰ ’ਤੇ ਖ਼ਤਮ ਕਰਨ ਲਈ ਅਮਰੀਕਾ ਨਾਲ ਗੱਲਬਾਤ ਦੀ ਮੇਜ਼ ’ਤੇ ਹੈ ਅਤੇ ਹਰਮੁਜ਼ ਜਲਡਮਰੂ (Strait of Hormuz) ’ਤੇ ਆਪਣੇ ਕੰਟਰੋਲ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Share this content:



Post Comment