ਇਨਸਾਫ਼ ਦੇ ਰਾਹ ’ਤੇ ਧੀਆਂ ਦੀ ਖੁਆਰੀ
ਪੁਲੀਸ ਨੇ ਸਵਤੰਤਰ ਭਾਰਦਵਾਜ ਨੂੰ ਅਖ਼ੀਰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨੇੜਲੇ ਇੱਕ ਪਿੰਡ ਤੋਂ ਗ੍ਰਿਫ਼ਤਾਰ ਕਰ ਕੇ ਸ਼ਨਿੱਚਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਸੌਰਭ ਪ੍ਰਤਾਪ ਸਿੰਘ ਦੀ ਰਿਹਾਇਸ਼ ’ਤੇ ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਅੱਗੇ ਪੇਸ਼ ਕਰ ਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਸਵਤੰਤਰ ਭਾਰਦਵਾਜ ’ਤੇ ਦੋਸ਼ ਹੈ ਕਿ ਉਸ ਨੇ ਜੰਤਰ-ਮੰਤਰ ’ਤੇ ‘ਨੀਟ’ ਪੇਪਰ ਲੀਕ ਮੁੱਦੇ ’ਤੇ ਹੋਏ ਰੋਸ ਪ੍ਰਦਰਸ਼ਨ ’ਚ ਹਿੱਸਾ ਲੈਣ ਆਏ ਸੰਜੇ ਆਜ਼ਾਦ ਨੂੰ ਸਿਰ ’ਤੇ ਕੜਾ ਮਾਰ ਕੇ ਜ਼ਖ਼ਮੀ ਕੀਤਾ ਸੀ। ਰੋਸ ਪ੍ਰਦਰਸ਼ਨ ’ਚ ਸੰਜੇ ਆਜ਼ਾਦ ਨਾਲ ਉਸ ਦੀ ਧੀ ਨਿਸ਼ੂ ਆਜ਼ਾਦ ਵੀ ਸੀ। ਇਹ ਘਟਨਾ 23 ਜੁਲਾਈ ਦੀ ਸੀ। ਇਸ ਮਾਮਲੇ ’ਚ ਨਿਸ਼ੂ ਤੇ ਉਸ ਦੇ ਪਿਤਾ ਵੱਲੋਂ ਸ਼ਿਕਾਇਤ ਦੇਣ ਦੇ ਬਾਵਜੂਦ ਦਿੱਲੀ ਪੁਲੀਸ ਵੱਲੋਂ ਐੱਫ ਆਈ ਆਰ ਦਰਜ ਕਰਨ ’ਚ ਲਗਾਤਾਰ ਢਿੱਲ-ਮੱਠ ਕੀਤੀ ਗਈ। ਨਿਸ਼ੂ ਨੇ ਦੋਸ਼ ਲਗਾਇਆ ਸੀ ਕਿ ਦਿੱਲੀ ਪੁਲੀਸ ਵੱਲੋਂ ਮੈਡੀਕਲ ਰਿਪੋਰਟ ਦੇ ਨਾਂ ’ਤੇ ਉਨ੍ਹਾਂ ਨੂੰ ਲਗਾਤਾਰ ਟਰਕਾਇਆ ਜਾ ਰਿਹਾ ਹੈ।
ਇਸ ਸ਼ਿਕਾਇਤ ਦੇ ਬਾਵਜੂਦ ਸਵਤੰਤਰ ਭਾਰਦਵਾਜ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਦੀ ਦਿਸ਼ਾ ’ਚ ਪੁਲੀਸ ਨੇ ਤਾਂ ਕੋਈ ਕਦਮ ਨਾ ਚੁੱਕਿਆ, ਪਰ ਦੇਸ਼ ਦੀਆਂ ਸਮੁੱਚੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਅਤੇ ਕਾਨੂੰਨ ਦੇ ਰਾਜ ਨੂੰ ਚੁਣੌਤੀ ਦਿੰਦਿਆਂ ਸਵਤੰਤਰ ਭਾਰਦਵਾਜ ਵੱਖ-ਵੱਖ ਥਾਈਂ ਪੌਡਕਾਸਟਾਂ ਅਤੇ ਇੰਟਰਵਿਊਜ਼ ਵਿੱਚ ਸ਼ੇਖੀ ਮਾਰਦਿਆਂ ਇਹ ਦਾਅਵੇ ਕਰ ਰਿਹਾ ਸੀ, ‘‘ਮੈਂ ਹੀ ਉਹ ਵਿਅਕਤੀ ਹਾਂ, ਜਿਸ ਨੇ ਨਿਸ਼ੂ ਦੇ ਪਿਤਾ ਦਾ ਸਿਰ ਭੰਨ੍ਹਿਆ ਹੈ ਜਿਸ ਕਰ ਕੇ ਉਸ ਨੂੰ ਸੱਤ ਟਾਂਕੇ ਲੱਗੇ ਹਨ।…ਮੇਰੇ ’ਤੇ ਤਾਂ ‘ਹਾਫ ਮਰਡਰ’ (ਇਰਾਦਾ ਕਤਲ) ਦੀ ਧਾਰਾ 307 ਲੱਗਣੀ ਚਾਹੀਦੀ ਸੀ, ਪਰ ਮੈਨੂੰ ਤਾਂ ਫੜਿਆ ਵੀ ਨਹੀਂ ਗਿਆ।’’ ਏਦਾਂ ਸਮੁੱਚੇ ਸਿਸਟਮ ਦੀ ਖਿੱਲੀ ਉਡਾਉਂਦਿਆਂ ਉਸ ਨੂੰ ਲੋਕਾਂ ਨੇ ਵੱਖ-ਵੱਖ ਚੈਨਲਾਂ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਦੇਖਿਆ ਹੋਵੇਗਾ। ਦੇਸ਼ ਦੇ ਆਮ ਨਾਗਰਿਕਾਂ ਦੇ ਮਨ ’ਚ ਇਹ ਸਵਾਲ ਤਾਂ ਆਉਂਦਾ ਹੀ ਹੋਵੇਗਾ ਕਿ ‘ਜਮਹੂਰੀਅਤ ਦੀ ਮਾਂ’ ਵਜੋਂ ਜਾਣੇ ਜਾਂਦੇ ਸਾਡੇ ਦੇਸ਼ ਵਿੱਚ ਇਹ ਨੌਬਤ ਕਿਵੇਂ ਆ ਗਈ ਕਿ ਹਿੰਸਕ ਕਾਰਵਾਈ ਕਰਨ ਵਾਲੇ ਕਿਸੇ ਵਿਅਕਤੀ ਦਾ ਹੌਸਲਾ ਇੰਨਾ ਬੁਲੰਦ ਹੋ ਗਿਆ ਹੈ ਕਿ ਉਹ ਸ਼ਰਮਿੰਦਾ ਹੋਣ ਵਾਲੀ ਗੱਲ ਵੀ ਹੁੱਬ ਹੁੱਬ ਕੇ ਦੱਸ ਰਿਹਾ ਹੈ। ਉਹ ਬੜੇ ਯਕੀਨ ਨਾਲ ਫੜ੍ਹਾਂ ਮਾਰਦਿਆਂ ਕਹਿੰਦਾ ਹੈ ਕਿ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ।
ਗੱਲ ਏਥੇ ਹੀ ਨਹੀਂ ਮੁੱਕਦੀ, ਉਸ ਨੂੰ ਲੱਗਦਾ ਹੈ ਕਿ ਅਜਿਹੀਆਂ ਹਿੰਸਕ ਕਾਰਵਾਈਆਂ ਕਰਕੇ ਉਨ੍ਹਾਂ ਬਾਰੇ ਦੱਸਣ ਲਈ ਵੀ ਵੱਡਾ ਜਿਗਰਾ ਚਾਹੀਦਾ ਹੈ। ਉਹ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਲਈ ਉੱਚ ਸਿਆਸੀ ਆਗੂਆਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਆਪਣੇ ਵੱਡੇ ਭਰਾ ਦੱਸਦਿਆਂ ਇਉਂ ਜ਼ਾਹਿਰ ਕਰਦਾ ਹੈ ਜਿਵੇਂ ਉਹ ਸਮੁੱਚੇ ਸਿਸਟਮ ਤੋਂ ਉੱਪਰ ਹੋਵੇ। ਆਪਣੇ ਸੋਸ਼ਲ ਮੀਡੀਆ ਪੇਜ ’ਤੇ ਉਸ ਨੇ ਆਪਣੀ ਕੜੇ ਵਾਲੀ ਬਾਂਹ ਦਿਖਾਉਂਦਿਆਂ ਲਿਖਿਆ ਹੋਇਆ ਹੈ: ‘ਫੀਲ ਦਿ ਪਾਵਰ’ (ਤਾਕਤ ਨੂੰ ਮਹਿਸੂਸ ਕਰੋ)। ਇਹ ਗੱਲ ਤਾਂ ਸਾਡੇ ਸਾਰਿਆਂ ਲਈ ਸੋਚਣ ਵਾਲੀ ਹੈ ਕਿ ਮਹਿਜ਼ 20-22 ਸਾਲ ਦੇ ਇਸ ਨੌਜਵਾਨ ਵਿੱਚ ਇਹ ਭਰੋਸਾ ਕਿੱਥੋਂ ਆਇਆ ਕਿ ਉਹ ਭਾਵੇਂ ਕੁਝ ਵੀ ਕਹੇ ਤੇ ਕਰੇ ਪਰ ਸਿਸਟਮ ਉਸ ਦਾ ਕੁਝ ਵਿਗਾੜ ਨਹੀਂ ਸਕਦਾ। ਜਿਸ ਦਿੱਲੀ ਪੁਲੀਸ ਤੋਂ ਨਿਸ਼ੂ ਅਤੇ ਉਸ ਦੇ ਪਿਤਾ ਉਸ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਦੀ ਤਵੱਕੋ ਕਰ ਰਹੇ ਸਨ, ਉਸੇ ਪੁਲੀਸ ਦੇ ਸੰਦਰਭ ’ਚ ਉਹ ਕਹਿੰਦਾ ਹੈ ਕਿ ਉਸ ਨੇ ਜੋ ਜੁੱਤੇ ਪਹਿਨੇ ਹਨ, ਉਹ ਦਿੱਲੀ ਪੁਲੀਸ ਦੇ ਹਨ ਅਤੇ ਜੋ ਡੰਡਾ ਉਸ ਨੇ ਫੜਿਆ ਹੈ, ਉਹ ਵੀ ਦਿੱਲੀ ਪੁਲੀਸ ਦਾ ਹੈ। ਉਸ ਨੇ ਜੰਤਰ ਮੰਤਰ ਜਾਣ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਇਹ ਦਾਅਵਾ ਕੀਤਾ ਕਿ ਉਹ ‘ਕੌਕਰੋਚਾਂ’ ਨੂੰ ਸਬਕ ਸਿਖਾਉਣ ਜਾ ਰਿਹਾ ਹੈ ਕਿਉਂਕਿ ਦਿੱਲੀ ਪੁਲੀਸ ਉਨ੍ਹਾਂ (ਕੌਕਰੋਚਾਂ) ਦੇ ਨਿਸ਼ਾਨੇ ’ਤੇ ਹੈ। ਉੱਘੇ ਕਾਮੇਡੀਅਨ ਅਤੇ ਲੇਖਕ ਵਰੁਣ ਗਰੋਵਰ ਨੇ ਉਸ ਦੇ ਇਸੇ ਦਾਅਵੇ ’ਤੇ ਟਵੀਟ ਕੀਤਾ ਹੈ, ‘‘ਵੋਹ ਗੁੰਡਾ ਪੁਲੀਸ ਕੇ ਸੰਰਕਸ਼ਣ ਮੇਂ ਨਹੀਂ, ਪੁਲੀਸ ਉਸ ਕੇ ਸੰਰਕਸ਼ਣ ਮੇਂ ਹੈ।’’ ਇਹ ਟਵੀਟ ਦੇਸ਼ ਦੇ ਸਿਆਸੀ ਪ੍ਰਬੰਧ ਅਤੇ ਦਿੱਲੀ ਪੁਲੀਸ ’ਤੇ ਆਪਣੇ ਆਪ ’ਚ ਬਹੁਤ ਵੱਡਾ ਵਿਅੰਗ ਹੈ।
ਨਿਸ਼ੂ ਤੇ ਉਸ ਦਾ ਪਿਤਾ ਜਦੋਂ ਸਵਤੰਤਰ ਭਾਰਦਵਾਜ ਖ਼ਿਲਾਫ਼ ਐੱਫ ਆਈ ਆਰ ਦਰਜ ਕਰਵਾਉਣ ’ਚ ਨਾਕਾਮ ਰਹੇ ਤਾਂ ਨਿਸ਼ੂ ਨੇ ਵੀਡੀਓ ਵਾਇਰਲ ਕਰ ਕੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੋਂ ਮਦਦ ਮੰਗੀ। ਰਾਹੁਲ ਨੇ 14-15 ਸਾਲ ਦੀ ਇਸ ਬੱਚੀ ਨੂੰ ਮਦਦ ਦਾ ਭਰੋਸਾ ਦਿੱਤਾ ਤਾਂ ਸ਼ੁੱਕਰਵਾਰ ਸਵੇਰੇ ਕਾਂਗਰਸ ਦੀ ਲੀਗਲ ਟੀਮ ਤੇ ਵਰਕਰ, ‘ਕੌਕਰੋਚ ਜਨਤਾ ਪਾਰਟੀ’ ਦੇ ਆਗੂ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਕੌਮੀ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੀ ਨਗੀਨਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਰਾਵਣ ਵੱਲੋਂ ਪਾਰਲੀਮੈਂਟ ਸਟਰੀਟ ਥਾਣੇ ਪੁੱਜ ਕੇ ਬਣਾਏ ਗਏ ਦਬਾਅ ਮਗਰੋਂ ਹੀ ਸਵਤੰਤਰ ਭਾਰਦਵਾਜ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀ ਧਾਰਾ 351(3) ਤਹਿਤ ਧਮਕਾਉਣ, ਇਰਾਦਾ ਕਤਲ ਤੇ ਗੰਭੀਰ ਸੱਟਾਂ ਮਾਰਨ ਅਤੇ ਐੱਸ ਸੀ ਐੱਸ ਟੀ ਐਕਟ ਸਬੰਧੀ ਧਾਰਾਵਾਂ ਜੋੜੀਆਂ ਗਈਆਂ, ਜਿਸ ਮਗਰੋਂ ਉਸ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਦੀ ਦਲੀਲ ਸੀ ਕਿ ਸੰਜੇ ਆਜ਼ਾਦ ਸਿਰ ’ਚ ਸਵਤੰਤਰ ਭਾਰਦਵਾਜ ਦਾ ਕੜਾ ਲੱਗਣ ਕਾਰਨ ਜ਼ਖ਼ਮੀ ਹੋਇਆ ਸੀ ਅਤੇ ਕੜਾ ਕੋਈ ਹਥਿਆਰ ਨਹੀਂ ਹੈ। ਇਸ ਕਰਕੇ ਉਸ ਖ਼ਿਲਾਫ਼ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਧਾਰਾਵਾਂ ਨਹੀਂ ਜੋੜੀਆਂ ਜਾ ਸਕਦੀਆਂ। ਪੁਲੀਸ ਨੇ ਹੁਣ ਉਸ ਖ਼ਿਲਾਫ਼ ‘ਪੋਕਸੋ’ ਅਧੀਨ ਵੀ ਮਾਮਲਾ ਦਰਜ ਕੀਤਾ ਹੈ। ਨਿਸ਼ੂ ਆਜ਼ਾਦ ਨੂੰ ਔਨਲਾਈਨ ਧਮਕੀਆਂ ਦੇਣ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਉਸ ’ਤੇ ਲਗਾਏ ਗਏ ਹਨ।
ਇਸ ਤੋਂ ਇਲਾਵਾ ਕਿਸੇ ਔਰਤ ਦਾ ਪਿੱਛਾ ਕਰਨ ਅਤੇ ਉਸ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਭਾਰਤੀ ਨਿਆਂ ਸੰਹਿਤਾ ਦੀ ਧਾਰਾ 78 ਅਤੇ 79 ਦੇ ਨਾਲ ਨਾਲ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਸਬੰਧੀ ਸੂਚਨਾ ਤਕਨਾਲੋਜੀ ਕਾਨੂੰਨ ਦੀ ਧਾਰਾ 67 ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ, ਪਰ ਨਿਸ਼ੂ ਦੇ ਵਕੀਲ ਵਿਸ਼ਵ ਰੰਜਨ ਨੇ ਐਡੀਸ਼ਨਲ ਸੈਸ਼ਨ ਜੱਜ ਦੇ ਘਰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੁਲਜ਼ਮ ਦੀ ਪੇਸ਼ੀ ’ਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਇਸ ਗੱਲ ਦਾ ਪਤਾ ਹੈ ਕਿ ਉਸ ’ਤੇ ਕਿਹੜੇ ਕਿਹੜੇ ਨਵੇਂ ਦੋਸ਼ ਲਗਾਏ ਹਨ ਅਤੇ ਨਾ ਹੀ ਇਹ ਪਤਾ ਲੱਗਿਆ ਕਿ ਪੁਲੀਸ ਨੇ ਉਸ ਦਾ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਸੀ। ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਆਖ਼ਰ ਦੋਸ਼ਾਂ ਦਾ ਵੇਰਵਾ ਇੰਨਾ ਛੁਪਾ ਕੇ ਕਿਉਂ ਰੱਖਿਆ ਗਿਆ ਹੈ? ਓਧਰ, ਸਵਤੰਤਰ ਭਾਰਦਵਾਜ ਦੇ ਸਮਰਥਕਾਂ ਨੇ ਵੀ ਸ਼ਨਿੱਚਰਵਾਰ ਨੂੰ ਪਾਰਲੀਮੈਂਟ ਸਟਰੀਟ ਥਾਣੇ ਅੱਗੇ ਇਕੱਠੇ ਹੋ ਕੇ ਉਸ ਖ਼ਿਲਾਫ਼ ਪੋਕਸੋ ਅਤੇ ਐੱਸ ਸੀ ਐੱਸ ਟੀ ਐਕਟ ਤਹਿਤ ਦਰਜ ਧਾਰਾਵਾਂ ਹਟਾਉਣ ਅਤੇ ਉਸ ਦੀ ਰਿਹਾਈ ਦੀ ਮੰਗ ਕੀਤੀ। ਅਜਿਹੇ ਸਾਰੇ ਲੋਕਾਂ ਨੂੰ ਨਿਸ਼ੂ ਦੇ ਇਨ੍ਹਾਂ ਸ਼ਬਦਾਂ ਤੋਂ ਇੱਕ ਧੀ ਦੀ ਬੇਵੱਸੀ ਦਾ ਅਹਿਸਾਸ ਹੋਣਾ ਚਾਹੀਦਾ ਹੈ: ‘‘ਸਵਤੰਤਰ ਭਾਰਦਵਾਜ ਦੇ ਸਮਰਥਕ ਮੈਨੂੰ ਸੋਸ਼ਲ ਮੀਡੀਆ ’ਤੇ ਗਾਲ੍ਹਾਂ ਕੱਢ ਰਹੇ ਹਨ, ਅਸ਼ਲੀਲ ਟਿੱਪਣੀਆਂ ਕਰ ਰਹੇ ਹਨ ਅਤੇ ਬਲਾਤਕਾਰ ਦੀਆਂ ਧਮਕੀਆਂ ਦੇ ਰਹੇ ਹਨ। ਮੈਂ ਦੋ-ਚਾਰ ਹਫ਼ਤੇ ਤਾਂ ਸਕੂਲ ਵੀ ਨਹੀਂ ਗਈ। ਜਦੋਂ ਮੈਂ ਸਕੂਲ ਜਾਂਦੀ ਹਾਂ ਤਾਂ ਮੈਨੂੰ ਲੱਗਦਾ ਹੈ ਜਿਵੇਂ ਹਰ ਕੋਈ ਮੈਨੂੰ ਜੱਜ ਕਰ ਰਿਹਾ ਹੈ। ਮੈਨੂੰ ਬਹੁਤ ਗੰਦਾ ਗੰਦਾ ਫੀਲ ਹੋਇਆ। ਜਦੋਂ ਧੀਆਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਵਿੱਚ ਇਸ ਤਰ੍ਹਾਂ ਜ਼ਲਾਲਤ ਮਹਿਸੂਸ ਕਰਨ ਅਤੇ ਪੁਲੀਸ, ਜਿਸ ਦੀ ਜ਼ਿੰਮੇਵਾਰੀ ਧੀਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਦੀ ਹੈ, ਹੀ ਮੁਲਜ਼ਮ ਨਾਲ ਖੜ੍ਹੀ ਦਿਖਾਈ ਦੇਵੇ ਤਾਂ ਧੀਆਂ ਲਈ ਇਨਸਾਫ਼ ਦਾ ਰਾਹ ਹੋਰ ਵੀ ਦੁਸ਼ਵਾਰੀਆਂ ਭਰਿਆ ਹੋ ਨਿੱਬੜਦਾ ਹੈ।
Share this content:



Post Comment