Loading Now

ਇਨਸਾਫ਼ ਦੀ ਜਿੱਤ: ਜ਼ਾਲਮਾਨਾ ਅਪਰਾਧ ਲਈ ਕੋਈ ਰਹਿਮ ਨਹੀਂ

ਇਨਸਾਫ਼ ਦੀ ਜਿੱਤ: ਜ਼ਾਲਮਾਨਾ ਅਪਰਾਧ ਲਈ ਕੋਈ ਰਹਿਮ ਨਹੀਂ

*ਭਾਰਤੀ ਆਈ.ਟੀ ਪੇਸ਼ੇਵਰ ਸੰਦੀਪ ਧੀਮਾਨ ਦੇ ਕਾਤਲ ਨੂੰ ਹੋਈ ਉਮਰ ਕੈਦ ਦੀ ਸਜ਼ਾ ਬਰਕਰਾਰ, ਅਦਾਲਤ ਨੇ ਅਪੀਲ ਕੀਤੀ ਰੱਦ
*ਟਿੰਡਰ ਐਪ ਰਾਹੀਂ ਧੋਖੇ ਨਾਲ ਬੁਲਾ ਕੇ ਕੀਤਾ ਗਿਆ ਸੀ ਬੇਰਹਿਮੀ ਨਾਲ ਕਤਲ
ਔਕਲੈਂਡ, 17 ਅਗਸਤ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵਿਚ ਭਾਰਤ ਤੋਂ ਆਏ 30 ਸਾਲਾ ਆਈਟੀ ਪੇਸ਼ੇਵਰ ਸੰਦੀਪ ਧੀਮਾਨ ਦੇ ਬੇਰਹਿਮ ਕਤਲ ਦੇ ਮਾਮਲੇ ਵਿਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਆਫ ਅਪੀਲ ਨੇ ਦੋਸ਼ੀ ਸ਼ਾਨ ਲਿਆਮ ਕਾਰਾਊਰੀਆ ਦੀ ਉਮਰ ਕੈਦ ਦੀ ਸਜ਼ਾ ’ਤੇ ਮੁੜ ਵਿਚਾਰ ਕਰਨ ਦੀ ਅਰਜ਼ੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕਾਤਲ ਦੀ ਘੱਟ ਉਮਰ ਅਤੇ ਮਾਨਸਿਕ ਸਥਿਤੀ ਦੇ ਬਾਵਜੂਦ ਉਸ ਦੁਆਰਾ ਕੀਤਾ ਗਿਆ ਅਪਰਾਧ ਬੇਹੱਦ ਗੰਭੀਰ ਅਤੇ ਜ਼ਾਲਮਾਨਾ ਸੀ, ਜਿਸ ਕਰਕੇ ਉਸ ਦੀ ਸਜ਼ਾ ਵਿਚ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ।

ਮੀਡੀਆ ਰਿਪੋਰਟ ਅਨੁਸਾਰ, ਹੁਣ 26 ਸਾਲ ਦੇ ਹੋ ਚੁੱਕੇ ਕਾਰਾਊਰੀਆ ਨੇ ਅਦਾਲਤ ਵਿਚ ਤਰਕ ਦਿੱਤਾ ਸੀ ਕਿ ਸਜ਼ਾ ਦੇ ਨਵੇਂ ਨਿਯਮਾਂ ਅਨੁਸਾਰ ਉਸ ਦੀ ਉਮਰ ਕੈਦ ਦੀ ਸਜ਼ਾ ਨੂੰ ਇੱਕ ਨਿਸ਼ਚਿਤ ਜੇਲ੍ਹ ਦੀ ਮਿਆਦ ਵਿਚ ਬਦਲਿਆ ਜਾਵੇ। ਪਰ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰਦਿਆਂ ਉਸ ਦੀ ਉਮਰ ਕੈਦ ਅਤੇ 12 ਸਾਲ ਦੀ ਘੱਟੋ-ਘੱਟ ਬਿਨਾਂ ਪੈਰੋਲ ਜੇਲ੍ਹ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਹ ਦਰਦਨਾਕ ਘਟਨਾ ਦਸੰਬਰ 2017 ਦੀ ਹੈ। ਸੰਦੀਪ ਧੀਮਾਨ, ਜੋ ਭਾਰਤ ਤੋਂ ਆਪਣੀ ਪੜ੍ਹਾਈ ਅਤੇ ਰੋਜ਼ਗਾਰ ਦੀ ਭਾਲ ਵਿਚ ਨਿਊਜ਼ੀਲੈਂਡ ਆਇਆ ਸੀ ਅਤੇ ਨੇਪੀਅਰ ਵਿਚ ਕੋਰਸ (3horus) ਕੰਪਨੀ ਵਿਚ ਕੰਮ ਕਰ ਰਿਹਾ ਸੀ, ਨੂੰ ਧੋਖੇ ਨਾਲ ਜਾਲ ਵਿਚ ਫਸਾਇਆ ਗਿਆ। 17 ਸਾਲਾ ਰੋਜ਼ੀ ਪੇਜ ਲੁਈਸ ਨੇ ਟਿੰਡਰ ਐਪ ਰਾਹੀਂ ਸੰਦੀਪ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਇੱਕ ਅਲੱਗ-ਥਲੱਗ ਜਗ੍ਹਾ ’ਤੇ ਮਿਲਣ ਲਈ ਰਾਜ਼ੀ ਕੀਤਾ।

ਜਿਵੇਂ ਹੀ ਸੰਦੀਪ ਉੱਥੇ ਪਹੁੰਚਿਆ, ਕਾਰਾਊਰੀਆ ਉਸ ਨੂੰ ਸੈਰ ਦੇ ਬਹਾਨੇ ਲੈ ਗਿਆ ਅਤੇ ਚਾਕੂ ਨਾਲ 9 ਵਾਰ ਹਮਲਾ ਕੀਤਾ। ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਸੰਦੀਪ ਨੇ ਸੜਕ ਵੱਲ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕਾਰਾਊਰੀਆ ਨੇ ਉਸ ਨੂੰ ਦੁਬਾਰਾ ਘੇਰ ਲਿਆ ਅਤੇ ਉਸ ਦੇ ਚਿਹਰੇ ਤੇ ਸਿਰ ’ਤੇ ਬੇਰਹਿਮੀ ਨਾਲ ਲੱਤਾਂ ਮਾਰੀਆਂ। ਜਦੋਂ ਲੁਈਸ ਨੇ ਕਿਹਾ ਕਿ ਸੰਦੀਪ ਅਜੇ ਵੀ ਹਿੱਲ ਰਿਹਾ ਹੈ, ਤਾਂ ਕਾਰਾਊਰੀਆ ਨੇ ਵਾਪਸ ਆ ਕੇ ਉਸ ’ਤੇ ਫਿਰ ਹਮਲਾ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸ ਦੀ ਮੌਤ ਹੋ ਚੁੱਕੀ ਹੈ। ਸੰਦੀਪ ਦੀ ਮ੍ਰਿਤਕ ਦੇਹ 18 ਦਸੰਬਰ 2017 ਨੂੰ ਸੜਕ ਕਿਨਾਰੇ ਛੱਪੜ ਵਿਚੋਂ ਮਿਲੀ, ਜਿਸ ਦਿਨ ਉਸ ਦਾ 31ਵਾਂ ਜਨਮਦਿਨ ਸੀ।

ਸਾਲ 2018 ਵਿਚ ਹਾਈ ਕੋਰਟ ਦੇ ਜੱਜ ਸਾਈਮਨ ਫਰਾਂਸ ਨੇ ਇਸ ਕਤਲ ਨੂੰ ਪੂਰੀ ਯੋਜਨਾਬੱਧ ਅਤੇ ਅਤਿ-ਜ਼ਾਲਮਾਨਾ ਕਰਾਰ ਦਿੱਤਾ ਸੀ। ਹਾਲਾਂਕਿ ਜੱਜ ਨੇ ਉਸ ਸਮੇਂ ਕਾਰਾਊਰੀਆ ਦੀ ਘੱਟ ਉਮਰ, ਪਿਤਾ ਦੀ ਮੌਤ ਤੋਂ ਬਾਅਦ ਵਿਗੜੀ ਮਾਨਸਿਕ ਸਥਿਤੀ ਅਤੇ ਪਰਿਵਾਰਕ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਸਜ਼ਾ ਵਿਚ ਕੁਝ ਛੋਟ ਦਿੱਤੀ ਸੀ, ਜਿਸ ਨਾਲ ਉਸ ਨੂੰ 12 ਸਾਲ ਦੀ ਘੱਟੋ-ਘੱਟ ਜੇਲ੍ਹ ਦੀ ਮਿਆਦ ਨਾਲ ਉਮਰ ਕੈਦ ਮਿਲੀ ਸੀ। ਉਸ ਦੀ ਸਾਥੀ ਰੋਜ਼ੀ ਲੁਈਸ ਨੂੰ ਵੀ ਉਮਰ ਕੈਦ ਅਤੇ 11 ਸਾਲ ਦੀ ਘੱਟੋ-ਘੱਟ ਸਜ਼ਾ ਸੁਣਾਈ ਗਈ ਸੀ। ਕਾਰਾਊਰੀਆ ਦੇ ਵਕੀਲ ਨੇ 2023 ਦੇ ਇੱਕ ਨਵੇਂ ਅਦਾਲਤੀ ਫੈਸਲੇ ਦਾ ਹਵਾਲਾ ਦਿੰਦੇ ਹੋਏ ਸਜ਼ਾ ਘਟਾਉਣ ਦੀ ਮੰਗ ਕੀਤੀ ਸੀ। ਪਰ ਕੋਰਟ ਆਫ ਅਪੀਲ ਨੇ ਫੈਸਲਾ ਸੁਣਾਇਆ ਕਿ ਪਹਿਲੇ ਜੱਜ ਨੇ ਪਹਿਲਾਂ ਹੀ ਦੋਸ਼ੀ ਦੀ ਉਮਰ ਅਤੇ ਮਾਨਸਿਕ ਸਥਿਤੀ ’ਤੇ ਵਿਚਾਰ ਕਰ ਲਿਆ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਿਸ ਯੋਜਨਾਬੱਧ ਤਰੀਕੇ ਅਤੇ ਕਰੂਰਤਾ ਨਾਲ ਸੰਦੀਪ ਦਾ ਕਤਲ ਕੀਤਾ ਗਿਆ ਸੀ, ਉਸ ਵਿਚ ਉਮਰ ਕੈਦ ਤੋਂ ਘੱਟ ਸਜ਼ਾ ਦੇਣਾ ਨਾਇਨਸਾਫ਼ੀ ਹੋਵੇਗੀ। ਇਸ ਤੋਂ ਇਲਾਵਾ, ਅਦਾਲਤ ਨੇ ਸਜ਼ਾ ਤੋਂ 7 ਸਾਲ ਬਾਅਦ ਅਪੀਲ ਦਾਇਰ ਕਰਨ ਦੀ ਦੇਰੀ ਨੂੰ ਵੀ ਅਰਜ਼ੀ ਰੱਦ ਕਰਨ ਦਾ ਆਧਾਰ ਬਣਾਇਆ। ਵਰਨਣਯੋਗ ਹੈ ਕਿ ਸੰਦੀਪ ਧੀਮਾਨ ਖਰੜ ਨਾਲ ਸਬੰਧਿਤ ਸੀ।

Share this content:

Previous post

17 ਅਗਸਤ 2026 ਨੂੰ ਸ਼ਹੀਦੀ ਦਿਵਸ ‘ਤੇ ਵਿਸ਼ੇਸ਼ ; ਮਹਾਨ ਇਨਕਲਾਬੀ : ਸ਼ਹੀਦ ਮਦਨ ਲਾਲ ਢੀਂਗਰਾ/ਡਾ. ਚਰਨਜੀਤ ਸਿੰਘ ਗੁਮਟਾਲਾ

Next post

ਵਪਾਰਕ ਈਰਖਾ-ਸ਼ਰਮਨਾਕ ਕਰਤੂਤ ; ਹੈਮਿਲਟਨ ਸ਼ਹਿਰ ’ਚ ਭਾਰਤੀ ਮੂਲ ਦੇ ਸਚਿਨ ਧਮੀਜਾ ਦੀ ਦੁਕਾਨ ਨੂੰ ਈਰਖਾਲੂ ਵਪਾਰੀ ਬਣਾਇਆ ਨਿਸ਼ਾਨਾ

Post Comment