Loading Now

ਆਸ਼ੂ ਧੜਾ ਤੇ ਵੜਿੰਗ ਸਮਰਥਕ ਆਹਮੋ-ਸਾਹਮਣੇ

ਆਸ਼ੂ ਧੜਾ ਤੇ ਵੜਿੰਗ ਸਮਰਥਕ ਆਹਮੋ-ਸਾਹਮਣੇ

 ਲੁਧਿਆਣਾ, 27 ਨਵੰਬਰ-  ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਸੂਬੇ ਵਿੱਚ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਕਾਂਗਰਸ ਪਾਰਟੀ ਅੰਦਰਲੀ ਧੜੇਬੰਦੀ ਅਤੇ ਗੁੱਟਬਾਜ਼ੀ ਵੀ ਸਿਖਰਾਂ ’ਤੇ ਪਹੁੰਚ ਗਈ ਹੈ। ਲੁਧਿਆਣਾ ਦੀ ਸਿਆਸਤ ਵਿੱਚ ਕਾਂਗਰਸ ਸਪੱਸ਼ਟ ਤੌਰ ’ਤੇ ਦੋ ਧੜਿਆਂ ਵਿੱਚ ਵੰਡੀ ਨਜ਼ਰ ਆ ਰਹੀ ਹੈ। ਇੱਕ ਧੜੇ ਦੀ ਅਗਵਾਈ ਲੋਕ ਸਭਾ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰ ਰਹੇ ਹਨ, ਜਦਕਿ ਦੂਜੇ ਧੜੇ ਦੀ ਕਮਾਨ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਥਾਂ ਵਿੱਚ ਹੈ। ਪਹਿਲਾਂ ਇਹ ਖਿੱਚੋਤਾਣ ਸਿਰਫ਼ ਵੱਡੇ ਆਗੂਆਂ ਤੱਕ ਸੀਮਤ ਸੀ ਪਰ ਹੁਣ ਇਹ ਹੇਠਲੇ ਪੱਧਰ ’ਤੇ ਵਿਧਾਨ ਸਭਾ ਹਲਕਿਆਂ ਤੱਕ ਪਹੁੰਚ ਗਈ ਹੈ।

ਹਲਕਾ ਆਤਮ ਨਗਰ ਇਸ ਸਿਆਸੀ ਜੰਗ ਦਾ ਮੁੱਖ ਅਖਾੜਾ ਬਣਿਆ ਹੋਇਆ ਹੈ। ਇੱਥੇ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਮੰਨੇ ਜਾਂਦੇ ਕਮਲਜੀਤ ਸਿੰਘ ਕੜਵਲ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ, ਜਿਸ ਵਿੱਚ ਸਿਰਫ਼ ਆਸ਼ੂ ਧੜੇ ਦੇ ਆਗੂ ਹੀ ਸ਼ਿਰਕਤ ਕਰ ਰਹੇ ਹਨ। ਦੂਜੇ ਪਾਸੇ, ਰਾਜਾ ਵੜਿੰਗ ਦੇ ਖਾਸਮਖਾਸ ਮੰਨੇ ਜਾਂਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਇਸੇ ਹਲਕੇ ਵਿੱਚ ‘ਇਨਸਾਫ਼ ਯਾਤਰਾ’ ਕੱਢੀ ਜਾ ਰਹੀ ਹੈ, ਜਿਸ ਵਿੱਚ ਵੜਿੰਗ ਗੁੱਟ ਦੇ ਆਗੂ ਸ਼ਾਮਲ ਹੋਣਗੇ। ਇਸ ਤਰ੍ਹਾਂ ਦੋਵੇਂ ਵੱਡੇ ਆਗੂ ਆਪਣੇ-ਆਪਣੇ ਸਮਰਥਕਾਂ ਨੂੰ ਥਾਪੜਾ ਦੇ ਕੇ ਜ਼ਮੀਨੀ ਪੱਧਰ ’ਤੇ ਆਪਣੀ ਤਾਕਤ ਦਿਖਾ ਰਹੇ ਹਨ। ਦੋਵਾਂ ਧੜਿਆਂ ਦੀ ਇਸ ਆਪਸੀ ਖਿੱਚੋਤਾਣ ਕਾਰਨ ਹਲਕੇ ਦੇ ਆਮ ਕਾਂਗਰਸੀ ਵਰਕਰ ਭਾਰੀ ਦੁਬਿਧਾ ਵਿੱਚ ਹਨ ਕਿ ਉਹ ਕਿਸ ਦੇ ਸਮਾਗਮ ਵਿੱਚ ਜਾਣ ਅਤੇ ਕਿਸ ਤੋਂ ਦੂਰੀ ਬਣਾਉਣ। ਸਥਾਨਕ ਆਗੂਆਂ ਦਾ ਮੰਨਣਾ ਹੈ ਕਿ ਕੜਵਲ ਅਤੇ ਬੈਂਸ ਦੋਵੇਂ ਹੀ ਕੁਝ ਸਮਾਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਅਤੇ ਇਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਪਾਰਟੀ ਵਰਕਰਾਂ ਨਾਲੋਂ ਇਨ੍ਹਾਂ ਦੇ ਨਿੱਜੀ ਸਾਥੀ ਜ਼ਿਆਦਾ ਨਜ਼ਰ ਆ ਰਹੇ ਹਨ। ਫਿਲਹਾਲ ਜ਼ਿਆਦਾਤਰ ਟਕਸਾਲੀ ਕਾਂਗਰਸੀ ਚੁੱਪ ਬੈਠੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਜਿਸ ਨੂੰ ਵੀ ਟਿਕਟ ਦੇਵੇਗੀ, ਉਹ ਉਸ ਦਾ ਸਾਥ ਦੇਣਗੇ। ਸਿਆਸੀ ਮਾਹਿਰਾਂ ਅਨੁਸਾਰ, ਆਗੂਆਂ ਦੀ ਇਹ ਆਪਸੀ ਫੁੱਟ ਸਿੱਧੇ ਤੌਰ ’ਤੇ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ।

‘ਜਵਾਨੀ ਸੰਭਾਲ ਯਾਤਰਾ’ ’ਚ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ

ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ੁਰੂ ਕੀਤੀ ਗਈ ‘ਜਵਾਨੀ ਸੰਭਾਲ’ ਯਾਤਰਾ ਦੇ ਤਹਿਤ ਹਲਕਾ ਆਤਮ ਨਗਰ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਦੀ ਅਗਵਾਈ ਹੇਠ ਕੱਢੀ ਜਾ ਰਹੀ ਸਾਈਕਲ ਯਾਤਰਾ ਦੇ ਦੂਜੇ ਦਿਨ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅੱਜ ਦੀ ਸਾਈਕਲ ਯਾਤਰਾ ਵਾਰਡ ਨੰਬਰ 51 ਮਾਡਲ ਟਾਊਨ ਤੋਂ ਸ਼ੁਰੂ ਹੋਈ, ਜਿਸ ਵਿੱਚ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਰਾਣਾ ਗੁਰਜੀਤ ਸਿੰਘ ਅਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ ਅਤੇ ਇਸ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਅਸਫਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਅਤੇ ਸੂਬੇ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਨੂੰ ਹਲਕਾ ਆਤਮ ਨਗਰ ਦੇ ਲੋਕਾਂ ਵੱਲੋਂ ਮਿਲ ਰਿਹਾ ਭਰਵਾਂ ਸਮਰਥਨ ਇਸ ਗੱਲ ਦਾ ਸਬੂਤ ਹੈ ਕਿ ਲੋਕ ਮੌਜੂਦਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਉਹ ਹਲਕਾ ਆਤਮ ਨਗਰ ਦੀ ਸੰਗਤ, ਪਾਰਟੀ ਲੀਡਰਸ਼ਿਪ ਅਤੇ ਸਮੂਹ ਕਾਂਗਰਸੀ ਵਰਕਰਾਂ ਦੇ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਹੌਸਲਾ ਵਧਾਇਆ। ਇਸ ਮੌਕੇ ਬੀਬੀ ਰਣਦੀਪ ਕੌਰ ਟੌਹੜਾ ਨੇ ਵਿਸ਼ੇਸ਼ ਸਹਿਯੋਗ ਦਿੱਤਾ, ਉਨ੍ਹਾਂ ਤੋਂ ਇਲਾਵਾ ਹਲਕਾ ਦੱਖਣੀ ਜੋ ਕਾਂਗਰਸ ਇੰਚਾਰਜ ਈਸ਼ਵਰ ਜੋਤ ਸਿੰਘ ਚੀਮਾ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਗੋਪੀ ਗਿੱਲ, ਸਨੀ ਦੁਰਗਾ, ਰਣਜੀਤ ਸਿੰਘ ਉੱਬੀ, ਅਨਮੋਲ ਦੱਤ, ਏਕਨੂਰ ਕੜਵਲ, ਰਾਜਪਾਲ ਗੁਲਾਟੀ, ਸੁਖਵਿੰਦਰ ਸਿੰਘ ਹੈਪੀ ਕੋਚੜ, ਬਲਵਿੰਦਰ ਸਿੰਘ ਕੋਕਰੀ, ਨੀਟਾ ਸ਼ਰਮਾ, ਮਨਦੀਪ ਸਿੰਘ, ਹਰਜੀਤ ਸਿੰਘ, ਸੁਖਮਨ ਪੰਧੇਰ, ਜਸਵਿੰਦਰ ਸਿੰਘ ਸ਼ੰਮੀ, ਅਭਿਸ਼ੇਕ ਸ਼ਰਮਾ, ਜਸਵਿੰਦਰ ਸਿੰਘ ਰਾਜਾ, ਮਨਿੰਦਰ ਮਨੀ, ਤਿੰਦੀ ਪੰਧੇਰ, ਟੋਨੀ ਸ਼ਰਮਾ, ਸੁਖਬੀਰ ਸਿੰਘ ਆਦਿ ਮੌਜੂਦ ਸਨ।

 

Share this content:

Post Comment