Loading Now

ਆਸਟਰੇਲੀਆ ਦੇ ਪ੍ਰਸਿੱਧ ਮਾਹਿਰ ਪ੍ਰੋ. ਜੌਨ ਬਲੈਕਵੈੱਲ ਨੇ ਪੀ.ਏ.ਯੂ. ਦਾ ਦੌਰਾ ਕੀਤਾ

ਆਸਟਰੇਲੀਆ ਦੇ ਪ੍ਰਸਿੱਧ ਮਾਹਿਰ ਪ੍ਰੋ. ਜੌਨ ਬਲੈਕਵੈੱਲ ਨੇ ਪੀ.ਏ.ਯੂ. ਦਾ ਦੌਰਾ ਕੀਤਾ

ਲੁਧਿਆਣਾ,24 ਨਵੰਬਰ-  ਕੌਮਾਂਤਰੀ ਖੇਤੀਬਾੜੀ ਖੋਜ ਕੇਂਦਰ ਆਸਟਰੇਲੀਆ ਦੇ ਮਾਹਿਰ ਪ੍ਰੋ. ਜੌਨ ਬਲੈਕਵੈੱਲ ਨੇ ਪੀ ਏ ਯੂ ਦਾ ਦੌਰਾ ਕਰ ਕੇ ਉਪ ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਮਾਹਿਰਾਂ ਨੇ ਪੰਜਾਬ ਵਿੱਚ ਪਰਾਲੀ ਦੀ ਸਾਂਭ-ਸੰਭਾਲ ਅਤੇ ਕਿਸਾਨਾਂ ਵਿੱਚ ਹੈਪੀ ਸੀਡਰ ਤਕਨਾਲੋਜੀ ਅਪਣਾਉਣ ਦੇ ਪ੍ਰਭਾਵਾਂ ਬਾਰੇ ਗੱਲਬਾਤ ਕੀਤੀ। ਬਲੈਕਵੈੱਲ ਨੇ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਦੀ ਵਾਤਾਵਰਨ ਪੱਖੀ ਸੰਭਾਲ ਰਾਹੀਂ ਮਿੱਟੀ ਵਿੱਚ ਪਰਾਲੀ ਵਾਹੁਣ ਵਾਲੇ ਕਿਸਾਨਾਂ ਨੂੰ ਸਿੱਧੇ ਲਾਭ ਦੇਣ ਦਾ ਢੁਕਵਾਂ ਪ੍ਰਬੰਧ ਉਸਾਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਾਲੀ ਦੀਆਂ ਗੰਢਾਂ ਬਣਾ ਕੇ ਸੰਭਾਲ ਕਰਨੀ ਲੰਮੇ ਸਮੇਂ ਤੱਕ ਜ਼ਮੀਨ ਦੀ ਸਿਹਤ ਲਈ ਲਾਹੇਵੰਦ ਹੱਲ ਨਹੀਂ ਹੈ।

ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਪੀ ਏ ਯੂ ਦੀਆਂ ਖੋਜਾਂ ਮੁਤਾਬਕ ਮਿੱਟੀ ਦੀ ਸਿਹਤ ਅਤੇ ਪੋਸ਼ਕ ਤੱਤਾਂ ਵਿੱਚ ਸੁਧਾਰ ਲਈ ਪਰਾਲੀ ਨੂੰ ਖੇਤ ਵਿੱਚ ਸੰਭਾਲਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਯੂਨੀਵਰਸਿਟੀ ਦੇ ਮਾਹਿਰ ਲਗਾਤਾਰ ਖੋਜ ਵਿੱਚ ਡਟੇ ਹੋਏ ਹਨ ਅਤੇ ਪਸਾਰ ਕਰਮੀਆਂ ਨੇ ਵੀ ਮਸ਼ੀਨਰੀ ਦੀ ਵਰਤੋਂ ਦੇ ਲਾਹੇਵੰਦ ਪੱਖਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਮਿੱਟੀ ਵਿੱਚ ਜੈਵਿਕ ਅਤੇ ਕਾਰਬਨ ਮਾਦੇ ਦੇ ਵਾਧੇ ਲਈ 6 ਸਾਲ ਦੇ ਵਕਫ਼ੇ ਵਾਸਤੇ ਪਰਾਲੀ ਖੇਤ ਵਿੱਚ ਸੰਭਾਲਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਸਗੋਂ ਖਾਦਾਂ ਦਾ ਖ਼ਰਚਾ ਵੀ ਲਗਭਗ ਚੌਥੇ ਹਿੱਸੇ ਤੱਕ ਘਟ ਜਾਂਦਾ ਹੈ। ਡਾ. ਹਰਮਿੰਦਰ ਸਿੰਘ ਸਿੱਧੂ ਨੇ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਦੇ ਖੇਤਰ ਵਿੱਚ ਕੀਤੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।

Share this content:

Post Comment