Loading Now

ਆਪ’ ਦੇ ਸੱਤਾ ਸੰਭਾਲਣ ਪਿੱਛੋਂ ਕਿਵੇਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ

ਆਪ’ ਦੇ ਸੱਤਾ ਸੰਭਾਲਣ ਪਿੱਛੋਂ ਕਿਵੇਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ

ਚੰਡੀਗੜ੍ਹ, 27 ਅਕਤੂਬਰ – 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਕਈ ਹਾਈ-ਪ੍ਰੋਫਾਈਲ ਕਤਲਾਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਵੱਡੀ ਰਾਜਨੀਤਕ ਬਹਿਸ ਨੂੰ ਜਨਮ ਦਿੱਤਾ ਹੈ। ਸਭ ਤੋਂ ਤਾਜ਼ਾ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਹੈ, ਜਿਸ ਨੇ ਨੈਸ਼ਨਲ ਪੱਧਰ ‘ਤੇ ਕਾਨੂੰਨ ਵਿਵਸਥਾ ‘ਤੇ ਧਿਆਨ ਖਿੱਚਿਆ ਹੈ।

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ

ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਭ ਤੋਂ ਪਹਿਲਾ ਹਮਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨਾਲ ਹੋਇਆ। ਇਹ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 16 ਮਾਰਚ ਤੋਂ ਠੀਕ ਪਹਿਲਾਂ 14 ਮਾਰਚ ਨੂੰ ਵਾਪਰੀ, ਜਿਸ ਨੇ ਕਾਨੂੰਨ ਵਿਵਸਥਾ ਨੂੰ ਲੀਹੋਂ ਲਾਹ ਕੇ ਰੱਖਣ ਦੀ ਸ਼ੁਰੂਆਤ ਕਰ ਦਿੱਤੀ। ਅੰਬੀਆਂ ਨੂੰ ਉਦੋਂ ਗੋਲੀਆਂ ਮਾਰੀਆਂ ਗਈਆਂ, ਜਦੋਂ ਉਸ ਨੇ ਜਲੰਧਰ ਦੇ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਟੂਰਨਾਮੈਂਟ ‘ਚ ਸ਼ਿਰਕਤ ਕੀਤੀ ਸੀ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਕੌਸ਼ਲ ਚੌਧਰੀ-ਅਮਿਤ ਡਾਗਰ ਗੈਂਗ ਨਾਲ ਜੁੜੇ ਲੋਕਾਂ ਦੀ ਭੂਮਿਕਾ ਸਾਹਮਣੇ ਆਉਣ ਦੀ ਗੱਲ ਕਹੀ ਸੀ। ਹਾਲਾਂਕਿ, ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਜ਼ਿੰਮੇਵਾਰੀ ਲੈਣ ਦਾ ਵੀ ਦਾਅਵਾ ਕੀਤਾ ਸੀ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ

ਉਪਰੰਤ, ਵੱਡਾ ਝਟਕਾ 29 ਮਈ, 2022 ਨੂੰ ਆਇਆ, ਜਦੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਦਿੱਤੀ ਗਈ। ਸੂਬਾ ਸਰਕਾਰ ਵੱਲੋਂ ਸੁਰੱਖਿਆ ਕਵਰ ਵਾਪਸ ਲੈਣ ਤੋਂ ਇੱਕ ਦਿਨ ਬਾਅਦ ਮੂਸੇਵਾਲਾ ‘ਤੇ ਹਮਲਾ ਕੀਤਾ ਗਿਆ। ਇਹ ਮਾਮਲਾ ਅਜੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ, ਭਾਵੇਂ ਕਿ ਪੁਲਿਸ ਨੇ 29 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਮੁਕੱਦਮੇ ਦੀ ਸੁਣਵਾਈ ਅਜੇ ਵੀ ਸ਼ਿਕਾਇਤਕਰਤਾ, ਗਾਇਕ ਦੇ ਪਿਤਾ ਦੀ ਸੁਣਵਾਈ ਅਧੀਨ ਸੀ। ਇਸ ਕਤਲ ਲਈ ਵਿਰੋਧੀਆਂ ਵੱਲੋਂ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸਵਾਲ ਚੁੱਕੇ ਸਨ ਕਿ ਕਿਵੇਂ ਗਾਇਕ ਦੀ ਸੁਰੱਖਿਆ ਵਾਪਸੀ ਦੀ ਖ਼ਬਰ ਲੀਕ ਹੋਈ ?

ਹਿੰਦੂ ਲੀਡਰ ਸੂਰੀ ਦਾ ਕਤਲ

ਅਜੇ ਕੁੱਝ ਮਹੀਨੇ ਹੀ ਲੰਘੇ ਸਨ ਕਿ 4 ਨਵੰਬਰ, 2022 ਨੂੰ ਹਿੰਦੂ ਸੱਜੇ-ਪੱਖੀ ਲੀਡਰ ਸੁਧੀਰ ਸੂਰੀ ਦੀ ਅੰਮ੍ਰਿਤਸਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੂੰ ਇੱਕ ਮੰਦਿਰ ਦੇ ਬਾਹਰ ਧਰਨੇ ਦੌਰਾਨ ਗੋਲੀ ਮਾਰੀ ਗਈ। ਹਾਲਾਂਕਿ, ਮੁਲਜ਼ਮ ਨੂੰ ਮੌਕੇ ‘ਤੇ ਹੀ ਫੜ ਲਿਆ ਗਿਆ ਸੀ, ਪਰ ਲਗਭਗ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਫੈਸਲਾ ਨਹੀਂ ਆਇਆ ਹੈ।

ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ

ਇਸ ਪਿੱਛੋਂ, 9 ਅਕਤੂਬਰ 2024 ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਤ ਸਕੱਤਰ ਰਹੇ ਅਤੇ ਦੀਪ ਸਿੱਧੂ ਦੇ ਕਰੀਬੀ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਅਕਤੂਬਰ 2024 ਵਿਚ ਉਸ ਦੇ ਪਿੰਡ ਵਿੱਚ ਹੀ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਅਰਸ਼ ਡੱਲਾ, ਇਸ ਕਤਲਕਾਂਡ ਦਾ ਮਾਸਟਰਮਾਈਂਡ ਨਿਕਲਿਆ ਸੀ। ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੀ ਇੱਕ ਕਥਿਤ ਪੋਸਟ ਵੀ ਵਾਇਰਲ ਹੋਈ ਸੀ, ਜਿਸ ‘ਚ ਗੋਲਡੀ ਢਿੱਲੋਂ ਅਤੇ ਜੱਗਾ ਤਰਨਤਾਰਨ ਨੇ ਜ਼ਿੰਮੇਵਾਰੀ ਲਈ ਸੀ। ਪੁਲਿਸ ਵੱਲੋਂ ਅਜੇ ਵੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

ਪਰਵਿੰਦਰ ਸਿੰਘ ਝੋਟਾ ਦਾ ਕਤਲ

ਪਰਵਿੰਦਰ ਸਿੰਘ ਝੋਟਾ, ਦਾ ਕਤਲ 13 ਅਕਤੂਬਰ ਨੂੰ ਉਦੋਂ ਕੀਤਾ ਗਿਆ, ਜਦੋਂ ਉਹ ਮੈਡੀਕਲ ਨਸ਼ੇ ਖਿਲਾਫ਼ ਲੜਾਈ ਲੜ ਰਿਹਾ ਸੀ। ਮਾਨਸਾ ‘ਚ ਉਸ ਨੂੰ ਮੁਲਜ਼ਮ ਅਸਵਨੀ ਕੁਮਾਰ ਨੇ ਬਿਨਾਂ ਕਿਸੇ ਡਰ ਤੋਂ ਚਿੱਟੇ ਦਿਨ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਿਆ। ਕਤਲ ਨੂੰ ਲੈ ਕੇ ਲੋਕਾਂ ‘ਚ ਰੋਹ ਭਖਿਆ, ਜਿਸ ਤੋਂ ਬਾਅਦ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ। ਇਸ ਕਤਲ ਨੇ ਪੰਜਾਬ ‘ਚ ਖਰਾਬ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਇੱਕ ਤਰ੍ਹਾਂ ਨਾਲ ਉਜਾਗਰ ਕਰਕੇ ਰੱਖ ਦਿੱਤਾ। 2022 ‘ਚ ਆਮ ਆਦਮੀ ਪਾਰਟੀ ਦੇ ਸੱਤਾ ਸੰਭਾਲਣ ਤੋਂ ਬਾਅਦ ਵਿਗੜੀ ਕਾਨੂੰਨ ਵਿਵਸਥਾ 2027 ਚੋਣਾਂ ਦੇ ਬੂਹੇ ਆਉਣ ਤੱਕ ਵੀ ਜਾਰੀ ਹੈ। ਵਿਰੋਧੀ ਧਿਰਾਂ ਵੱਲੋਂ ਪੰਜਾਬ ‘ਚ ਕਤਲਾਂ, ਇਥੋਂ ਤੱਕ ਕਿ ਪੁਲਿਸ ਥਾਣਿਆਂ ‘ਤੇ ਹਮਲਿਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਘੇਰਿਆ ਗਿਆ ਅਤੇ ਅਸਤੀਫੇ ਦੀ ਵੀ ਮੰਗ ਕੀਤੀ ਗਈ। ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਭ ਨੂੰ ਅੱਖੋਂ-ਪਰੋਖੇ ਕੀਤਾ ਗਿਆ, ਪਰੰਤੂ 2027 ਚੋਣਾਂ ਤੋਂ ਪਹਿਲਾਂ ਅਤੇ ਆਮ ਆਦਮੀ ਪਾਰਟੀ ਦੀ ਸੱਤਾ ਦੇ ਆਖਰੀ ਸਾਲ ਵਿੱਚ ਵਾਪਰੀਆਂ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ, ਜਿਸ ਨਾਲ ਵਿਰੋਧੀ ਧਿਰਾਂ ਇੱਕ ਵਾਰ ਮੁੜ ਹਮਲਾਵਰ ਹੋ ਗਈਆਂ ਹਨ, ਜੋ ਆਮ ਆਦਮੀ ਪਾਰਟੀ ਲਈ ਚਿੰਤਾ ਦਾ ਸਬੱਬ ਵੀ ਹੈ।

Share this content:

Post Comment